ਵਿਸ਼ਵ ਪ੍ਰਸਿੱਧ ਗਾਇਕ ਪ੍ਰੇਮੀ ਜੌਹਲ “ਤੂੰ ਮੇਰੀ ਸਰਦਾਰਨੀ” ਗੀਤ ਲੈ ਕੇ ਹੋਇਆ ਹਾਜ਼ਰ

ਯੂਕੇ ਵਸਦੇ ਪ੍ਰੇਮੀ ਜੌਹਲ ਨੇ ਸੰਗੀਤ ਜਗਤ ਨੂੰ ਦਿੱਤੇ ਹਨ ਅਨੇਕਾਂ ਹਿੱਟ ਗੀਤ 

(ਲੰਡਨ/ ਗਲਾਸਗੋ) -ਸੰਗੀਤ ਵਰਗੀ ਕੋਮਲ ਕਲਾ ਨਾਲ ਜੁੜਿਆ ਇਨਸਾਨ ਕੋਮਲ ਸੁਭਾਅ ਦਾ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਜੇਕਰ ਕੋਈ ਅੱਖੜ ਹੋਵੇਗਾ ਤਾਂ ਸੰਗੀਤ ਨੇ ਉਸਦੇ ਮਨ ਅੰਦਰ ਵਾਸਾ ਹੀ ਨਹੀਂ ਕੀਤਾ ਹੋਣਾ। ਯੂਕੇ ਵਸਦਾ ਗਾਇਕ ਪ੍ਰੇਮੀ ਜੌਹਲ ਅਜਿਹਾ ਹੀ ਨਿਮਰ ਇਨਸਾਨ ਹੈ ਜਿਸਨੇ ਬੁਲੰਦੀਆਂ ਦਾ ਸਰੂਰ ਮਾਨਣ ਦੇ ਬਾਵਜੂਦ ਵੀ ਪੈਰ ਧਰਤੀ ‘ਤੇ ਹੀ ਰੱਖੇ ਹਨ। ਸੰਗੀਤ ਜਗਤ ਦੀ ਝੋਲੀ ਅਨੇਕਾਂ ਹਿੱਟ ਗੀਤ ਪਾਉਣ ਵਾਲੇ ਪ੍ਰੇਮੀ ਜੌਹਲ ਵੱਲੋਂ ਹਾਲ ਹੀ ਵਿੱਚ ਆਪਣਾ ਨਵਾਂ ਗੀਤ “ਤੂੰ ਮੇਰੀ ਸਰਦਾਰਨੀ” ਲੋਕ ਅਰਪਣ ਕੀਤਾ ਹੈ। ਇਸ ਗੀਤ ਦਾ ਰਚੇਤਾ ਤੇ ਕੰਪੋਜਰ ਵੀ ਪ੍ਰੇਮੀ ਜੌਹਲ ਖੁਦ ਹਨ। ਇੱਕ ਘਰਵਾਲੇ ਵੱਲੋਂ ਆਪਣੀ ਘਰਵਾਲੀ ਦੀਆਂ ਸਿਫਤਾਂ ਨਾਲ ਲਬਰੇਜ਼ ਇਸ ਗੀਤ ਦਾ ਸੰਗੀਤ ਪੌਪਸੀ ਮਿਊਜ਼ਿਕ ਮਸ਼ੀਨ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਪ੍ਰੇਮੀ ਜੌਹਲ ਨੇ ਕਿਹਾ ਕਿ ਪੰਜਾਬੀ ਸ੍ਰੋਤਿਆਂ ਨੇ ਹਮੇਸ਼ਾ ਹੀ ਉਹਨਾਂ ਨੂੰ ਪੰਡਾਂ ਭਰ ਭਰ ਮਾਣ ਦਿੱਤਾ ਹੈ। ਉਮੀਦ ਹੀ ਨਹੀਂ ਸਗੋਂ ਯਕੀਨ ਵੀ ਹੈ ਕਿ ਉਹ “ਤੂੰ ਮੇਰੀ ਸਰਦਾਰਨੀ” ਗੀਤ ਨੂੰ ਵੀ ਰੱਜਵਾਂ ਪਿਆਰ ਦੇਣਗੇ।