ਨਿਊਜ਼ੀਲੈਂਡ ‘ਚ ਦੋ ਦਿਨਾ ਪੰਜਾਬੀ ਫਿਲਮ ਫੈਸਟੀਵਲ ਸ਼ਾਨ ਨਾਲ ਸਮਾਪਤ

NZ PIC 15 Nov-1

ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਨਿਊਜ਼ੀਲੈਂਡ ਦਾ ਪਲੇਠਾ ਦੋ ਦਿਨਾਂ ‘ਪੰਜਾਬੀ ਫਿਲਮ ਫੈਸਟੀਵਲ’ ਅੱਜ ਡ੍ਰੀਮ ਸੈਂਟਰ ਮੈਨੁਕਾਓ ਵਿਖੇ ਪੂਰੇ ਜੌਬਨ ‘ਤੇ ਰਿਹਾ ਅਤੇ ਅੱਜ ਦੇਰ ਰਾਤ ਤੱਕ ਲੋਕਾਂ ਨੇ ਵੱਡੇ ਪਰਦੇ ਅਤੇ ਸੰਖੇਪ ਫਿਲਮਾਂ ਦਾ ਆਨੰਦ ਮਾਣਿਆ
ਉਦਘਾਟਨੀ ਰਿਪੋਰਟ: ਕੱਲ੍ਹ ਸ਼ਾਮ ਹੋਏ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਵਿਦੇਸ਼ੀ ਆਮਦ ਤੇ ਦੇਸ਼ ਵਾਪਸੀ ਦੇ ਵਕਤ ਦੌਰਾਨ ਰਿਸ਼ਤੇ ਅਤੇ ਮੋਹਤੰਦਾਂ ਦੀ ਤਣੀਆਂ ਦੀ ਵਲੇਟਿਆਂ ਨੂੰ ਦਰਸਾਉਂਦੀ ਇਕ  ਸੰਖਿਪਤ ਫਿਲਮ ‘ਵਾਪਸੀ’ ਵਿਖਾਈ ਗਈ। ਇਸ ਸਮੇਂ ਦੌਰਾਨ ਉਦਘਾਟਨੀ ਸਮਾਰੋਹ ਦੇ ਵਿਚ ਪੁੱਜਣ ਵਾਲੇ ਸਾਰੇ ਮਹਿਮਾਨਾਂ ਅਤੇ ਦਰਸ਼ਕਾਂ ਦੀ ਹਾਜ਼ਰੀ ‘ਰੈਡ ਕਾਰਪੈਟ’ ਰਾਹੀਂ ਲੱਗ ਚੁੱਕੀ ਸੀ। ਡ੍ਰੀਮ ਸੈਂਟਰ ਦੇ ਮੁੱਖ ਦੁਆਰਾ ਉਤੇ ਲਾਲ ਰੰਗ ਦੇ ਇਸ ਕਾਰਪੈਟ ਦਾ ਮਤਲਬ ਸਟੇਜ ਅਤੇ ਪਰਦੇ ਦੇ ਕਲਾਕਾਰਾਂ ਨੂੰ ਵਿਸ਼ਵ ਦਰਜੇ ਦੇ ਆਰਟਿਸਟ ਹੋਣ ਦਾ ਸਕੂਨ ਦੇਣਾ ਸੀ। ਸਾਰੇ ਕਲਾਕਾਰਾਂ ਅਤੇ ਮਹਿਮਾਨਾਂ ਨੂੰ ਸੁਚੱਜੇ ਅਤੇ ਸੁਹਜ਼ ਤਰੀਕੇ ਨਾਲ ਨਾਲ ‘ਜੀ ਆਇਆਂ’ ਆਖਿਆ ਗਿਆ। ਸਮੁੰਦਰੋ ਪਾਰ ਆਏ ਕਲਾਕਾਰਾਂ ਦੇ ਵਿਚ ਭਾਰਤ ਤੋਂ ਨਵਤੇਜ ਸੰਧੂ, ਮੌਲਬੋਰਨ ਤੋਂ ਸੁੱਖੀ ਬੱਲ, ਸਿਡਨੀ ਤੋਂ ਗੁਰਮੀਤ ਸਰਾਂ ਅਤੇ ਮੌਲਬੋਰਨ ਤੋਂ ਡਾ. ਸੋਨੀਆ ਸਿੰਘ ਨੇ ਇਸ ਫਿਲਮ ਫੈਸਟੀਵਲ ਵਿਚ ਆ ਚਾਰ ਚੰਨ ਲਾਏ। ਸਥਾਨਕ ਮਹਿਮਾਨਾਂ ਵਿਚ ਲੇਬਰ ਪਾਰਟੀ ਤੋਂ ਸੰਸਦ ਮੈਂਬਰ ਸ੍ਰੀ ਫਿਲ ਗੌਫ, ਉਘੇ ਪਾਰਟੀ ਮੈਬਰ ਸ੍ਰੀ ਸੰਨੀ ਕੌਸ਼ਿਲ ਤੇ ਨਿਊਜ਼ੀਲੈਂਡ ਫਸਟ ਪਾਰਟੀ ਤੋਂ ਸੰਸਦ ਸ੍ਰੀ ਮਹੇਸ਼ ਬਿੰਦਰਾ ਹਾਜ਼ਿਰ ਹੋਏ। ਫਿਲਮ ਫੈਸਟੀਵਲ ਦੇ ਸਾਰੇ ਸਪਾਂਸਰਜ਼ ਅਤੇ ਹੋਰ ਸਹਿਯੋਗੀ ਪਤਵੰਤਿਆਂ ਦੀ ਹਾਜ਼ਰੀ ਵਿਚ ਫਿਲਮ ਫੈਸਟੀਵਲ ਦਾ ਆਗਾਜ਼ ਉਦਘਾਟਨੀ ਕੇਕ ਕੱਟ ਕੇ ਕੀਤਾ ਗਿਆ। ਇਸ ਸਾਰੇ ਸਮਾਗਮ ਨੂੰ ਫਿਲਮਾਂ ਦਾ ਥੀਮ ਦੇਣ ਵਾਸਤੇ ‘ਹੋਪ ਐਨ ਹੈਲਪ’ ਦੀ ਸਾਰੀ ਟੀਮ ਨੇ ਸੁੰਦਰ ਸਜਾਵਟ ਦੀ ਦੇਣ ਦਿੱਤੀ। ਕਲਾਕਾਰਾਂ ਨਾਲ ਅਤੇ ਮਹਿਮਾਨਾਂ ਦੀਆਂ ਵਧਾਈਆਂ ਕੂਬਲਦਿਆਂ ਸਿਨਮਿਆਂ ਅੰਦਰ ਪੰਜਾਬੀ ਮਾਂ ਬੋਲੀ ਦੇ ਬੋਲ ਗੂੰਜਣ ਲੱਗੇ। ਕੱਲ੍ਹ ਦੇ ਫਿਲਮ ਫੈਸਟੀਵਲ ਦੇ ਵਿਚ ਕੰਬਦੀ ਡਿਉੜੀ, ਸੁੰਨਾ ਗੁੱਟ, ਰੀਮਾਰਕੇਬਲ ਡੇਅ, ਬਰਫ, ਚੰਨ ਪ੍ਰਦੇਸੀ ਫਿਲਮ ਵਿਖਾਈ ਗਈ।
ਅੱਜ ਵਿਖਾਈਆਂ ਗਈਆਂ ਧਾਰਮਿਕ ਫਿਲਮਾਂ ਤੇ ਰਹੀ ਬੱਚਿਆਂ ਦੀ ਰੌਣਕ: ਅੱਜ ਦੂਜੇ ਦਿਨ ਦਾ ਫਿਲਮ ਫੈਸਟੀਵਲ ਸਵੇਰੇ 11 ਵਜੇ ਤੋਂ ਜਾਰੀ ਹੋ ਗਿਆ। ਸਿੱਖ ਹੈਰੀਟੇਜ ਸਕੂਲ ਟਾਕਾਨੀਨੀ ਦੇ ਬੱਚੇ ਜਿੱਥੇ ਅੱਜ ਇਕ ਜਾਂ ਦੋ ਨਹੀਂ ਸਗੋਂ ਪੰਜ ਧਾਰਮਿਕ ਫਿਲਮਾਂ ਦਾ ਅਨੰਦ ਮਾਣ ਰਹੇ ਹਨ। ਮਤਲਬ ਕਿ ਇਕ ਸਿਨਮਾ ਬੱਚਿਆਂ ਦੇ ਨਾਂਅ ਹੀ ਕਰ ਦਿੱਤਾ ਗਿਆ ਹੈ। ਧਾਰਮਿਕ ਫਿਲਮ ‘ਰਾਈਜ਼ ਆਫ਼ ਖਾਲਸਾ’, ‘ਸਾਹਿਬਜ਼ਾਦੇ’,’ਮਹਾਰਾਜਾ ਰਣਜੀਤ ਸਿੰਘ’,’ਸੰਨੀ ਦਾ ਪ੍ਰਾਊਡ ਸਿੱਖ’ ਤੇ ‘ਲਾਈਫ ਆਫ਼ ਗੁਰੂ ਨਾਨਕ ਦੇਵ ਜੀ’ ਵਿਖਾਈਆਂ ਗਈਆਂ। ਜੀਵਨ ਅੰਦਰ ਦੂਜਿਆਂ ਦੇ ਲਈ ਕੁਝ ਕਰ ਗੁਜ਼ਰਨ ਦੀ ਭਾਵਨਾ ਨੂੰ ਬੱਚਿਆਂ ਦੇ ਮਨਾਂ ਅੰਦਰ ਬੀਜਣ ਦੇ ਮਨੋਰਥ ਨਾਲ ਇਕ ਹੋਰ ਫਿਲਮ ਪਿੰਗਲਵਾੜਾ ਵੀ ਅਖੀਰ ਵਿਚ ਵਿਖਾਈ ਗਈ।
ਇਸ ਤੋਂ ਇਲਾਵਾ ਮਨੋਰੰਜਕ ਤੇ ਸਾਰਥਿਕ ਭੂਮਿਕਾਵਾਂ ਵਾਲੀਆਂ ਫਿਲਮਾਂ ਦੇ ਵਿਚ ਅੱਜ ‘ਮਾਹੌਲ ਠੀਕ ਹੈ’,’ਨਾਬਰ’, ‘ਐਂਪਟੀ ਇਨਸਾਈਡ’,’ਜੀਵਨ ਜਾਚ’,’ਉਮੀਦ’,’ਵੱਨ ਡੇਅ’,’ਅਰਬਨ ਟਰਬਨ’ ਤੇ ‘ਜੱਟ ਬੁਆਏਜ਼’ ਵਿਖਾਈਆਂ ਗਈਆਂ।
ਸੁਪਰੀਮ ਸਿੱਖ ਸੁਸਾਇਟੀ ਵੱਲੋਂ ਬੱਚਿਆਂ ਲਈ ਰੀਫ੍ਰੈਸ਼ਮੈਂਟ: ਧਾਰਮਿਕ ਫਿਲਮਾਂ ਦੇ ਨੰਨ੍ਹੇ ਦਰਸ਼ਕਾਂ ਦੇ ਲਈ ਅੱਜ ਸੁਪਰੀਮ ਸਿੱਖ ਸੁਸਾਇਟੀ ਵੱਲੋਂ ਰੀਫ੍ਰੈਸ਼ਮੈਂਟ ਦੇ ਤੌਰ ‘ਤੇ ਫ੍ਰਾਈਜ਼, ਚਿਪਸ, ਸਾਫਟ ਡਿੰ੍ਰਕ ਅਤੇ ਹੋਰ ਖਾਣ-ਪੀਣ ਦਾ ਸਮਾਨ ਮੁਹੱਈਆ ਕਰਵਾਇਆ ਗਿਆ। ਇਸ ਤੋਂ ਇਲਾਵਾ ਵੀ ਪੰਜਾਬੀ ਫਾਊਂਡੇਸ਼ਨ ਵੱਲੋਂ ਸਮੋਸਿਆਂ ਦਾ ਲੰਗਰ ਲਗਾਇਆ ਗਿਆ।
ਸਮਾਪਤੀ ਸਮਾਰੋਹ : ਦੋ ਦਿਨਾਂ ਚੱਲੇ ਇਸ ਫਿਲਮ ਫੈਸਟੀਵਲ ਦੀ ਸਮਾਪਤੀ ਸਮਾਰੋਹ ਅੱਜ ਸ਼ਾਮ 5.45 ‘ਤੇ ਸਾਰੇ ਮਾਣਯੋਗ ਸਪਾਂਸਰਜ਼, ਹੁਨਰਮੰਦ ਕਲਾਕਾਰਾਂ, ਸਹਿਯੋਗੀ ਅਦਾਰਿਆਂ ਅਤੇ ਭਾਈਚਾਰੇ ਦੇ ਲੋਕਾਂ ਦੇ ਇਕੱਠ ਵਿਚ ਕਲਾਕਾਰਾਂ ਅਤੇ ਸਪਾਂਸਰਜ਼ ਨੂੰ ਸਨਮਾਨਿਤ ਕਰਕੇ ਕੀਤਾ ਗਿਆ। ਇਸ ਮੌਕੇ ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਡਾ. ਪਰਮਜੀਤ ਪਰਮਾਰ ਵੀ ਹਾਜ਼ਿਰ ਹੋਏ ਅਤੇ ਜਿੱਥੇ ਉਨ੍ਹਾਂ ਇਸ ਉਮਦ ਲਈ ਰੇਡੀਓ ਸਪਾਈਸ, ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਨੂੰ ਵਧਾਈ ਦਿੱਤੀ ਉਥੇ ਨੈਸ਼ਨਰ ਸਰਕਾਰ ਵੱਲੋਂ ਅਜਿਹੀਆਂ ਫਿਲਮਾਂ ਦੇ ਨਿਰਮਾਣ ਵਿਚ ਮਿਲਣ ਵਾਲੀ ਸਹਾਇਤਾ ਦੀ ਵੀ ਗੱਲ ਕੀਤੀ। ਉਨ੍ਹਾਂ ਆਏ ਥੀਏਟਰ ਕਲਾਕਾਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਹਿਲਾਂ ਸ. ਨਵਤੇਜ ਸਿੰਘ ਰੰਧਾਵਾ ਹੋਰਾਂ ਹਾਜ਼ਿਰ ਦਰਸ਼ਕਾਂ ਨਾਲ ਸਾਂਝ ਪਾਈ ਫਿਰ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਹੋਰਾਂ ਆਏ ਮਹਿਮਾਨਾਂ ਦੇ ਅਤੇ ਸਹਿਯੋਗੀਆਂ ਦੇ ਲਈ ਧੰਨਵਾਦੀ ਸ਼ਬਦ ਆਖੇ। ਗੁਰਮੀਤ ਸਰਾਂ ਤੇ ਡਾ. ਸੋਨੀਆ ਸਿੰਘ ਨੇ ਵੀ ਨਿਊਜ਼ੀਲੈਂਡ ਵਾਸੀਆਂ ਨੂੰ ਪਹਿਲੇ ਪੰਜਾਬੀ ਫਿਲਮ ਫੈਸਟੀਵਲ ਦੀ ਸਫਲਤਾ ਦੀ ਵਧਾਈ ਦਿੱਤੀ।
ਸੁਪਰੀਮ ਸਿੱਖ ਸੁਸਾਇਟੀ ਤੋਂ ਸ. ਦਲਜੀਤ ਸਿੰਘ ਹੋਰਾਂ ਸੰਬੋਧਨ ਹੁੰਦਿਆ ਕਿਹਾ ਕਿ ਧਾਰਮਿਕ ਫਿਲਮਾਂ ਨੂੰ ਅੱਜ ਦੇ ਬੱਚਿਆਂ ਨੂੰ ਵੱਡੇ ਪਰਦੇ ਉਤੇ ਵਿਖਾਉਣਾ, ਬੱਚਿਆਂ ਨੂੰ ਸਿੱਖ ਇਤਿਹਾਸ ਦੀ ਮੁੱਢਲੀ ਜਾਣਕਾਰੀ ਦੇਣ ਦੇ ਬਰਾਬਰ ਹੈ ਜੋ ਕਿ ਅੱਜ ਦੇ ਜ਼ਮਾਨੇ ਵਿਚ ਕਾਫੀ ਕਾਰਗਾਰ ਸਾਬਿਤ ਹੋ ਰਿਹਾ ਹੈ। ਉਨ੍ਹਾਂ ਭਵਿੱਖ ਦੇ ਵਿਚ ਵੀ ਅਜਿਹੇ ਉਪਰਾਲਿਆਂ ਦੇ ਲਈ ਸੁਸਾਇਟੀ ਵੱਲੋਂ ਪੂਰਨ ਹਮਾਇਤ ਕਰਨ ਦਾ ਭਰੋਸਾ ਦਿੱਤਾ।
ਅੰਤ ਦੇ ਵਿਚ ਗੁਰਮੀਤ ਸਰਾਂ ਦੁਆਰਾ ਨਿਰਦੇਸ਼ਿਤ ਫਿਲਮ ‘ਉਮੀਦ’ ਵਿਖਾ ਕੇ ਅਤੇ ਭੰਗੜੇ ਦੀ ਧਮਕ ਪਾ ਕੇ ਇਸ ਫਿਲਮੀ ਫੈਸਟੀਵਲ ਦੀ ਸਮਾਪਤੀ ਕੀਤੀ ਗਈ।

One thought on “ਨਿਊਜ਼ੀਲੈਂਡ ‘ਚ ਦੋ ਦਿਨਾ ਪੰਜਾਬੀ ਫਿਲਮ ਫੈਸਟੀਵਲ ਸ਼ਾਨ ਨਾਲ ਸਮਾਪਤ

Comments are closed.

Install Punjabi Akhbar App

Install
×