ਪਿੰਡ ਮੋਰਾਂਵਾਲੀ ਦੀਆਂ ਦੋ ਭੈਣਾ ਦੀ ਪੀਪੀਐੱਸਈ ਦੀ ਇੰਟਰਵਿਊ ‘ਚ ਸ਼ਾਨਦਾਰ ਸਫ਼ਲਤਾ ਸਦਕਾ ਖੁਸ਼ੀ ਦੀ ਲਹਿਰ

ਫਰੀਦਕੋਟ, 31 ਜੁਲਾਈ :- ਨੇੜਲੇ ਪਿੰਡ ਮੋਰਾਂਵਾਲੀ ਦੀਆਂ ਦੋ ਭੈਣਾਂ ਸੁਖਵਿੰਦਰઠਕੌਰ ਅਤੇ ਮਨਦੀਪ ਕੌਰ ਨੇ ਏ.ਡੀ.ਓ. ਦੀ ਪੋਸਟ ਹਿੱਤ ‘ਪੀ.ਪੀ.ਅੱੈਸ.ਈ.’ ਦੀ ਇੰਟਰਵਿਊ ‘ਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਦੇਵਿੰਦਰ ਸੈਫ਼ੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਭੈਣਾ ਨੇ ਪਿੰਡ ਦੇ ਹੀ ਸਰਕਾਰੀ ਸਕੂਲ ‘ਚੋਂ ਮੁੱਢਲੀ ਵਿੱਦਿਆ ਲੈ ਕੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐਸ.ਸੀ. ਐਗਰੀਕਲਚਰ ਦੀ ਡਿਗਰੀ ਪ੍ਰਾਪਤ ਕੀਤੀ ਤੇ ਨਾਲ-ਨਾਲ ਉੱਤਮ ਜੀਵਨ ਤੇ ਸਖ਼ਤ ਘਾਲਣਾ ਵਾਲੀਆਂ ਪੁਸਤਕਾਂ ਪੜ੍ਹਦਿਆਂ ਇਨ੍ਹਾਂ ਨੇ ਸ਼ਾਨਦਾਰ ਸਫ਼ਲਤਾ ਪ੍ਰਾਪਤ ਕੀਤੀ। ਇਸ ਸਫ਼ਲਤਾ ਬਾਰੇ ਸੁਣ ਕੇ ਪਿੰਡ ਦੇ ਸਰਕਾਰੀ ਸਕੂਲ ਦਾ ਸਟਾਫ਼ ਉਚੇਚੇ ਤੌਰ ‘ਤੇ ਵਧਾਈ ਦੇਣ ਪਹੁੰਚਿਆ। ਲੜਕੀਆਂ ਦੇ ਪਿਤਾ ਸੁਖਦੇਵ ਸਿੰਘ ਅਤੇ ਮਾਤਾ ਜਗਦੀਸ਼ ਕੌਰ ਨੇ ਇਨ੍ਹਾਂ ਦੇ ਸੰਘਰਸ਼ ਅਤੇ ਮਿਹਨਤ ਸਬੰਧੀ ਸਖ਼ਤ ਤਜਰਬੇ ਸਾਂਝੇ ਕੀਤੇ। ਭਾਈ ਗੁਰਤਰਨ ਸਿੰਘ ਨੇ ਦੋਹਾਂ ਭੈਣਾ ਦੇ ਦੂਜੇ ਅਤੇ 8ਵੇਂ ਰੈਂਕ ਬਾਰੇ ਦੱਸਦਿਆਂ ਉਨਾਂ ਦੇ ਚੰਗੇਰੇ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਰਾਮ ਮੁਹੰਮਦ ਸਿੰਘ ਆਜਾਦ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅਸ਼ੌਕ ਕੌਸ਼ਲ ਸਮੇਤ ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ ਅਤੇ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਵੀ ਉਕਤ ਲੜਕੀਆਂ ਤੇ ਉਨਾ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਇਸ ਸਮੇਂ ਲੜਕੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਟਾਫ਼ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਉਨਾਂ ਦਾ ਮੁੱਢਲਾ ਅਧਾਰ ਇਸ ਸਕੂਲ ਦੇ ਅਧਿਆਪਕਾਂ ਵਲੋਂ ਹੀ ਬਣਾਇਆ ਗਿਆ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸਰਪੰਚ ਜਸਵੰਤ ਸਿੰਘ, ਪ੍ਰਿੰਸੀਪਲ ਵਰਿੰਦਰ ਸਲਹੋਤਰਾ, ਮੈਡਮ ਸੁਰਿੰਦਰ ਕੌਰ, ਸੁਰਜੀਤ ਕੌਰ, ਜਸਵੀਰ ਸਿੰਘ, ਰਾਮ ਸਿੰਘ ਆਦਿ ਨੇ ਉਚੇਚੀ ਵਧਾਈ ਦਿੱਤੀ।