ਮਾਮਲਾ ਸਕੂਲ ਦੇ ਹੋਸਟਲ ਦੀਆਂ ਦੋ ਵਿਦਿਆਰਥਣਾਂ ਦੀ ਅਚਨਚੇਤ ਗੁੰਮਸੁਦਗੀ ਦਾ

  • ਪਿੰਡ ਵਾਸੀਆਂ ਦੇ ਸੰਘਰਸ ਸਦਕਾ ਹੋਸਟਲ ਵਾਰਡਨ ਤੇ ਕੁੱਕ ਬਰਖਾਸਤ

òÖ

ਬਠਿੰਡਾ/ 13 ਅਗਸਤ — ਸਰਕਾਰੀ ਸਕੂਲ ਦੇ ਹੋਸਟਲ ਚੋਂ ਕੁਝ ਘੰਟਿਆਂ ਗੁੰਮਸੁਦਗੀ ਖਿਲਾਫ ਪਿੰਡ ਮੰਡੀ ਕਲਾਂ ਦੇ ਲੋਕਾਂ ਵੱਲੋਂ ਵਿੱਢੇ ਸੰਘਰਸ ਦੇ ਨਤੀਜੇ ਵਜੋਂ ਭਾਵੇਂ ਸਿੱਖਿਆ ਵਿਭਾਗ ਨੂੰ ਸਕੂਲ ਦੀ ਕੁੱਕ ਅਤੇ ਹੋਸਟਲ ਵਾਰਡਨ ਨੂੰ ਨੌਕਰੀ ਤੋਂ ਬਰਖਾਸਤ ਕਰਨ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪੈ ਗਿਆ, ਬਾਵਜੂਦ ਇਸਦੇ ਲੋਕ ਕਥਿਤ ਦੋਸੀਆਂ ਖਿਲਾਫ ਮੁਕੱਦਮਾ ਦਰਜ ਕਰਵਾਉਣ ਲਈ ਅੜੇ ਹੋਏ ਹਨ।
ਮਾਮਲਾ ਕੁੱਝ ਇਸ ਤਰ੍ਹਾਂ ਹੈ ਕਿ ਪਿੰਡ ਮੰਡੀ ਕਲਾਂ ਦੇ ਸਰਕਾਰੀ ਸਕੂਲ ਵਿਖੇ ਦੂਰ ਦੁਰੇਡੇ ਤੋਂ ਪੜ੍ਹਾਈ ਲਈ ਦਾਖ਼ਲ ਲੜਕੀਆਂ ਵਾਸਤੇ ਹੋਸਟਲ ਦਾ ਪ੍ਰਬੰਧ ਕੀਤਾ ਹੋਇਆ ਹੈ, ਜਿਸਨੂੰ ਚਲਾਉਣ ਦੀ ਜੁਮੇਵਾਰੀ ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਮੋਢਿਆਂ ਤੇ ਹੈ। 10 ਅਗਸਤ ਦੀ ਸਾਮ ਨੂੰ ਇਸ ਹੋਸਟਲ ਦੀਆਂ ਦੋ ਲੜਕੀਆਂ, ਜੋ ਦਸਵੀਂ ਦੀਆਂ ਵਿਦਿਆਰਥਣਾ ਹਨ, ਅਚਨਚੇਤ ਗੁੰਮ ਹੋ ਗਈਆਂ, ਜੇਕਰ ਉਹਨਾਂ ਚੋਂ ਇੱਕ ਦੀ ਭੈਣ ਇਸ ਪਿੰਡ ਵਿੱਚ ਸਾਦੀ ਸੁਦਾ ਨਾ ਹੁੰਦੀ ਤਾਂ ਇਸ ਗੁੰਮਸੁਦਗੀ ਦਾ ਕਿਸੇ ਨੂੰ ਪਤਾ ਵੀ ਨਹੀਂ ਸੀ ਲੱਗਣਾ।
ਇਸ ਪਿੰਡ ਦੇ ਵਸਨੀਕ ਕੁਲਦੀਪ ਸਿੰਘ ਨੇ ਦੱਸਿਆ ਕਿ ਅਚਨਚੇਤ ਜਦ ਉਸਦੀ ਪਤਨੀ ਨੇ ਆਪਣੀ ਭੈਣ ਦਾ ਹਾਲ ਚਾਲ ਜਾਣਨ ਲਈ ਫੋਨ ਕੀਤਾ ਤਾਂ ਪਤਾ ਲੱਗਾ ਕਿ ਉਹ ਹੋਸਟਲ ਵਿੱਚ ਨਹੀਂ ਹੈ। ਨਤੀਜੇ ਵਜੋਂ ਉਸਨੇ ਨਗਰ ਪੰਚਾਇਤ ਦੇ ਮੌਜੂਦਾ ਕੌਂਸਲਰ ਸ੍ਰੀ ਜਗਜੀਤ ਸਿੰਘ ਨਾਲ ਸੰਪਰਕ ਕਰਕੇ ਜਦ ਇਸ ਸਬੰਧੀ ਜਾਣਕਾਰੀ ਦਿੱਤੀ ਤਾਂ ਉਹ ਪਿੰਡ ਦੇ ਕੁਝ ਹੋਰ ਮੋਹਤਬਰਾਂ ਨੂੰ ਨਾਲ ਲੈ ਕੇ ਰਾਤ ਦੇ ਸਮੇਂ ਹੀ ਸਕੂਲ ਚਲੇ ਗਏ। ਕਿਉਂਕਿ ਇਸ ਘਟਨਾਕ੍ਰਮ ਦਾ ਪਿੰਡ ਵਿੱਚ ਕਾਫ਼ੀ ਰੌਲਾ ਪੈ ਗਿਆ ਸੀ, ਇਸ ਲਈ ਰਾਤ ਦੇ 9 ਕੁ ਵਜੇ ਪ੍ਰਿਸੀਪਲ ਨਿਰਮਲ ਸਿੰਘ ਤੇ ਵਾਇਸ ਪ੍ਰਿਸੀਪਲ ਪ੍ਰੀਤਮ ਸਿੰਘ ਵੀ ਮੌਕੇ ਤੇ ਪਹੁੰਚ ਗਏ।
ਕੌਂਸਲਰ ਜਗਜੀਤ ਸਿੰਘ ਅਨੁਸਾਰ ਪਿੰਡ ਵਾਸੀਆਂ ਦੀ ਮੰਗ ਤੇ ਹੋਸਟਲ ਦਾ ਦੌਰਾ ਕਰਨ ਉਪਰੰਤ ਪ੍ਰਿਸੀਪਲ ਨੇ ਜਦ ਲੜਕੀਆਂ ਦੇ ਗਾਇਬ ਹੋਣ ਦੀ ਪੁਸਟੀ ਕਰ ਦਿੱਤੀ ਤਾਂ ਉਹਨਾਂ ਇਸ ਸਬੰਧੀ ਲਿਖਤੀ ਤੌਰ ਤੇ ਦੇਣ ਲਈ ਕਿਹਾ, ਲੇਕਿਨ ਦੋਵਾਂ ਅਧਿਕਾਰੀਆਂ ਨੇ ਅਸਮਰੱਥਤਾ ਜਾਹਰ ਕੀਤੀ। ਪੱਤਰਕਾਰਾਂ ਵੱਲੋਂ ਪੁੱਛਣ ਤੇ ਕੁੱਕ ਪਰਮਜੀਤ ਕੌਰ ਨੇ ਮੰਨਿਆਂ ਕਿ ਮਾਪਿਆਂ ਵੱਲੋਂ ਦਿੱਤੀ ਇਜਾਜਤ ਮੁਤਾਬਿਕ ਉਹ ਦੋਵਾਂ ਕੁੜੀਆਂ ਨੂੰ ਨਾ ਸਿਰਫ ਉਸ ਦਿਨ ਹੀ ਆਪਣੇ ਘਰ ਲੈ ਕੇ ਗਈ ਸੀ, ਬਲਕਿ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੀ ਹੈ।

òÖÖ
ਦੋ ਦਿਨ ਬੀਤਣ ਦੇ ਬਾਵਜੂਦ ਵੀ ਜਦ ਸਿੱਖਿਆ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਪਿੰਡ ਦੇ ਲੋਕਾਂ ਨੇ ਅੱਜ ਸਕੂਲ ਸਾਹਮਣੇ ਧਰਨਾ ਲਾ ਦਿੱਤਾ। ਇਸ ਧਰਨੇ ਦੀਆਂ ਖ਼ਬਰਾਂ ਜਿਲ੍ਹਾ ਹੈੱਡਕੁਆਟਰ ਤੇ ਵੀ ਪੁੱਜ ਗਈਆਂ। ਜਿਸਦੀ ਬਦੌਲਤ ਅਧਿਕਾਰੀਆਂ ਨੇ ਪੜਤਾਲ ਲਈ ਡਿਪਟੀ ਡੀ ਈ ਓ ਭੁਪਿੰਦਰ ਕੌਰ ਨੂੰ ਮੌਕੇ ਤੇ ਭੇਜ ਦਿੱਤਾ। ਪਿੰਡ ਵਾਸੀਆਂ ਅਨੁਸਾਰ ਸੁਰੂ ਸੁਰੂ ਵਿੱਚ ਜਾਂਚ ਅਧਿਕਾਰੀ ਦਾ ਰਵੱਈਆ ਸਕੂਲ ਦੇ ਪ੍ਰਬੰਧਕਾਂ ਦੇ ਪੱਖ ਵਿੱਚ ਜਾਪਿਆ, ਇਸ ਲਈ ਜਦ ਉਹਨਾਂ ਖਿਲਾਫ ਹੀ ਨਾਅਰੇਬਾਜੀ ਸੁਰੂ ਹੋ ਗਈ ਤਾਂ ਉਹਨਾਂ ਆਪਣਾ ਪੈਂਤੜਾ ਤਬਦੀਲ ਕਰ ਲਿਆ।
ਲੰਬੀ ਚੌੜੀ ਪੁੱਛ ਪੜਤਾਲ ਕਰਨ ਉਪਰੰਤ ਡਿਪਟੀ ਡੀ ਈ ਓ ਨੇ ਕੁੱਕ ਪਰਮਜੀਤ ਕੌਰ ਅਤੇ ਹੋਸਟਲ ਵਾਰਡਨ ਅਮਨਦੀਪ ਕੌਰ ਨੂੰ ਤੁਰੰਤ ਪ੍ਰਭਾਵ ਨਾਲ ਨੌਕਰੀ ਤੋਂ ਬਰਖਾਸਤ ਕਰਨ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਤੋਂ ਮਤਾ ਪਾਸ ਕਰਵਾ ਲਿਆ। ਹਾਲਾਂਕਿ ਪਿੰਡ ਵਾਸੀਆਂ ਵੱਲੋਂ ਇਸ ਘਟਨਾਕ੍ਰਮ ਨੂੰ ਸਕੂਲ ਦੇ ਇੱਕ ਅਧਿਆਪਕ, ਕੁੱਕ ਅਤੇ ਉਸਦੇ ਘਰਵਾਲੇ ਦੀ ਦੁਰਭਾਵਨਾ ਨਾਲ ਜੋੜ ਕੇ ਪੇਸ ਕੀਤਾ ਜਾ ਰਿਹਾ ਹੈ, ਲੇਕਿਨ ਡਿਪਟੀ ਡੀ ਈ ਓ ਭਾਵੇਂ ਇਸਨੂੰ ਗੰਭੀਰ ਅਪਰਾਧ ਦੀ ਬਜਾਏ ਸਿਰਫ ਇੱਕ ਕੁਤਾਹੀ ਵਜੋਂ ਪੇਸ਼ ਰਹੀ ਹੈ, ਪਰ ਨਾਲ ਇਹ ਵੀ ਕਹਿ ਰਹੀ ਹੈ ਕਿ ਮਾਮਲੇ ਦੀ ਹੋਰ ਵੀ ਡੂੰਘਾਈ ਨਾਲ ਪੜਤਾਲ ਕੀਤੀ ਜਾਵੇਗੀ।
ਦੂਜੇ ਪਾਸੇ ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਜਾਂਚ ਅਧਿਕਾਰੀ ਆਪਣੇ ਵਿਭਾਗੀ ਕਰਮਚਾਰੀਆਂ ਨੂੰ ਬਚਾਉਣ ਲਈ ਗੋਂਗਲੂਆਂ ਤੋਂ ਮਿੱਟੀ ਝਾੜਣ ਤੇ ਲੱਗੀ ਹੋਈ ਹੈ, ਇਸ ਲਈ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸਬੰਧੀ ਪੁਲਿਸ ਕੋਲ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇ।

(ਬੀ ਐੱਸ ਭੁੱਲਰ)

bhullarbti@gmail.com

Install Punjabi Akhbar App

Install
×