ਨਾਰਦਰਨ ਟੈਰਿਟਰੀ ਵਿੱਚ ਜਹਾਜ਼ ਡਿੱਗਾ, 2 ਦੀ ਮੌਤ

ਕ੍ਰਿਸਮਿਸ ਦੀ ਸਵੇਰ ਨੂੰ ਨਾਰਦਰਨ ਟੈਰਿਟਰੀ ਵਿੱਚ ਹੋਏ ਇੱਕ ਜਹਾਜ਼ ਹਾਦਸੇ ਵਿੱਚ ਦੋ ਮ੍ਰਿਤਕ ਦੇਹਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦਾ ਸ਼ਿਕਾਰ ਜਹਾਜ਼, ਇੱਕੋ ਇੰਜਣ ਵਾਲਾ ਜਹਾਜ਼ ਸੀ ਜੋ ਕਿ ਇੱਕ ਪਾਇਲਟ ਅਤੇ ਇੱਕ ਯਾਤਰੀ ਨੂੰ ਲੈ ਕੇ ਗੋਵ ਤੋਂ ਸਵੇਰੇ 8:30 ਵਜੇ ਉਡਿਆ ਸੀ ਅਤੇ ਇਸ ਨੇ ਕੈਥਰੀਨ ਵਿਖੇ 10:30 ਤੇ ਲੈਂਡ ਕਰਨਾ ਸੀ। ਪਰੰਤੂ ਰਾਹ ਵਿੱਚ ਅਰਨਹੈਮ ਲੈਂਡ ਦੇ ਕੋਲ ਇਹ ਜਹਾਜ਼ ਹਾਦਸਾ ਗ੍ਰਸਤ ਹੋ ਗਿਆ।
ਉਕਤ ਜਹਾਜ਼ ਦਾ ਮਲਬਾ, ਅਤੇ ਮ੍ਰਿਤਕ ਦੇਹਾਂ, ਕੈਥਰੀਨ ਤੋਂ 250 ਕਿਲੋਮੀਟਰ ਦੂਰ ਉਤਰ-ਪੂਰਬ ਵਿਖੇ ਪਾਇਆ ਗਿਆ।
ਨਾਰਦਰਨ ਟੈਰਿਟਰੀ ਪੁਲਿਸ ਨੇ ਜਾਣਕਾਰੀ ਨੂੰ ਪੁਖ਼ਤਾ ਕਰਦਿਆਂ ਕਿਹਾ ਕਿ ਹਾਦਸਾ ਗ੍ਰਸਤ ਹੋਏ ਜਹਾਜ਼ ਦਾ ਮਲਬਾ ਕ੍ਰਿਸਮਿਸ ਦਿਹਾੜੇ ਤੇ ਦੁਪਹਿਰ ਬਾਅਦ ਨੂੰ ਬਲਮਾਨ ਖੇਤਰ ਦੇ ਘਣੇ ਜੰਗਲ ਵਿੱਚ ਸੁਰੱਖਿਆ ਦਸਤਿਆਂ ਵੱਲੋਂ ਪਾਇਆ ਗਿਆ ਹੈ।