ਪਰਥ ਵਿਚਲੀ ਬੁਸ਼ਫਾਇਰ ਨੂੰ ਕਾਬੂ ਕਰਨ ਵਿੱਚ ਲੱਗੇ 200 ਕਰਮਚਾਰੀ -ਪਰਥ ਵਿਚਲੇ ਲੋਕਾਂ ਲਈ ਗਹਿਰੀ ਚਿੰਤਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਵਿੱਚ ਲੱਗੀ ਬੁਸ਼ਫਾਇਰ ਨੇ ਉਤਰੀ ਪਰਥ ਦੇ ਕਈ ਖੇਤਰਾਂ ਅੰਦਰ ਭਾਰੀ ਮੁਸ਼ਕਲਾਂ ਪੈਦਾ ਕਰ ਦਿੱਤੀਆਂ ਹਨ ਅਤੇ ਦ ਓਸ਼ੀਅਨ ਫਾਰਮ ਐਸਟੇਟ ਤੇ ਸੀ-ਵਿਊ ਪਾਰਕ ਦੇ ਨੇੜੇ ਵਾਲੇ ਸਥਾਨਕ ਨਿਵਾਸੀਆਂ ਵਾਸਤੇ ਗਹਿਰੀ ਚਿੰਤਾ ਬਣ ਗਈ ਹੈ ਕਿਉਂਕਿ ਇਹ ਇਲਾਕੇ ਹੁਣ ਤੇਜ਼ੀ ਨਾਲ ਅੱਗ ਦੀ ਜ਼ਦ ਵਿੱਚ ਆ ਰਹੇ ਹਨ ਅਤੇ ਬੀਤੇ ਸ਼ਨਿਚਰਵਾਰ ਤੋਂ ਹੁਣ ਤੱਕ ਇਸ ਅੱਗ ਨੇ 9000 ਹੈਕਟੇਅਰ ਤੱਕ ਦੀ ਭੂਮੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਅੱਗ ਉਪਰ ਕਾਬੂ ਪਾਉਣ ਵਾਸਤੇ 200 ਅੱਗ ਬੁਝਾਊ ਕਰਮਚਾਰੀ ਦਿਨ ਰਾਤ ਮੁਸ਼ੱਕਤ ਕਰ ਰਹੇ ਹਨ ਅਤੇ ਜਹਾਜ਼ ਰਾਹੀਂ ਵੀ ਪਾਣੀ ਸੁੱਟ ਕੇ ਅੱਗ ਬੁਝਾਉਣ ਦਾ ਕੰਮ ਜਾਰੀ ਹੈ ਪਰੰਤੂ ਹਾਲ ਦੀ ਘੜੀ ਕਾਮਯਾਬੀ ਮਿਲਦੀ ਦਿਖਾਈ ਨਹੀਂ ਦੇ ਰਹੀ। ਅੱਜ ਤੜਕੇ ਸਵੇਰੇ ਹੀ ਪੱਛਮੀ ਆਸਟ੍ਰੇਲੀਆ ਦੇ ਆਪਾਤਕਾਲੀਨ ਵਿਭਗ ਵੱਲੋਂ ਓਸ਼ੀਅਨ ਫਾਰਮ ਐਸਟੇਟ ਵਿਚਲਾ ਖੇਤਰ ਖਾਲੀ ਕਰਵਾਇਆ ਜਾ ਰਿਹਾ ਹੈ। ਤਾਕੀਦ ਇਹ ਹੈ ਕਿ ਜੋ ਵੀ ਇਸ ਖੇਤਰ ਵਿੱਚੋਂ ਨਿਕਲ ਕੇ ਜਾ ਰਿਹਾ ਹੈ ਉਹ ਇੰਡੀਅਨ ਓਸ਼ੀਅਨ ਡ੍ਰਾਈਵ ਵਾਲਾ ਰਾਹ ਫੜੇ ਅਤੇ ਦੱਖਣ ਵੱਲ ਨੂੰ ਜਾਵੇ। ਇਸਤੋਂ ਇਲਾਵਾ ਹੋਰ ਨਾਲ ਲਗਦੇ ਖੇਤਰਾਂ ਦੇ ਨਿਵਾਸੀਆਂ ਨੂੰ ਵੀ ਚੇਤੰਨ ਅਤੇ ਫੌਰੀ ਤੌਰ ਤੇ ਤਿਆਰ ਰਹਿਣ ਦੀਆਂ ਤਾਕੀਦਾਂ ਕੀਤੀਆਂ ਜਾ ਰਹੀਆਂ ਹਨ ਅਤੇ ਅਜਿਹੀ ਹੀ ਚਿਤਾਵਨੀ ਪਰਥ ਦੇ ਪੂਰਬ ਵਿੱਚ ਸਥਿਤ ਮੁੰਡਾਰਿੰਡ ਦੇ ਨਿਵਾਸੀਆਂ ਲਈ ਵੀ ਹੈ ਜਿੱਥੇ ਕਿ ਅੱਗ ਬੇਕਾਬੂ ਹੋ ਹੀ ਰਹੀ ਹੈ। ਜਾਣਕਾਰੀ ਮੁਤਾਬਿਕ ਇਹ ਅੱਗ ਹੁਣ ਤਕਰੀਬਨ 50 ਕਿਲੋ ਮੀਟਰ ਦੇ ਦਾਇਰੇ ਵਿੱਚ ਹੈ ਅਤੇ ਇਸ ਉਪਰ ਕਾਬੂ ਪਾਉਣ ਵਾਲੇ ਕਰਮਚਾਰੀਆਂ ਦੀ ਮਦਦ ਲਈ 13 ਏਅਰਕ੍ਰਾਫਟ ਦਿਨ ਰਾਤ ਲੱਗੇ ਹਨ ਅਤੇ ਇਨ੍ਹਾਂ ਵਿੱਚ ਇੱਕ ਪਾਣੀ ਦਾ ਟੈਂਕਰ ਜਹਾਜ਼ ਵੀ ਸ਼ਾਮਿਲ ਹੈ।

Install Punjabi Akhbar App

Install
×