ਕੈਨੇਡਾ ਹਾਕੀ ਟੀਮ ਲਈ ਚੁਣੇ ਗਏ ਭਾਰਤੀ ਮੂਲ ਦੇ ਦੋ ਖਿਡਾਰੀ

(ਸੁੱਖੀ ਪਨੇਸਰ ਅਤੇ ਕੀਗਨ ਪਰੇਰਾ)

ਸਰੀ -ਭਾਰਤੀ ਮੂਲ ਦੇ ਦੋ ਖਿਡਾਰੀਆਂ ਨੂੰ ਟੋਕਿਓ ਉਲਿੰਪਕ ਵਿਚ ਭਾਗ ਲੈਣ ਵਾਲੀ ਫੀਲਡ ਹਾਕੀ ਕੈਨੇਡਾ ਦੀ ਟੀਮ ਵਿਚ ਚੁਣੇ ਜਾਣ ਦਾ ਮਾਣ ਹਾਸਲ ਹੋਇਆ ਹੈ। ਸਰੀ, (ਬੀਸੀ) ਦੇ ਸੁੱਖੀ ਪਨੇਸਰ ਅਤੇ ਓਨਟਾਰੀਓ ਦੇ ਕੀਗਨ ਪਰੇਰਾ ਕੈਨੇਡੀਅਨ ਟੀਮ ਦੇ ਉਨ੍ਹਾਂ 16 ਖਿਡਾਰੀਆਂ ਵਿਚ ਸ਼ਾਮਲ ਹਨ ਜਿਨ੍ਹਾਂ ਦੀ ਚੋਣ ਦਾ ਐਲਾਨ ਅੱਜ ਫੀਲਡ ਹਾਕੀ ਕੈਨੇਡਾ ਅਤੇ ਕੈਨੇਡੀਅਨ ਓਲੰਪਿਕ ਕਮੇਟੀ ਵੱਲੋਂ ਕੀਤਾ ਗਿਆ ਹੈ।  ਕੀਗਨ ਪਰੇਰਾ ਇੰਡੀਆ ਕਲੱਬ ਅਤੇ ਸੁੱਖੀ ਪਨੇਸਰ ਯੂਨਾਈਟਿਡ ਬ੍ਰਦਰਜ਼ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਟੋਕੀਓ ਓਲੰਪਿਕ ਵਿਚ ਪੁਰਸ਼ਾਂ ਦਾ ਫੀਲਡ ਹਾਕੀ ਮੁਕਾਬਲਾ ਓਈ ਹਾਕੀ ਸਟੇਡੀਅਮ ਵਿੱਚ 24 ਜੁਲਾਈ ਤੋਂ 5 ਅਗਸਤ ਤੱਕ ਹੋਵੇਗਾ।

ਹਾਕੀ ਟੀਮ ਲਈ ਚੁਣੇ ਗਏ ਸੁਖੀ ਪਨੇਸਰ ਨੇ ਆਪਣੀ ਸ਼ੁਰੂਆਤ ਸੀਨੀਅਰ ਰਾਸ਼ਟਰੀ ਟੀਮ ਨਾਲ ਸਾਲ 2010 ਵਿਚ ਕੀਤੀ ਸੀ। ਉਸ ਨੇ 2013 ਵਿਚ ਜੂਨੀਅਰ ਹਾਕੀ ਵਰਲਡ ਕੱਪ ਨਵੀਂ ਦਿੱਲੀ ਵਿਚ ਹਿੱਸਾ ਲਿਆ ਸੀ ਅਤੇ ਉਸੇ ਸਾਲ ਹੀ ਪੈਨ ਅਮੈਰੀਕਨ ਕੱਪ ਵਿਚ ਚਾਂਦੀ ਦਾ ਤਗਮਾ ਜਿੱਤਣ ਵਾਲੀ ਕੈਨੇਡੀਅਨ ਟੀਮ ਵਿਚ ਉਹ ਸ਼ਾਮਲ ਸੀ। 2014 ਵਿਚ ਉਸ ਨੇ ਰਾਸ਼ਟਰਮੰਡਲ ਖੇਡਾਂ ਅਤੇ ਮਲੇਸ਼ੀਆ ਵਿਚ ਚੈਂਪੀਅਨਜ਼ ਚੈਲੇਂਜ 1 ਵਿਚ ਹਿੱਸਾ ਲਿਆ, ਜਿਥੇ ਚੈਂਪੀਅਨਜ਼ ਟਰਾਫੀ ਲਈ ਕੁਆਲੀਫਾਈ ਕਰਨ ਵਾਲੇ ਟੂਰਨਾਮੈਂਟ ਵਿਚ ਕੈਨੇਡਾ ਦੂਸਰੇ ਸਥਾਨ ਤੇ ਰਿਹਾ।

2015 ਵਿੱਚ ਸੁੱਖੀ ਪਨੇਸਰ ਮਿਡਫੀਲਡ ਦਾ ਬਿਹਤਰ ਖਿਡਾਰੀ ਸੀ ਜਦੋਂ ਕੈਨੇਡਾ ਨੇ ਵਿਸ਼ਵ ਲੀਗ ਮੁਕਾਬਲੇ ਦੁਆਰਾ 2016 ਓਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਸੀ ਅਤੇ ਪੈਨ ਅਮੈਰੀਕਨ ਖੇਡਾਂ ਵਿੱਚ ਵੀ ਚਾਂਦੀ ਦਾ ਤਗਮਾ ਹਾਸਲ ਕੀਤਾ ਸੀ। 2019 ਵਿੱਚ ਪਨੇਸਰ ਨੇ ਟੋਕਿਓ 2020 ਖੇਡਾਂ ਲਈ ਟੀਮ ਦੀ ਯੋਗਤਾ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾਈ।

ਕੀਗਨ ਪੀਰੇਰਾ ਨੇ ਫੀਲਡ ਹਾਕੀ ਛੇ ਸਾਲ ਉਮਰ ਵਿਚ ਹੀ ਖੇਡਣੀ ਸ਼ੁਰੂ ਕਰ ਦਿੱਤੀ ਸੀ। ਉਸ ਨੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰਹੇ ਆਪਣੇ ਪਿਤਾ ਤੋਂ ਹਾਕੀ ਬਾਰੇ ਸਭ ਕੁਝ ਸਿੱਖਿਆ। ਕਨੇਡਾ ਆਉਣ ਤੋਂ ਬਾਅਦ ਕੀਗਨ ਪਰੇਰਾ ਛੇਤੀ ਹੀ ਕੈਨੇਡੀਅਨ ਫੀਲਡ ਹਾਕੀ ਰੈਂਕ ਵਿਚ ਸ਼ਾਮਲ ਹੋ ਗਿਆ। ਉਸ ਨੇ ਆਪਣੀ ਸ਼ੁਰੂਆਤ 2009 ਵਿਚ ਵਿਕਟੋਰੀਆ ਵਿਚ ਭਾਰਤ ਖਿਲਾਫ ਸੀਨੀਅਰ ਅੰਤਰਰਾਸ਼ਟਰੀ ਟੂਰਨਾਮੈਂਟ ਰਾਹੀਂ ਕੀਤੀ। ਉਹ ਪਿਛਲੇ ਇਕ ਦਹਾਕੇ ਤੋਂ ਟੀਮ ਕੈਨੇਡਾ ਦਾ ਪ੍ਰਮੁੱਖ ਖਿਡਾਰੀ ਹੈ। 2019 ਦੇ ਓਲੰਪਿਕ ਕੁਆਲੀਫਾਇਰ ਵਿਚ ਵੀ ਉਸ ਦਾ ਸ਼ਾਨਦਾਰ ਪ੍ਰਦਰਸ਼ਨ ਸੀ।

ਉਹ ਕੈਨੇਡੀਅਨ ਇੰਟਰ ਯੂਨੀਵਰਸਿਟੀ ਸਪੋਰਟਸ ਵਿਚ ਯੂਨੀਵਰਸਿਟੀ ਆਫ ਵਿਕਟੋਰੀਆ ਵਿਕਸ ਅਤੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਥੰਡਰਬਰਡਜ਼ ਲਈ ਖੇਡ ਚੁੱਕਿਆ ਹੈ ਅਤੇ ਰਾਇਲ ਵੇਲਿੰਗਟਨ ਟੀਐਚਸੀ ਲਈ ਵਿਦੇਸ਼ਾਂ ਵਿਚ ਵੀ ਖੇਡ ਚੁੱਕਿਆ ਹੈ।

(ਹਰਦਮ ਮਾਨ) +1 604 308 6663
maanbabushahi@gmail.com

Welcome to Punjabi Akhbar

Install Punjabi Akhbar
×
Enable Notifications    OK No thanks