ਕੁਈਨਜ਼ਲੈਂਡ ਵਿੱਚ ਕਰੋਨਾ ਦੇ 8 ਨਵੇਂ ਮਾਮਲਿਆਂ ਦੇ ਨਾਲ ਦੋ ਕਲਸਟਰ ਆਏ ਸਾਹਮਣੇ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਗ੍ਰੇਟਰ-ਬ੍ਰਿਸਬੇਨ ਵਿੱਚ ਤਿੰਨ ਦਿਨਾਂ ਦਾ ਲਾਕਡਾਊਨ ਲਗਾਉਂਦਿਆਂ ਹੀ ਇੱਥੇ ਕੋਵਿਡ-19 ਦੇ ਮਾਮਲਿਆਂ ਵਿੱਚ ਵੀ ਇਜ਼ਾਫ਼ਾ ਹੋਣਾ ਸ਼ੁਰੂ ਹੋ ਗਿਆ ਹੈ ਅਤੇ ਹਾਲ ਵਿੱਚ ਹੀ ਦਰਜ ਕੀਤੇ ਗਏ 8 ਸਥਾਨਕ ਸਥਾਨਅੰਤਰਣ ਦੇ ਮਾਮਲਿਆਂ ਕਾਰਨ ਹੁਣ ਇੱਥੇ ਕਰੋਨਾ ਪਾਜ਼ਿਟਿਵ ਸੰਖਿਆ 15 ਹੋ ਗਈ ਹੈ।
ਪ੍ਰੀਮੀਅਰ ਐਨਸਟੇਸੀਆ ਪਾਲਾਸ਼ਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰੋਨਾ ਦੇ ਨਵੇਂ ਮਾਮਲਿਆਂ ਵਿਚੋਂ 6 ਤਾਂ ਸਿੱਧੇ ਤੌਰ ਤੇ ਹੁਣ ਵਾਲੇ ਮਾਮਲਿਆਂ ਨਾਲ ਹੀ ਜੁੜਦੇ ਪ੍ਰਤੀਤ ਹੋ ਰਹੇ ਹਨ ਜਦੋਂ ਕਿ ਹੋਰ 2 ਦੀ ਪੜਤਾਲ ਜਾਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੌਜੂਦਾ ਸਮੇਂ ਅੰਦਰ ਬ੍ਰਿਸਬੇਨ ਅੰਦਰ 2 ਕਲਸਟਰ ਪਾਏ ਗਏ ਹਨ ਜਿੱਥੇ ਕਿ ਕਰੋਨਾ ਦੇ ਯੂ.ਕੇ. ਵੇਰੀਏਂਟ ਦਾ ਹਮਲਾ ਹੋਇਆ ਹੈ ਅਤੇ ਇਸੇ ਕਰਕੇ ਗ੍ਰੇਟਰ ਬ੍ਰਿਸਬੇਨ ਅੰਦਰ 3 ਦਿਨਾਂ ਦਾ ਲਾਕਡਾਊਨ ਲਗਾਇਆ ਗਿਆ ਹੈ। ਦੋਹਾਂ ਕਲਸਟਰਾਂ ਦਾ ਸਬੰਧ ਪ੍ਰਿੰਸੈਸ ਐਲਗਜ਼ੈਂਡਰਾ ਹਸਪਤਾਲ ਦੇ ਫਰੰਟਲਾਈਨ ਵਰਕਰਾਂ ਨਾਲ ਜੁੜਦਾ ਹੈ ਜਦੋਂ ਉਹਨਾਂ ਨੂੰ ਵੈਕਸੀਨ ਨਹੀਂ ਦਿੱਤੀ ਗਈ ਸੀ।
ਮੌਜੂਦਾ ਸਥਿਤੀਆਂ ਦਾ ਵਰਣਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਸਮੇਂ 8 ਸਥਾਨਕ ਸਥਾਨਅੰਤਰਣ ਦੇ ਮਾਮਲੇ ਹਨ; 2 ਬਾਹਰੀ ਦੇਸ਼ਾਂ ਤੋਂ ਆਏ ਹਨ; ਕੁੱਲ ਰਾਜ ਅੰਦਰ 78 ਚਲੰਤ ਮਾਮਲੇ ਕਰੋਨਾ ਦੇ ਹਨ ਜਿਨ੍ਹਾਂ ਨਾਲ ਕਿ ਕਰੋਨਾ ਪੀੜਿਤਾਂ ਦੀ ਕੁੱਲ ਸੰਖਿਆ 1,466 ਤੱਕ ਪਹੁੰਚ ਗਈ ਹੈ ਅਤੇ ਇਸ ਦੇ ਨਾਲ ਹੀ ਹੁਣ ਤੱਕ 2,162,250 ਕਰੋਨਾ ਦੇ ਟੈਸਟ ਵੀ ਕੀਤੇ ਜਾ ਚੁਕੇ ਹਨ। ਹੁਣ ਤੱਕ ਕਰੋਨਾ ਕਾਰਨ, ਰਾਜ ਅੰਦਰ ਬਦਕਿਸਮਤੀ ਨਾਲ 6 ਲੋਕਾਂ ਦੀ ਮੌਤ ਹੋਈ ਹੈ ਅਤੇ 1,343 ਲੋਕ ਇਸ ਭਿਆਨਕ ਬਿਮਾਰੀ ਨਾਲ ਲੜਾਈ ਵਿੱਚ ਜੇਤੂ ਰਹੇ ਹਨ।
ਵੈਕਸੀਨ ਬਾਰੇ ਗੱਲ ਕਰਦਿਆਂ ਡਾ. ਜੀਨੇਟ ਯੰਗ (ਮੁੱਖ ਸਿਹਤ ਅਧਿਕਾਰੀ) ਨੇ ਕਿਹਾ ਕਿ ਹੁਣ ਤੱਕ 41,000 ਤੋਂ ਵੀ ਜ਼ਿਆਦਾ ਫਰੰਟਲਾਈਨ ਵਰਕਰਾਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਦੇ ਦਿੱਤੀ ਗਈ ਹੈ ਜਦੋਂ ਕਿ 7,000 ਨੂੰ ਇਹ ਪੂਰਨ ਰੂਪ ਵਿੱਚ ਲਗਾਈ ਜਾ ਚੁਕੀ ਹੈ।

Install Punjabi Akhbar App

Install
×