ਭਾਰਤੀ ਸਮਾਜ ਵਿੱਚ ਔਰਤ ਹੋਣਾ ਇੱਕ ਗੁਨਾਹ ਹੈ ਤੇ ਅਨਪੜ੍ਹ ਅਤੇ ਰੂੜੀਵਾਦੀ ਪਰਿਵਾਰਾਂ ਵਿੱਚ ਪੈਦਾ ਹੋਣਾ ਹੋਰ ਵੀ ਵੱਡਾ ਗੁਨਾਹ ਹੈ। ਅਜਿਹੇ ਪਰਿਵਾਰਾਂ ਵਾਲੇ ਲੜਕੀ ਨੂੰ ਜਿਸ ਵੀ ਅਨਪੜ੍ਹ, ਲੰਗੜੇ, ਲੂਲੇ, ਨਖੱਟੂ ਅਤੇ ਨਸ਼ਈ ਵਿਸ਼ਈ ਦੇ ਲੜ ਲਗਾ ਦੇਣ, ਉਸ ਦੇ ਨਾਲ ਹੀ ਇਹ ਸੋਚ ਕੇ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ ਕਿ ਸਮਾਜ ਕੀ ਕਹੇਗਾ? ਪਰਿਵਾਰ ਵਾਲੇ ਵੀ ਡੋਲੀ ਤੋਰਨ ਲੱਗਿਆਂ ਸਦੀਆਂ ਪੁਰਾਣੀ ਸੜੀ ਗਲੀ ਮੱਤ ਜਰੂਰ ਦੇਣਗੇ, ”ਪੁੱਤਰ ਹੁਣ ਉਸ ਘਰ ‘ਚੋਂ ਤੇਰੀ ਅਰਥੀ ਹੀ ਨਿਕਲਣੀ ਚਾਹੀਦੀ ਹੈ।” ਸਭ ਤੋਂ ਘਟੀਆ ਕਰਤੂਤ ਉਹ ਲੋਕ ਕਰਦੇ ਹਨ ਜੋ ਆਪਣੇ ਵਿਗੜੇ ਹੋਏ ਲੜਕੇ ਦੀ ਸ਼ਾਦੀ ਸਿਰਫ ਇਸ ਲਈ ਕਰ ਦਿੰਦੇ ਹਨ ਕਿ ਵਿਆਹ ਤੋਂ ਬਾਅਦ ਸ਼ਾਇਦ ਇਹ ਸੁਧਰ ਜਾਵੇਗਾ। ਜਿਸ ਮੁਸ਼ਟੰਡੇ ਨੂੰ ਸਾਰਾ ਪਰਿਵਾਰ ਨਹੀਂ ਸੁਧਾਰ ਸਕਿਆ, ਉਸ ਨੂੰ ਇੱਕ ਅਬਲਾ ਨਾਰੀ ਕਿਵੇਂ ਸੁਧਾਰ ਸਕਦੀ ਹੈ? ਪੰਜਾਬ ਵਿੱਚ ਇਸ ਵੇਲੇ ਸਭ ਤੋਂ ਬੁਰੀ ਹਾਲਤ ਚਿੱਟਾ, ਮੈਡੀਕਲ ਨਸ਼ਾ ਅਤੇ ਸਮੈਕ ਆਦਿ ਦੀ ਵਰਤੋਂ ਕਰਨ ਵਾਲੇ ਨਸ਼ੱਈਆਂ ਦੇ ਪਰਿਵਾਰਾਂ ਦੀ ਹੈ। ਨਸ਼ੱਈ ਨੂੰ ਨਸ਼ੇ ਦੀ ਪੂਰਤੀ ਕਰਨ ਵਾਸਤੇ ਰੋਜ਼ਾਨਾ ਘੱਟੋ ਘੱਟ ਪੰਜ ਸੱਤ ਸੌ ਰੁਪਏ ਚਾਹੀਦੇ ਹੁੰਦੇ ਹਨ। ਕੰਮ ਕਾਰ ਤਾਂ ਉਹ ਕੁਝ ਕਰਦੇ ਨਹੀਂ, ਇਸ ਲਈ ਜਾਂ ਤਾਂ ਚੋਰੀ, ਚਕਾਰੀ, ਲੁੱਟ, ਖੋਹ ਕਰ ਕੇ ਪੈਸੇ ਦਾ ਇੰਤਜ਼ਾਮ ਕਰਦੇ ਹਨ ਤੇ ਜਾਂ ਫਿਰ ਘਰ ਦੇ ਭਾਂਡੇ ਵੇਚ ਕੇ ਨਸ਼ੇ ਦੀ ਪੂਰਤੀ ਕਰਦੇ ਹਨ। ਉਹਨਾਂ ਦਾ ਸਭ ਤੋਂ ਅਸਾਨ ਸ਼ਿਕਾਰ ਪਤਨੀਆਂ ਬਣਦੀਆਂ ਹਨ ਜੋ ਦਿਨ ਰਾਤ ਹੱਡ ਤੋੜ ਮਿਹਨਤ ਕਰ ਕੇ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ। ਘਰ ਵਿੱਚ ਰੋਟੀ ਪੱਕੇ ਜਾਂ ਨਾ, ਬੱਚਿਆਂ ਦੇ ਸਕੂਲਾਂ ਦੀਆਂ ਫੀਸਾਂ ਦਿੱਤੀਆਂ ਜਾਣ ਜਾਂ ਨਾ, ਨਸ਼ੱਈਆਂ ਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਹੁੰਦਾ।
ਸਭ ਤੋਂ ਬੁਰੀ ਹਾਲਤ ਇਹਨਾਂ ਨਿਮਾਣੀਆਂ ਦੀ ਉਦੋਂ ਹੁੰਦੀ ਹੈ ਜਦੋਂ ਨਸ਼ੱਈ ਪਤੀ ਥੋੜ੍ਹੇ ਬਹੁਤੇ ਚਿੱਟੇ – ਸਮੈਕ ਨਾਲ ਪੁਲਿਸ ਦੇ ਅੜਿੱਕੇ ਚੜ੍ਹ ਜਾਂਦਾ ਹੈ। ਬੱਚੇ ਕੱਛੇ ਮਾਰੀ ਪੁਲਿਸ ਵਾਲਿਆਂ ਤੇ ਵਕੀਲਾਂ ਦੇ ਤਰਲੇ ਕੱਢਦੀਆਂ ਨੂੰ ਵੇਖ ਕੇ ਤਰਸ ਆਉਂਦਾ ਹੈ। ਪਤਾ ਨਹੀਂ ਕਿੱਥੋਂ ਵਿਆਜ਼ੀ ਪੈਸੇ ਫੜ੍ਹ ਕੇ ਇਹਨਾਂ ਨਖੱਟੂਆਂ ਦੀਆਂ ਜ਼ਮਾਨਤਾਂ ਭਰਦੀਆਂ ਹਨ? ਡੇਢ ਦੋ ਸਾਲ ਪੁਰਾਣੀ ਗੱਲ ਹੈ ਕਿ ਮੈਂ ਇੱਕ ਜਿਲ੍ਹੇ ਵਿੱਚ ਐਸ.ਪੀ. ਡਿਟੈਕਟਿਵ ਲੱਗੇ ਆਪਣੇ ਦੋਸਤ ਨੂੰ ਕਿਸੇ ਕੰਮ ਲਈ ਮਿਲਣ ਵਾਸਤੇ ਗਿਆ। ਉਹ ਅੱਗੋਂ ਇੱਕ ਸ਼ਹਿਰੀ ਥਾਣੇ ਦੀ ਇੰਸਪੈਕਸ਼ਨ ਕਰਨ ਲਈ ਗਿਆ ਹੋਇਆ ਸੀ ਤੇ ਉਸ ਨੇ ਮੈਨੂੰ ਉਥੇ ਹੀ ਆਉਣ ਲਈ ਕਹਿ ਦਿੱਤਾ। ਉਥੇ ਪਹੁੰਚ ਕੇ ਮੈਂ ਇੱਕ ਅਜੀਬ ਤਰਾਂ ਦਾ ਵਾਕਿਆ ਵੇਖਿਆ। ਪੁਲਿਸ ਵਾਲਿਆਂ ਨੇ ਇੱਕ ਬੰਦੇ ਦੇ ਖਿਲਾਫ 50 60 ਗ੍ਰਾਮ ਸਮੈਕ ਬਰਾਮਦਗੀ ਦਾ ਮੁਕੱਦਮਾ ਦਰਜ਼ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ। ਉਸ ਦਿਨ ਦੋ ਢਾਈ ਵਜੇ ਉਸ ਨੂੰ ਜੱਜ ਦੇ ਸਾਹਮਣੇ ਪੇਸ਼ ਕਰਨਾ ਸੀ ਪਰ ਉਹ ਬੰਦਾ ਸਿਰੇ ਦਾ ਅਮਲੀ ਸੀ। ਗ੍ਰਿਫਤਾਰੀ ਤੋਂ ਬਾਅਦ ਸਮੈਕ ਨਾ ਮਿਲਣ ਕਾਰਨ ਉਸ ਦੀ ਹਾਲਤ ਖਰਾਬ ਹੋਈ ਪਈ ਸੀ ਤੇ ਡਾਕਟਰ ਦੀ ਦਵਾਈ ਕੋਈ ਬਹੁਤਾ ਅਸਰ ਨਹੀਂ ਸੀ ਕਰ ਰਹੀ।
ਉਸ ਦੀ ਪਤਨੀ ਦੋ ਛੋਟੇ ਜਿਹੇ ਬੱਚਿਆਂ ਨੂੰ ਉਂਗਲ ਲਾਈ ਐਸ.ਐਚ.ਉ. ਦੇ ਤਰਲੇ ਕੱਢ ਰਹੀ ਸੀ ਕਿ ਇਸ ਨੂੰ ਸਮੈਕ ਦਿੱਤੀ ਜਾਵੇ। ਜਦੋਂ ਐਸ.ਐਚ.ਉ. ਨੇ ਥਾਣੇ ਵਿੱਚ ਸਮੈਕ ਨਾ ਹੋਣ ਬਾਰੇ ਦੱਸਿਆ ਤਾਂ ਉਹ ਪਤਾ ਨਹੀਂ ਕਿੱਥੋਂ ਦੋ ਪੁੜੀਆਂ ਲੈ ਆਈ। ਉਸ ਨੇ ਤਰਲਾ ਮਾਰਿਆ ਕਿ ਰੱਬ ਦੇ ਵਾਸਤੇ ਇਸ ਨੂੰ ਸਮੈਕ ਪੀ ਲੈਣ ਦਿਉ, ਨਹੀਂ ਤਾਂ ਇਹ ਮਰ ਜਾਵੇਗਾ। ਮੇਰੇ ਛੋਟੇ ਛੋਟੇ ਬੱਚਿਆਂ ‘ਤੇ ਤਰਸ ਕਰੋ। ਉਹ ਨਸ਼ੱਈ ਪੱਕਾ ਬਦਮਾਸ਼ ਸੀ ਤੇ ਪਹਿਲਾਂ ਵੀ ਸਮੈਕ ਵੇਚਣ ਦੇ ਦੋਸ਼ ਹੇਠ ਕਈ ਵਾਰ ਜੇਲ੍ਹ ਜਾ ਚੁੱਕਾ ਸੀ। ਇਸ ਤੋਂ ਇਲਾਵਾ ਇੱਕ ਦਿਨ ਪਹਿਲਾਂ ਹੋਈ ਕਰਾਈਮ ਮੀਟਿੰਗ ਵਿੱਚ ਐਸ.ਐਸ.ਪੀ. ਨੇ ਉਸ ਐਸ.ਐਚ.ਉ. ਦੀ ਥਾਣੇ ਦੇ ਇਲਾਕੇ ਵਿੱਚ ਨਸ਼ਾ ਵਿਕਣ ਦੀ ਸ਼ਿਕਾਇਤ ਮਿਲਣ ਕਾਰਨ ਸਭ ਦੇ ਸਾਹਮਣੇ ਰੱਜ ਕੇ ਬੇਇੱਜ਼ਤੀ ਕੀਤੀ ਸੀ ਤੇ ਲਾਈਨ ਹਾਜ਼ਰ ਕਰਨ ਦੀ ਧਮਕੀ ਦਿੱਤੀ ਸੀ। ਇਸ ਲਈ ਉਸ ਨੇ ਖਿਝ੍ਹ ਕੇ ਔਰਤ ਨੂੰ ਕਿਹਾ, ”ਇਹ ਮਰਦਾ ਹੈ ਤਾਂ ਮਰ ਜੇ, ਲਹਿਜੇ ਸਾਡੇ ਗਲੋਂ। ਇਹੋ ਜਿਹੇ ਗੰਦੇ ਬੰਦਿਆਂ ਕਾਰਨ ਹੀ ਸਾਡੀ ਬਿਨਾਂ ਵਜ੍ਹਾ ਕੁੱਤੇਖਾਣੀ ਹੁੰਦੀ ਹੈ।”
ਆਪਣੇ ਪਤੀ ਦੇ ਮਰਨ ਦੀ ਗਾਲ੍ਹ ਸੁਣ ਕੇ ਉਸ ਔਰਤ ਦਾ ਲਹਿਜ਼ਾ ਇੱਕ ਦਮ ਬਦਲ ਗਿਆ। ਚਾਹੇ ਉਸ ਦਾ ਪਤੀ ਵੱਡਾ ਸਮੈਕੀਆ ਸੀ ਤੇ ਸ਼ਾਇਦ ਉਸ ਦੀ ਕੁੱਟ ਮਾਰ ਵੀ ਕਰਦਾ ਹੋਵੇਗਾ, ਪਰ ਉਹ ਇਹ ਬਰਦਾਸ਼ਤ ਨਾ ਕਰ ਸਕੀ ਕਿ ਕੋਈ ਉਸ ਨੂੰ ਮਰਨ ਦੀ ਬੱਦਦੁਆ ਦੇਵੇ। ਉਸ ਦੇ ਅੰਦਰਲੀ ਪਤਨੀ ਜਾਗ ਉੱਠੀ ਤੇ ਉਹ ਚੰਡੀ ਬਣ ਕੇ ਐਸ.ਐਚ.ਉ. ਨੂੰ ਪੈ ਗਈ, ”ਇਹ ਕਿਉਂ ਮਰੇ ਮੇਰੇ ਬੱਚਿਆਂ ਦਾ ਪਿਉ? ਉਹ ਵੱਡੇ ਬਲੈਕੀਏ ਕਿਉਂ ਨਾ ਮਰਨ, ਜਿਹੜੇ ਇਹੋ ਜਿਹਿਆਂ ਨੂੰ ਚਾਟ ‘ਤੇ ਲਾਉਂਦੇ ਹਨ। ਉਹ ਲੀਡਰ ਕਿਉਂ ਨਾ ਮਰਨ, ਜਿਹਨਾਂ ਦੀ ਮਰਜ਼ੀ ਨਾਲ ਇਹ ਧੰਦਾ ਚੱਲਦਾ ਹੈ। ਮੈਂ ਕਹਿਨੀ ਆਂ ਤੁਸੀਂ ਕਿਉਂ ਨਹੀਂ ਮਰਦੇ ਸਾਰੇ, ਜਿਹੜੇ ਸਾਡੇ ਵਰਗੇ ਗਰੀਬਾਂ ਨੂੰ ਫੜ੍ਹ ਕੇ ਖਾਨਾਪੂਰਤੀ ਕਰੀ ਜਾਂਦੇ ਹੋ।” ਉੱਚੀ ਉੱਚੀ ਬੋਲਦੀ ਹੋਈ ਉਹ ਔਰਤ ਹਫਣ ਲੱਗ ਪਈ। ਜੇ ਉਸ ਨੂੰ ਇੱਕ ਸਿਆਣੀ ਮਹਿਲਾ ਕਾਂਸਟੇਬਲ ਬਾਹੋਂ ਫੜ੍ਹ ਕੇ ਪਰ੍ਹਾਂ ਨਾ ਲੈ ਜਾਂਦੀ ਤਾਂ ਸ਼ਾਇਦ ਉਹ ਕੁਝ ਹੋਰ ਵੀ ਸ਼ਲੋਕ ਸੁਣਾਉਂਦੀ।