ਸਿਆਸੀ ਐਨਕ ਰਾਹੀਂ ਕਿਸਾਨ ਅੰਦੋਲਨ ਦੀ ਕਵਰੇਜ਼ ਕਰ ਰਹੇ ਹਨ ਚੈਨਲ

ਬੀਤੇ ਦਿਨੀਂ ਇਕ ਕੌਮੀ ਨਿਊਜ਼ ਚੈਨਲ ਦੀ ਟੀਮ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੁਆਫ਼ੀ ਮੰਗਣ ਲਈ ਕਿਹਾ। ਉਹ ਟੀਮ ਕਿਸਾਨਾਂ ਦੁਆਰਾ ਪਰਾਲੀ ਨੂੰ ਲਗਾਈ ਅੱਗ ਦਾ ਫ਼ਿਲਮਾਂਕਣ ਕਰ ਰਹੀ ਸੀ।
ਕਿਸਾਨਾਂ ਨੂੰ ਇਸ ਗੱਲ ਦਾ ਸਖ਼ਤ ਰੋਹ ਤੇ ਰੋਸ ਸੀ ਕਿ ਇਹ ਸਾਰੇ ਚੈਨਲ ਕਿਸਾਨ ਅੰਦੋਲਨ ਨੂੰ ਖ਼ਬਰਾਂ ਵਿਚ ਥਾਂ ਨਹੀਂ ਦੇ ਰਹੇ ਅਤੇ ਨਾ ਇਸ ਮਸਲੇ ਸੰਬੰਧੀ ਪ੍ਰਾਈਮ ਟਾਈਮ ‘ਤੇ ਵਿਚਾਰ-ਚਰਚਾ ਕਰਵਾ ਰਹੇ ਹਨ ਪ੍ਰੰਤੂ ਖੇਤਾਂ ਵਿਚ ਲਗਾਈ ਅੱਗ ਦੀ ਕਵਰੇਜ਼ ਕਰਨ ਲਈ ਔਖੇ ਹੋ ਕੇ ਦੂਰ-ਦੁਰਾਡੇ ਪਹੁੰਚ ਜਾਂਦੇ ਹਨ। ਕਿਸਾਨਾਂ ਦੇ ਹੱਕਾਂ-ਹਿੱਤਾਂ ਦੀ ਗੱਲ ਕਦੇ ਨਹੀਂ ਕਰਦੇ ਪਰੰਤੂ ਜਿਹੜੀ ਗੱਲ ਕਿਸਾਨਾਂ ਦੇ ਵਿਰੁੱਧ ਜਾਂਦੀ ਹੈ, ਉਸਨੂੰ ਜ਼ੋਰ-ਸ਼ੋਰ ਨਾਲ ਵਿਖਾਉਂਦੇ ਅਤੇ ਪ੍ਰਚਾਰਦੇ ਹਨ। ਕੌਮੀ ਹਿੰਦੀ ਚੈਨਲਾਂ ਦੀ ਲੰਮੇ ਸਮੇਂ ਤੋਂ ਇਹ ਨੀਤੀ ਰਹੀ ਹੈ। ਕਿਸਾਨਾਂ ਨੇ ਕੌਮੀ ਹਿੰਦੀ ਚੈਨਲ ਦੀ ਉਸ ਟੀਮ ਨੂੰ ਘੇਰ ਕੇ ਮੁਆਫ਼ੀ ਮੰਗਣ ਲਈ ਮਜ਼ਬੂਰ ਕਰ ਦਿੱਤਾ। ਟੀਮ ਨੇ ਮੰਨਿਆ ਕਿ ਕੌਮੀ ਚੈਨਲਾਂ ਨੂੰ ਕਿਸਾਨ ਅੰਦੋਲਨ ਦੀ ਲਗਾਤਾਰ ਕਵਰੇਜ਼ ਕਰਨੀ ਚਾਹੀਦੀ ਹੈ ਜਿਹੜੀ ਨਹੀਂ ਕੀਤੀ ਜਾ ਰਹੀ।
ਕਿਸਾਨ ਅੰਦੋਲਨ ਕੇਂਦਰ ਸਰਕਾਰ ਦੁਆਰਾ ਬਣਾਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਵਿੱਢਿਆ ਗਿਆ ਹੈ। ਬਹੁਤੇ ਕੌਮੀ ਹਿੰਦੀ ਚੈਨਲਾਂ ਨੂੰ ਸਰਕਾਰ ਵਿਰੁੱਧ ਕੀਤੀ ਗਈ ਕਿਸੇ ਵੀ ਸਰਗਰਮੀ ਤੋਂ ਚਿੜ ਹੈ। ਵਧੇਰੇ ਕਰਕੇ ਉਹ ਅਜਿਹੀ ਸਰਗਰਮੀ ਦਾ ਜ਼ਿਕਰ ਹੀ ਨਹੀਂ ਕਰਦੇ ਅਤੇ ਇਧਰ-ਓਧਰ ਦੀਆਂ ਕਹਾਣੀਆਂ ਨਾਲ ਸਮਾਂ ਬਤੀਤ ਕਰਦੇ ਹਨ ਜਾਂ ਫਿਰ ਉਹ ਸਰਕਾਰ ਵਿਰੋਧੀ ਵਿਚਾਰ ਜਾਂ ਧਿਰ ਦੀ ਸਖ਼ਤ ਸ਼ਬਦਾਂ ਵਿਚ ਨੁਕਤਾਚੀਨੀ ਆਰੰਭ ਕਰ ਦਿੰਦੇ ਹਨ। ਲੰਮੇ ਸਮੇਂ ਤੋਂ ਇਲੈਕਟ੍ਰਾਨਿਕ ਮੀਡੀਆ ਵਿਚ ਇਹ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ।
ਰੋਜ਼ਾਨਾ ਪ੍ਰਾਈਮ ਟਾਈਮ ‘ਤੇ ਬਹੁਤੇ ਹਿੰਦੀ ਨਿਊਜ਼ ਚੈਨਲ ਵਰਤਮਾਨ ਸਥਿਤੀਆਂ ਦੇ ਪ੍ਰਸੰਗ ਵਿਚ ਗੈਰ-ਜ਼ਰੂਰੀ ਮੁੱਦਿਆਂ ਦੀ ਪਟਾਰੀ ਖੋਲ੍ਹ ਕੇ ਬੈਠ ਜਾਂਦੇ ਹਨ। ਜਿਵੇਂ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੀਆਂ ਮੰਗਾਂ ਦਾ ਕੋਈ ਮਹੱਤਵ ਹੀ ਨਾ ਹੋਵੇ। ਬੱਸ ਉਹ ਸਰਕਾਰ ਦੀ ਨਜ਼ਰ ਵਿਚ ਚੰਗੇ ਬਣੇ ਰਹਿਣਾ ਚਾਹੁੰਦੇ ਹਨ। ਕੋਈ ਲਵ ਜਹਾਦ ਲੈ ਕੇ ਖਿੱਚਣ ਲੱਗਦਾ ਹੈ। ਕੋਈ ਕਿਸੇ ਮੰਦਰ ਦਾ ਮਸਲਾ ਜਾਣ ਬੁੱਝਕੇ ਉਛਾਲਦਾ ਹੈ। ਜੇ ਹੋਰ ਕੁਝ ਨਹੀਂ ਤਾਂ ਪਾਕਿਸਤਾਨ ਅਤੇ ਚੀਨ ਤਾਂ ੋਰੈਡੀਮੇਡੋ ਮੁੱਦੇ ਤਿਆਰ ਹੀ ਹੁੰਦੇ ਹਨ।
ਹੈਰਾਨੀ ਹੋਈ ਕਿ ਬੀਤੇ ਦਿਨੀਂ ਕੁਝ ਚੈਨਲਾਂ ਨੇ ਇਕ ਟੈਲੀਵਿਜ਼ਨ ਇਸ਼ਤਿਹਾਰ ਨੂੰ ਤੂਲ ਦੇ ਕੇ ਹਿੰਦੂ-ਮੁਸਲਮਾਨ ਦਾ ਪੁਰਾਣਾ ਮੁੱਦਾ ਉਛਾਲਣ ਦੀ ਸਿਰਤੋੜ ਕੋਸ਼ਿਸ਼ ਕੀਤੀ ਪਰੰਤੂ ਇਸ ਵਿਚ ਉਹ ਬੁਰੀ ਤਰ੍ਹਾਂ ਨਾਕਾਮਯਾਬ ਰਹੇ।
ਜਿਵੇਂ ਨੋਟਬੰਦੀ ਅਤੇ ਜੀ.ਐਸ.ਟੀ ਕੌਮੀ ਮੁੱਦੇ ਬਣ ਗਏ ਹਨ, ਨਵੇਂ ਖੇਤੀ ਕਾਨੂੰਨਾਂ ਨੂੰ ਕੌਮੀ ਚੈਨਲਾਂ ਨੇ ਜਾਣ ਬੁੱਝ ਕੇ ਨਜ਼ਰ-ਅੰਦਾਜ਼ ਕਰਕੇ ਬਣਦਾ ਮਹੱਤਵ ਨਹੀਂ ਦਿੱਤਾ। ਖੋਜ਼ ਪੜਤਾਲ ਅਤੇ ਅਧਿਐਨ ਦੱਸਦੇ ਹਨ ਕਿ ਨਿਊਜ਼ ਚੈਨਲ ਸਿਆਸੀ ਐਨਕ ਰਾਹੀਂ ਕਿਸਾਨ ਅੰਦੋਲਨ ਦੀ ਕਵਰੇਜ਼ ਕਰ ਰਹੇ ਹਨ। ਹਰੇਕ ਚੈਨਲ ਆਪੋ-ਆਪਣੀ ਸਿਆਸੀ ਐਨਕ ਰਾਹੀਂ ਸਥਿਤੀ ਨੂੰ ਵੇਖਦਾ ਅਤੇ ਪੇਸ਼ ਕਰਦਾ ਹੈ। ਕਿਸਾਨ ਅੰਦੋਲਨ ਰਾਹੀਂ ਕਿਸ ਸਿਆਸੀ ਨੇਤਾ ਨੂੰ ਉਭਾਰਨਾ ਹੈ ਅਤੇ ਕਿਸਨੂੰ ਗੁੱਠੇ ਲਾਉਣਾ ਹੈ। ਨਿਊਜ਼ ਚੈਨਲਾਂ ਦਾ ਵਧੇਰੇ ਜ਼ੋਰ ਇਸ ਨੁਕਤੇ ‘ਤੇ ਰਹਿੰਦਾ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਕਿਸਾਨ ਸੰਘਰਸ਼ ਨਾਲ ਸੰਬੰਧਤ ਖ਼ਬਰਾਂ ਅਤੇ
ਕਹਾਣੀਆਂ ਨੂੰ ਤੋੜ ਮਰੋੜ ਕੇ ਪ੍ਰਸਾਰਿਤ ਤੇ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਲਗਾਤਾਰ ਕਵਰੇਜ਼ ਜਾਂ ਸੰਘਰਸ਼ ਦੀ ਸਮੁੱਚੀ ਸਥਿਤੀ ਨੂੰ ਪੇਸ਼ ਕਰਨ ਦੀ ਥਾਂ ਮਨਮਰਜ਼ੀ ਨਾਲ ਦ੍ਰਿਸ਼ ਅਤੇ ਫ਼ਿਲਮਾਂਕਣ ਵਿਖਾਇਆ ਜਾਂਦਾ ਹੈ।
ਸਮੱਸਿਆ ਦੀ ਗੰਭੀਰਤਾ ਤੇ ਗਹਿਰਾਈ ਨੂੰ ਜਾਣ-ਬੁੱਝ ਕੇ ਅੱਖੋਂ ਪਰੋਖੇ ਕਰਕੇ ਸਮੱਸਿਆ ਤੇ ਸੰਘਰਸ਼ ਨੂੰ ਸੀਮਤ ਤੇ ਇਲਾਕਾਈ ਬਣਾਉਣ ਦੀ ਸਾਜਿਸ਼ ਕੀਤੀ ਜਾਂਦੀ ਹੈ। ਕਿਸਾਨਾਂ ਦੀ ਮਿਹਨਤ, ਆਰਥਿਕ ਹਾਲਤ ਅਤੇ ਮੰਡੀ ਵਿਚ ਅਨਾਜ ਦੇ ਮਿਲਦੇ ਮੁੱਲ ‘ਤੇ ਗਹਿਰ ਗੰਭੀਰ ਚਰਚਾ ਹੋਣੀ ਚਾਹੀਦੀ ਹੈ। ਕਿਸਾਨ ਕੋਲੋਂ ਪੰਜ ਰੁਪਏ ਵਿਚ ਖਰੀਦੀ ਵਸਤ ਦੁਕਾਨ ਵਿਚ ਪਹੁੰਚ ਕੇ ਗਾਹਕ ਨੂੰ ਪੰਜਾਹ ਰੁਪਏ ਪ੍ਰਤੀ ਕਿਲੋ ਕਿਉਂ ਅਤੇ ਕਿਵੇਂ ਵੇਚੀ ਜਾਂਦੀ ਹੈ। ਇਸਦਾ ਜਵਾਬ ਅੱਜ ਤੱਕ ਨਾ ਸਰਕਾਰਾਂ, ਨਾ ਸੰਬੰਧਤ ਮਹਿਕਮੇ ਅਤੇ ਨਾ ਖੇਤੀਬਾੜੀ ਮਾਹਿਰਾਂ ਵੱਲੋਂ ਦਿੱਤਾ ਗਿਆ ਹੈ। ਪੰਜਤਾਲੀ ਰੁਪਏ ਵਿਚ ਕਿਸਾਨ ਤੋਂ ਖਰੀਦ ਕੇ ਪੰਜਾਹ ਵਿਚ ਵੇਚਣ ਦੀ
ਸਮਝ ਤਾਂ ਆ ਸਕਦੀ ਹੈ। ਪਰੰਤੂ ਉਪਰੋਕਤ ਵਰਤਾਰਾ ਸਮਝ ਤੋਂ ਬਾਹਰ ਹੈ ਅਤੇ ਕਿਸਾਨ ਦੀ ਆਰਥਿਕ ਮੰਦਹਾਲੀ ਲਈ ਇਹੀ ਜ਼ਿੰਮੇਵਾਰ ਹੈ।
ਕਿਸਾਨੀ ਦੇਸ਼ ਦੀ ਰੀਢ ਦੀ ਹੱਡੀ ਹੈ। 70 ਫ਼ੀਸਦੀ ਤੋਂ ਵੱਧ ਆਬਾਦੀ ਪਿੰਡਾਂ ਵਿਚ ਵੱਸਦੀ ਹੈ। ਅਫ਼ਸੋਸ ਕਿ ਦੇਸ਼ ਦੇ ਇਸ ਵੱਡੇ ਹਿੱਸੇ ਨੂੰ ਭਾਰਤੀ ਮੀਡੀਆ ਵਿਚ ਬਹੁਤ ਸੀਮਤ ਕਵਰੇਜ਼, ਬਹੁਤ ਘੱਟ ਥਾਂ ਮਿਲਦੀ ਹੈ। ਮੀਡੀਆ ਕਾਰੋਬਾਰ ਬਣ ਗਿਆ ਹੈ ਅਤੇ ਕਾਰੋਬਾਰ ਵਿਚ ਉਸੇ ਚੀਜ਼ ਦਾ ਮੁੱਲ ਮਹੱਤਵ ਹੈ ਜਿਹੜੀ ਵਿਕਦੀ ਹੈ। ਦਰਸ਼ਕਾਂ ਤੇ ਪਾਠਕਾਂ ਨੂੰ ਕਿਸਾਨ ਤੇ ਕਿਸਾਨੀ ਸੰਬੰਧੀ ਬਹੁਤ ਘੱਟ ਵੇਖਣ ਪੜ੍ਹਨ ਨੂੰ ਮਿਲਦਾ ਹੈ। ਇਹੀ ਸਥਿਤੀ ਕਿਸਾਨ ਤੇ ਕਿਸਾਨੀ ਸੰਕਟ ਤੇ ਸੰਘਰਸ਼ ਦੀ ਹੈ। ਇਹ ਭਾਰਤੀ ਕਿਸਾਨ ਤੇ ਕਿਸਾਨੀ ਦਾ ਦੁਖਾਂਤ ਹੈ ਕਿ ਇੱਥੇ ਸਭ ਕੁਝ ਸਿਆਸੀ ਐਨਕ ਰਾਹੀਂ ਵੇਖਿਆ ਜਾਂਦਾ ਹੈ। ਮੀਡੀਆ ਕਵਰੇਜ ਸਿਆਸੀ ਪਾਰਟੀਆਂ, ਸਿਆਸੀ ਨੇਤਾਵਾਂ ਨੂੰ ਲਾਭ ਹਾਨੀ ਪਹੁੰਚਾਉਣ ਦੇ ਨਜ਼ਰੀਏ ਤੋਂ ਕੀਤੀ ਜਾਂਦੀ ਹੈ। ਅਸਲ ਮੁੱਦਾ ਹਾਸ਼ੀਏ ‘ਤੇ ਚਲਾ ਜਾਂਦਾ ਹੈ। ਕਿਸਾਨ ਸੰਘਰਸ਼ ਨਾਲ ਸੰਬੰਧਤ 80 ਫ਼ੀਸਦੀ ਖ਼ਬਰਾਂ ਤੇ ਹੋਰ ਵੇਰਵੇ ਸਿਆਸੀ ਨੇਤਾਵਾਂ ਦੁਆਲੇ ਕੇਂਦਰਿਤ ਰਹਿੰਦੇ ਹਨ। ਮੰਤਰੀ, ਨੇਤਾ, ਸਿਆਸੀ ਆਗੂ ਕਵਰੇਜ ਦੌਰਾਨ ਸਭ ਤੋਂ ਵੱਧ ਵਰਤੇ ਜਾਣ ਵਾਲੇ ਸ਼ਬਦ ਹਨ।
ਵਿਦੇਸ਼ੀ ਮੀਡੀਆ ਦੁਆਰਾ, ਭਾਰਤੀ ਮੀਡੀਆ ਵੱਲੋਂ ਖੇਤੀਬਾੜੀ ਜਾਂ ਦਿਹਾੜੀ ਜੀਵਨ ਨੂੰ ਦਿੱਤੀ ਜਾਂਦੀਕਵਰੇਜ ਸੰਬੰਧੀ ਹੈਰਾਨੀਜਨਕ ਖਲਾਸੇ ਕੀਤੇ ਜਾ ਰਹੇ ਹਨ। ਅਲਜਜ਼ੀਰਾ ਦਾ ਕਹਿਣਾ ਹੈ ਕਿ ਭਾਰਤੀ ਮੀਡੀਆ ਦਿਹਾਤੀ ਜੀਵਨ ਨੂੰ ਮੁੱਖ ਪੰਨੇ ‘ਤੇ ਜਗ੍ਹਾ ਨਹੀਂ ਦਿੰਦਾ। ਮੁੱਖ ਪੰਨੇ ‘ਤੇ ਸਿਆਸਤ ਅਤੇ ਸਿਆਸੀ ਸਰਗਰਮੀਆਂ ਹਾਵੀ ਰਹਿੰਦੀਆਂ ਹਨ। ਕਿਸਾਨੀ ਨੂੰ ਕੇਵਲ ਸੰਕਟ ਸਮੇਂ ਜਾਂ ਸੰਬੰਧਤ ਪੰਨੇ ਜਾਂ ਕੜੀ ਵਿਚ ਹੀ ‘ਸਪੇਸ’ ਮਿਲਦੀ ਹੈ।

(ਪ੍ਰੋ. ਕੁਲਬੀਰ ਸਿੰਘ)
+91 94171-53513
prof_kulbir@yahoo.com

Install Punjabi Akhbar App

Install
×