ਮੈਲਬੋਰਨ ਦੀਆਂ ਗਲੀਆਂ ਵਿੱਚ ਫਾਇਰਿੰਗ: 2 ਦੀ ਮੌਤ

ਪੱਛਮੀ ਮੈਲਬੋਰਨ ਦੇ ਵਿੰਨਡੈਮ ਵੇਲ ਖੇਤਰ ਦੀ ਕਾਰਮੀਸ਼ੇਲ ਡ੍ਰਾਈਵ ਵਿਖੇ ਤੜਕੇ ਸਵੇਰੇ 3 ਵਜੇ ਦੇ ਕਰੀਬ ਹੋ ਰਹੀ ਗੋਲੀਬਾਰੀ ਦੀ ਖ਼ਬਰ ਜਦੋਂ ਆਪਾਤਕਾਲੀਨ ਸੇਵਾਵਾਂ ਦੇ ਕਰਮਚਾਰੀਆਂ ਨੂੰ ਮਿਲੀ ਤਾਂ ਉਹ ਘਟਨਾ ਸਥਲ ਵੱਲ ਨੂੰ ਰਵਾਨਾ ਹੋ ਗਏ।
ਮੌਕਾ-ਏ-ਵਾਰਦਾਤ ਉਪਰ ਦੋ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਾਲਤ ਵਿੱਚ ਪਏ ਸਨ। ਇੱਕ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੂਸਰੇ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ।
ਪੁਲਿਸ ਦੇ ਦੱਸਣ ਮੁਤਾਬਿਕ, ਉਪਰੋਕਤ ਘਟਨਾ ਸਥਲ ਉਪਰ ਦੋਹੇਂ ਵਿਅਕਤੀ, ਜੋ ਕਿ ਆਪਸ ਵਿੱਚ ਜਾਣੂ ਵੀ ਸਨ, ਆਪਸ ਵਿੱਚ ਖੈਬੜ ਪਏ ਅਤੇ ਇੱਕ ਦੂਸਰੇ ਉਪਰ ਗੋਲੀਆਂ ਚਲਾ ਦਿੱਤੀਆਂ।
ਇਸ ਘਟਨਾ ਵਿੱਚ 3 ਵਾਹਨਾਂ ਦੇ ਇਸਤੇਮਾਲ ਦੀਆਂ ਰਿਪੋਰਟਾਂ ਹਨ ਅਤੇ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੁਲਿਸ ਨੇ ਲੋਕਾਂ ਕੋਲ ਅਪੀਲ ਵੀ ਕੀਤੀ ਹੈ ਕਿ ਜੇਕਰ ਉਸ ਸਮੇਂ ਇੱਥੋਂ ਕੋਈ ਗੁਜ਼ਰ ਰਿਹਾ ਸੀ ਜਾਂ ਇਸ ਵਾਰਦਾਤ ਦਾ ਕੋਈ ਚਸ਼ਮਦੀਦ ਹੈ ਤਾਂ ਕਿਰਪਾ ਕਰਕੇ ਪੁਲਿਸ ਨੂੰ ਇਸ ਘਟਨਾ ਦਾ ਵੇਰਵਾ ਦੇਵੇ ਤਾਂ ਜੋ ਪੁਲਿਸ ਮਾਮਲੇ ਦੀ ਸਹੀ ਜਾਂਚ ਪੜਤਾਲ ਕਰ ਸਕੇ।