ਮਰਡੋਕ ਮੀਡੀਆ ਦੇ ਖ਼ਿਲਾਫ਼ ਕੈਵਿਨ ਰੁਡ ਦੀ ਪਟੀਸ਼ਨ ਆਈ ਪਾਰਲੀਮੈਂਟ ਵਿੱਚ -ਅੱਧਾ ਮਿਲੀਅਨ ਲੋਕਾਂ ਦੇ ਹਸਤਾਖ਼ਰ

ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮੈਲਕਮ ਟਰਨਬੁਲ ਦਾ ਵੀ ਸਮਰਥਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਮਰਡੋਕ ਮੀਡੀਆ ਦੇ ਖ਼ਿਲਾਫ਼, ਸਾਬਕਾ ਪ੍ਰਧਾਨ ਮੰਤਰੀ ਸ੍ਰੀ ਕੈਵਿਨ ਰੁਡ ਵੱਲੋਂ ਚੁੱਕੇ ਗਈ ਆਵਾਜ਼ ਹੁਣ ਅਮਲੀ ਜਾਮਾ ਪਹਿਨਦਿਆਂ ਸਾਫ ਦਿਖਾਈ ਦੇਣ ਲੱਗੀ ਹੈ ਕਿਉਂਕਿ 5 ਲੱਖ ਲੋਕਾਂ ਦੇ ਹਸਤਾਖਰਾਂ ਵਾਲੀ ਉਕਤ ਪਟੀਸ਼ਨ ਹੁਣ ਪਾਰਲੀਮੈਂਟ ਦੀ ਮੇਜ਼ ਤੇ ਪਹੁੰਚ ਚੁਕੀ ਹੈ ਅਤੇ ਇਸ ਦਾ ਸਮਰਥਨ ਇੱਕ ਹੋਰ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਮੈਲਕਮ ਟਰਨਬੁਲ ਵੀ ਕਰ ਰਹੇ ਹਨ। ਦੋਹਾਂ ਦਾ ਕਹਿਣਾ ਅਤੇ ਮੰਨਣਾ ਹੈ ਕਿ ਆਸਟ੍ਰੇਲੀਆ ਵਰਗੇ ਬਹੁ-ਸਭਿਅਕ ਅਤੇ ਬਹੁ-ਭਾਸ਼ਾਈ ਦੇਸ਼ ਨੂੰ ਅਮਰੀਕਾ ਦੀ ਤਰਜ਼ ਉਪਰ ਵੰਡੀਆਂ ਪਾਉਣ ਵਿੱਚ ਉਕਤ ਮੀਡੀਆ ਨੇ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਵਾਸਤੇ ਰਪਰਟ ਮਰਡੋਕ ਸਿੱਧੇ ਤੌਰ ਉਪਰ ਜ਼ਿੰਮੇਵਾਰ ਹਨ। ਸ੍ਰੀ ਟਰਨਬੁਲ ਨੇ ਤਾਂ ਇੱਥੋਂ ਤੱਕ ਵੀ ਕਿਹਾ ਕਿ ਉਕਤ ਮੀਡੀਆ ਦੀ ਸ਼ੁਰੂਆਤ ਤਾਂ ਲੋਕਾਂ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕਰਨ ਲਈ ਕੀਤੀ ਗਈ ਸੀ ਪਰੰਤੂ ਉਹ ਮਹਿਜ਼ ‘ਪਰੋਪੇਗੰਡਾ’ ਦਾ ਸਾਧਨ ਬਣ ਕੇ ਰਹਿ ਗਿਆ ਜਿਸ ਨਾਲ ਦੇਸ਼ ਨੂੰ ਆਰਥਿਕਤਾ ਦੇ ਨਾਲ ਨਾਲ ਸਮਾਜਿਕ ਅਤੇ ਭਾਈਚਾਰਕ ਵੰਡੀਆਂ ਦੇ ਨੁਕਸਾਨ ਦਾ ਸਾਮਹਣਾ ਕਰਨਾ ਪਿਆ ਅਤੇ ਅੰਤਰ-ਰਾਸ਼ਟਰੀ ਪੱਧਰ ਉਪਰ ਵੀ ਦੇਸ਼ ਦੀ ਛਵੀ ਵਿੱਚ ਗਿਰਾਵਟ ਆਈ। ਉਨ੍ਹਾਂ ਕਿਹਾ ਕਿ ੳਕਤ ਮੀਡੀਆ ਵੱਲੋਂ ਹਰ ਤਰ੍ਹਾਂ ਦੇ ਹੱਥਕੰਡੇ ਆਦਿ ਵਰਤ ਕੇ ਸੋਸ਼ਲ ਮੀਡੀਆ ਨੂੰ ਵੀ ਆਪਣੀ ਜਕੜ ਵਿੱਚ ਲਿਆ ਅਤੇ ਜਿਸ ਦੇ ਪਰਿਣਾਮ ਕਿਸੇ ਤੋਂ ਵੀ ਲੁਕੇ ਹੋਏ ਨਹੀਂ ਹਨ ਅਤੇ ਅਮਰੀਕਾ ਵਾਂਗੂ ਆਸਟ੍ਰੇਲੀਆ ਨੂੰ ਵੀ ਗਲਤ ਸੋਚਾਂ ਦਾ ਧਾਰਨੀ ਬਣਾ ਕੇ ਰੱਖ ਦਿੱਤਾ ਗਿਆ। ਦੋਹਾਂ ਦੀ ਮੰਗ ਇਹੋ ਹੈ ਕਿ ਰਾਇਲ ਕਮਿਸ਼ਨ ਇਸ ਦੀ ਨਿਰਪੱਖ ਜਾਂਚ ਕਰੇ, ਦੋਸ਼ੀਆਂ ਨੂੰ ਜਨਤਕ ਕਰਕੇ ਸਜ਼ਾਵਾਂ ਦੇਵੇ ਅਤੇ ਦੇਸ਼ ਅੰਦਰ ਫੈਲੀ ਨਫ਼ਰਤ ਦੀ ਅੱਗ ਨੂੰ ਬੁਝਾਉਣ ਅਤੇ ਡਰ ਦੇ ਵਾਤਾਵਰਣ ਨੂੰ ਖ਼ਤਮ ਕਰਨ ਵਿੱਚ ਆਪਣਾ ਸਹੀ ਯੋਗਦਾਨ ਪਾਵੇ।

Install Punjabi Akhbar App

Install
×