ਦੋ ਅਰਬ ਪਤੀਆਂ ਨੇ ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਆਈਸੋਲੇਸ਼ਨ ਸੈਂਟਰ ਖੋਲ੍ਹਣ ਲਈ ਭਰੀ ਹਾਮੀ -ਕੌਮੀ ਬਹਿਸ ਦਾ ਵਿਸ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਸਮੁੱਚੇ ਸੰਸਾਰ ਅੰਦਰ ਹੀ ਮੌਜੂਦਾ ਸਮੇਂ ਵਿੱਚ ਹਜ਼ਾਰਾਂ ਆਸਟ੍ਰੇਲੀਆਈ ਨਾਗਰਿਕ ਕਰੋਨਾ ਦੀ ਮਾਰ ਕਾਰਨ ਬੰਦ ਹੋਈਆਂ ਅੰਤਰ-ਰਾਸ਼ਟਰੀ ਫਲਾਈਟਾਂ ਕਾਰਨ ਦੇਸ਼ ਪਰਤਣ ਤੋਂ ਅਸਮਰਥ ਹਨ ਅਤੇ ਇੱਥੇ ਪਰਤਣ ਵਾਲਿਆਂ ਦੀ ਗਿਣਤੀ ਦੀ ਰਫ਼ਤਾਰ ਇੰਨੀ ਕੁ ਨਾ-ਵਾਜਿਬ ਹੈ ਕਿ ਹਾਲੇ ਵੀ 40,000 ਦੇ ਕਰੀਬ ਲੋਕ ਆਪਣੇ ਘਰਾਂ ਨੂੰ ਪਰਤਣ ਲਈ ਤਰਸ ਰਹੇ ਹਨ ਅਤੇ ਪੂਰੇ 11 ਮਹੀਨਿਆਂ ਦੇ ਲੱਗਭਗ ਹੋ ਗਿਆ ਉਨ੍ਹਾਂ ਨੂੰ ਆਪਣੇ ਘਰਾਂ ਤੋਂ ਦੂਰ ਪਰਦੇਸਾਂ ਵਿੱਚ ਬੈਠਿਆਂ ਨੂੰ ਅਤੇ ਬੜੀ ਬੇਸਬਰੀ ਨਾਲ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਨੂੰ। ਦੇਸ਼ ਅੰਦਰ ਬਾਹਰੀ ਯਾਤਰੀਆਂ ਦੇ ਆਉਣ ਉਪਰ ਗਿਣਤੀ ਦੀ ਪਾਬੰਧੀ ਲਗਾਈ ਹੋਈ ਹੈ ਅਤੇ ਕਈ ਵਾਰੀ ਕਿਸੇ ਨਾ ਕਿਸੇ ਦੇਸ਼ ਅੰਦਰ ਕਰੋਨਾ ਦਾ ਕਹਿਰ ਮੁੜ ਤੋਂ ਟੁੱਟ ਜਾਂਦਾ ਹੈ ਅਤੇ ਅਜਿਹੇ ਕਾਰਨਾਂ ਕਾਰਨ ਫਲਾਈਟਾਂ ਫੇਰ ਤੋਂ ਬੰਦ ਕਰਨੀਆਂ ਪੈ ਜਾਂਦੀਆਂ ਹਨ ਅਤੇ ਲੋਕ ਫੇਰ ਤੋਂ ਲੰਬੀ ਕਤਾਰ ਵਿੱਚ ਫੱਸ ਕੇ ਰਹਿ ਜਾਂਦੇ ਹਨ। ਇਸ ਵਿਪਦਾ ਨੂੰ ਭਾਂਪਦਿਆਂ ਦੇਸ਼ ਦੇ ਦੋ ਅਰਬ ਪਤੀਆਂ ਨੇ ਫੈਡਰਲ ਅਤੇ ਰਾਜ ਸਰਕਾਰ ਨੂੰ ਆਪਣੇ ਨਿਜੀ ਤੌਰ ਤੇ ਦੋ ਅਜਿਹੇ ਸੈਂਟਰ ਬਣਾਉਣ ਦੀ ਪੇਸ਼ਕਸ਼ ਕੀਤੀ ਹੈ ਜਿੱਥੇ ਕਿ ਜ਼ਿਆਦਾ ਗਿਣਤੀ ਵਿੱਚ ਆ ਰਹੇ ਬਾਹਰੀ ਯਾਤਰੀਆਂ ਨੂੰ ਆਈਸੋਲੇਟ ਕੀਤਾ ਜਾ ਸਕੇ। ਲਿੰਡਸੇ ਫੋਕਸ ਜੋ ਕਿ ਗੀਲੋਂਗ ਦੇ ਨਜ਼ਦੀਕ ਐਵਲੋਨ ਵਿਖੇ ਏਅਰ ਪੋਰਟ ਦੇ ਮਾਲਕ ਹਨ, ਇਸ ਬਾਬਤ ਕੇਂਦਰ ਅਤੇ ਰਾਜ ਸਰਕਾਰਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਮਕਸਦ ਵਾਸਤੇ 1000 ਅੰਤਰ-ਰਾਸ਼ਟਰੀ ਯਾਤਰੀਆਂ ਵਾਸਤੇ ਇੱਕ ਅਜਿਹਾ ਹੀ ਆਈਸੋਲੇਸ਼ਨ ਸੈਂਟਰ ਆਪਣੇ ਤੌਰ ਤੇ ਬਣਾਉਣ ਦੀ ਪੇਸ਼ਕਸ਼ ਕੀਤੀ ਹੈ। ਇਸੇ ਤਰ੍ਹਾਂ ਦੇ ਦੂਸਰੇ ਉਦਯੋਗਪਤੀ ਜੋਹਨ ਵੈਗਨਰ ਨੇ ਅਜਿਹੀ ਹੀ ਪੇਸ਼ਕਸ਼ ਟੂਵੂੰਬਾ ਦੇ ਵੈਲਕੈਂਪ ਏਅਰਪੋਰਟ ਉਪਰ ਵੀ ਬਣਾਉਣ ਲਈ ਕੀਤੀ ਹੈ। ਅਜਿਹੀਆਂ ਤਜਵੀਜ਼ਾਂ ਮੈਲਬੋਰਨ, ਬ੍ਰਿਸਬੇਨ, ਪਰਥ ਅਤੇ ਐਡੀਲੇਡ ਦੇ ਹੋਟਲ ਕੁਆਰਨਟੀਨ ਵਿਚਲੀਆਂ ਖਾਮੀਆਂ ਤੋਂ ਬਾਅਦ ਆ ਰਹੀਆਂ ਹਨ ਜਿਨ੍ਹਾਂ ਕਾਰਨ ਕੋਈ ਨਾ ਕੋਈ ਦੁਰਘਟਨਾ ਵਾਪਰ ਜਾਂਦੀ ਹੈ ਅਤੇ ਖੇਤਰਾਂ ਅੰਦਰ ਮੁੜ ਤੋਂ ਲਾਕਡਾਊਨ ਲਗਾਉਣਾ ਪੈ ਜਾਂਦਾ ਹੈ। ਲੇਬਰ ਨੇਤਾ (ਵਧੀਕ) ਰਿਚਰਡ ਮਾਰਲਸ -ਐਵਲੋਨ ਖੇਤਰ ਉਨ੍ਹਾਂ ਦੇ ਚੋਣ ਖੇਤਰ ਵਿੱਚ ਹੀ ਆਉਂਦਾ ਹੈ, ਨੇ ਇਸ ਤਜਵੀਜ਼ ਬਾਰੇ ਕਿਹਾ ਹੈ ਕਿ ਇਹ ਵਧੀਆ ਤਜਵੀਜ਼ ਹੈ, ਇਸ ਉਪਰ ਗੌਰ ਕਰਨਾ ਬਣਦਾ ਹੈ ਕਿਉਂਕਿ ਉਥੇ ਬਹੁਤ ਸਾਰੀ ਥਾਂ ਅਜਿਹੀ ਪਈ ਹੈ ਜੋ ਕਿ ਬਿਲਕੁਲ ਬਾਹਰਵਾਰ ਹੈ ਅਤੇ ਆਬਾਦੀ ਤੋਂ ਦੂਰ ਹੈ ਅਤੇ ਇੱਥੇ ਆਈਸੋਲੇਸ਼ਨ ਸੈਂਟਰ ਬਣਾਏ ਜਾ ਸਕਦੇ ਹਨ।
ਨਤੀਜਾ ਕੁੱਝ ਵੀ ਹੋਵੇ ਪਰੰਤੂ ਹਾਲ ਦੀ ਘੜੀ ਤਾਂ ਇਸ ਬਾਬਤ ਦੇਸ਼ ਅੰਦਰ ਇੱਕ ਬਹਿਸ ਸ਼ੁਰੂ ਹੋ ਹੀ ਚੁਕੀ ਹੈ ਅਤੇ ਫੈਡਰਲ ਸਕਾਰ ਨੂੰ ਚਾਹੀਦਾ ਹੈ ਕਿ ਉਹ ਸਥਿਤੀਆਂ ਨੂੰ ਗੰਭੀਰਤਾ ਦੇ ਨਾਲ ਨਾਲ ਸੁਹਿਰਦਤਾ ਨਾਲ ਵੀ ਲਵੇ।

Install Punjabi Akhbar App

Install
×