ਕੌੜਤੁੰਮੇ ਵਰਗਾ ਮਿੱਠਾ ਸੱਚ – ”ਆਹ ਲਾਏ ਕੰਨਾਂ ਨੂੰ ਹੱਥ, ਹੁਣ ਫੋਨ ਨੀ ਕਰਨਾ…….” 

Amar Minia (Glasgow)001

ਮੈ ਮਹੀਨਾ ਕੁ ਪਹਿਲਾ ਪਿੰਡੋਂ ਦੋ ਕੁ ਮਹੀਨੇ ਦੀ ਛੁੱਟੀ ਕੱਟ ਕੇ ਆਇਆ ਹਾ। ਇੱਥੇ ਆ ਕੇ ਜ਼ਰੂਰੀ ਕੰਮ ਤੋ ਬਿਨਾ ਇੰਡੀਆ ਕੋਈ ਫੋਨ ਨਹੀ ਲਾਇਆ। ਹੁਣ ਤੁਸੀਂ ਸੋਚੋਂਗੇ ਜ਼ਰੂਰ ਕਿ ਐਸਾ ਕੀ ਕੱਦੂ ‘ਚ ਤੀਰ ਮਾਰ ਦਿੱਤਾ ਕਿ ਅਖੇ ਕਿਸੇ ਨੂੰ ਫੋਨ ਨਹੀਂ ਲਾਇਆ। ਜੋ ਕੁਝ ਮੈਂ ਖੁਦ ਅੱਖੀਂ ਦੇਖ ਕੇ ਤੇ ਕੰਨੀਂ ਸੁਣ ਕੇ ਆਇਆ ਹਾਂ, ਸ਼ਾਇਦ ਤੁਹਾਡੇ ਲੀ ਕੰਮ ਆ ਜਾਵੇ। ਤੁਸੀਂ ਵੀ ਜ਼ਮੀਨੀ ਹਕੀਕਤ ਤੋਂ ਜਾਣੂੰ ਹੋ ਜਾਵੋਂ। ਹੋਇਆ ਇਉਂ ਕਿ ਸਵੇਰੇ ਧੁੰਦ ਪਈ ਹੋਈ ਸੀ ਤੇ ਛੋਟਾ ਭਰਾ ਡੇਅਰੀ ਦੁੱਧ ਪਾਉਣ ਜਾ ਰਿਹਾ ਸੀ। ਮੈ ਵੀ ਭੂਰੇ ਦੀ ਬੁੱਕਲ ਮਾਰ ਕੇ ਨਾਲ ਤੁਰ ਪਿਆ। ਸੱਤ ਅੱਠ ਜਣੇ ਦੁੱਧ ਪਾਉਣ ਆਏ ਹੋਏ ਸਨ। ਇੱਕ ਨੂੰ ਡੇਅਰੀ ਵਾਲਾ ਕਹਿੰਦਾ, ”ਚਾਚਾ ਕੀ ਗੱਲ ਹੋ ਗਈ? ਅੱਜਕੱਲ੍ਹ ਲੇਟ ਹੋ ਜਾਨਾ? ਅਗਲੇ ਦੀ ਦੁੱਖਦੀ ਰਗ ਨੱਪੀ ਗਈ ਤੇ ਹੋ ਗਿਆ ਸ਼ੂਰੂ, ”ਯਾਰ ਆ ਕਨੇਡੇ ਵਾਲਿਆ ਨੇ ਤੰਗ ਕੀਤਾ ਹੋਇਆ। ਆਪ ਤਾ ਰਾਤ ਨੂੰ ਕੰਮਾ ਕਾਰਾ ਤੋ ਵਿਹਲੇ ਹੁੰਦੇ ਆ, ਲਾਕੇ ਦੋ ਕੁ ਲੰਡੂ ਪੇਕ ਫੋਨ ਘੁਮਾ ਦਿੰਦੇ ਆ। ਇਧਰ ਆਪਣਾ ਪੱਠੇ ਦੱਥੇ ਤੇ ਸਵੇਰੇ ਧਾਰਾ ਕੱਢਣ ਦਾ ਟੈਮ ਹੁੰਦੈ। ਕੱਲ੍ਹ ਦੌਧਰ ਆਲੇ ਫੁੱਫੜ ਦਾ ਆ ਗਿਆ। ਅੱਜ ਆਪਣੇ ਦੀਪੇ ਨੇ ਲਾ ਲਿਆ। ਉਹਨਾ ਦੇ ਨਸ਼ੇ ਪੱਤੇ ਖਿੜੇ ਹੁੰਦੇ ਆ, ਇਧਰ ਸਾਡਾ ਰਾਤ ਵਾਲੇ ਸੰਤਰੇ ਨੇ ਸਿਰ ਫੜਿਆ ਹੁੰਦਾ। ਹੁਣ ਬੰਦਾ ਕਿੰਨੀਆ ਕੁ ਗੱਲਾ ਕਰੀ ਜਾਵੇ? ਐਵੇ ਹੀ ਪਿੰਡ ਦੇ ਬੰਦਿਆ ਦਾ ਹਾਲ ਪੁੱਛੀ ਜਾਣਗੇ। ਫਲਾਨਾ ਕੀ ਕਰਦਾ, ਢਿੰਮਕਾਨਾ ਕੀ ਕਰਦਾ? ਲੱਲੂ ਪੰਜੂ ਬੰਦਿਆ ਦਾ ਹਾਲ ਪੁੱਛਣਗੇ, ਠਰਕੀ ਬੁੜਿਆ ਦੀਆ ਹਰਕਤਾ ਬਾਰੇ ਜਾਣਕੇ ਸੁਆਦ ਲੈਣਗੇ। ਜਾ ਫਿਰ ਰਾਜਨੀਤੀ ਵਾਰੇ ਪੁੱਛਣਗੇ, ਜਿਵੇ ਮੈ ਕੋਈ ਬਾਦਲ ਦਾ ਮੁਨਸ਼ੀ ਹੋਵਾ। ਮੈ ਧਾਰਾ ਕੱਢਣੀਆ ਸੀ, ਮੈ ਘਰਵਾਲੀ ਨੂੰ ਫੋਨ ਫੜਾਤਾ, ਉਹਨੇ ਦੋ ਮਿੰਟ ਗੱਲ ਕਰਕੇ ਬੇਬੇ ਦੇ ਕੰਨ ਨੂੰ ਲਾਤਾ, ਬੇਬੇ ਨੂੰ ਉੱਚਾ ਸੁਣਦਾ ਉਹ ਪੁੱਤ ਪੁੱਤ ਕਰਦੀ ਰਹੀ, ”ਉੱਚਾ ਸੁਣਦੈ” ਕਹਿ ਕੇ ਬਾਪੂ ਨੂੰ ਫੋਨ ਫੜਾਤਾ। ਉਹਨੇ ਗੁਰਦੁਆਰੇ ਜਾਣਾ ਸੀ, ਤੁਰਿਆ ਜਾਂਦਾ ਜਾਂਦਾ ”ਸਿਆਪਾ” ਫਿਰ ਮੇਰੇ ਗਲ ਪਾ ਗਿਆ।

ਅਜੇ ਇੱਕ ਮੱਝ ਦੀ ਧਾਰ ਕੱਢੀ ਸੀ। ਮੈ ਬਥੇਰਾ ਗੱਲੀਬਾਤੀਂ ਕਿਹਾ ਕਿ ਮੇਰਾ ਕੰਮ ਵਿਚਾਲੇ ਪਿਐ। ਪਤੰਦਰ ਐਵੇ ਉੱਘ ਦੀਆ ਪਤਾਲ ਮਾਰੀ ਗਿਆ। ਮਸਾ ਖਹਿੜਾ ਛੁਡਾਇਆ, ਹਰ ਰੋਜ਼ ਉਹੀ ਲੇਟ ਕਰਾਉਦੈ ਭਤੀਜ। ਉਹਨੇ ਅਜੇ ਦੁੱਧ ਵਾਲੀ ਕਾਪੀ ਜੇਬ ‘ਚ ਪਾਈ ਨਹੀ ਸੀ। ਨਾਲ ਈ ਦੂਜਾ ਚੱਲ ਪਿਆ, ”ਸਾਡਾ ਛੋਰ ਜਿਆ ਵੀ ਪਿਛਲੇ ਸਾਲ ਪੜ੍ਹਨ ਗਿਆ ਕਨੇਡਾ, ਉਹ ਵੀ ਇਉਂ ਈ ਕਰਦੈ। ਟੈਮ ਟੂੰਮ ਵੀ ਨੀ ਵੇਖਦਾ, ਅੱਧੀ ਰਾਤ ਨੂੰ ਲਾਕੇ ਬੈਠ ਜਾਂਦਾ। ਐਥੇ ਸਾਲਾ ਸਾਰੀ ਦਿਹਾੜੀ ਸਰਪੰਚ ਦੇ ਘਰ ਮੂਹਰੇ ਤਾਸ਼ ‘ਤੇ ਬੈਠਾ ਰਹਿੰਦਾ ਸੀ। ਘਰ ਦੇ ਕੰਮ ਨੂੰ ਮੌਤ ਪੈਦੀ ਸੀ। ਹੁਣ ਲੋਪੋ ਵਾਲੇ ਸਾਧ ਵਾਗੂੰ ਮੱਤਾ ਦਿੰਦਾ।

ਹੁਣ ਤੀਜੇ ਦੀ ਵਾਰੀ ਸੀ। ”ਸਾਡੇ ਦੋ ਤਿੰਨ ਜਣੇ ‘ਮਰੀਕਾ ‘ਚ ਆ, ਟਰੱਕ ਚਲਾਉਦੇ ਆ। ਕੰਨਾਂ ਨੂੰ ਟੂਟੀਆ ਜੀਆ ਲਾ ਕੇ ਤਿੰਨ ਤਿੰਨ ਚਾਰ ਚਾਰ ਘੰਟੇ ਖਹਿੜਾ ਨੀ ਛੱਡਦੇ। ਲੰਮੇ ਰੂਟ ਆ, ਉਹਨਾ ਨੇ ਤਾ ਆਵਦੀ ਵਾਟ ਕੱਢਣੀ ਹੁੰਦੀ ਆ ਤੇ ਸਾਡੇ ਕੰਮ ਨੂੰ ਨਾਗ ਵਲ ਮਾਰ ਕੇ ਬਹਿ ਜਾਂਦੇ ਆ ਪੱਟੂ। ਜਦੋ ਕੋਈ ਗੱਲ ਨਾ ਆਵੇ ਤਾ ਹੋਰ ਫਿਰ…… ਹੋਰ ਫਿਰ ਕਰਨਗੇ। ਪਰਸੋ ਮੇਰਾ ਹੱਥ ਥੱਕ ਗਿਆ, ਮੈ ਸਪੀਕਰ ‘ਤੇ ਲਾ ਕੇ ਕਰਕੇ ਫੋਨ ਜੇਬ ‘ਚ ਪਾ ਲਿਆ। ਦੋਨੋ ਹੱਥ ਖਾਲੀ ਹੋ ਗਏ। ਗੱਲਾਂ ਕਰਦਾ ਕਰਦਾ ਬਰਸੀਨ ਵੱਢਣ ਲੱਗ ਪਿਆ। ਸਾਲੀ ਦਾਤੀ ਉਗਲ ‘ਚ ਫਿਰ ਗਈ।”

ਚੌਥੇ ਨੇ ਤਾ ਜਮਾ ਹੀ ਸਿਰੇ ਲਾਤੀ ਕਹਿੰਦਾ, ”ਆਹ ਵੋਟਾ ਵੇਲੇ ਸਾਡੇ ਇੰਗਲੈਡ ਵਾਲਿਆ ਨੇ ਸਾਡੇ ਚਿੱਤੜਾ ‘ਚ ਝਾੜੂ ਦੇਈ ਰੱਖਿਆ। ਦਿਨ ਰਾਤ ਇਕੋ ਹੀ ਗੱਲ, ਝਾੜੂ ਨੂੰ ਵੋਟਾ ਪਾਇਓ। ਕਾਲੀ ਕਾਗਰਸੀ ਤਾ ਲੋਟੂ ਆ। ਸਾਲੀ ਨਾ ਘੁੱਟ ਪੀਣ ਨੂੰ ਮਿਲੀ ਨਾ ਚਮਚਾ ਡੋਡੇ। ਆਹ ਬਿਲਾਸਪੁਰੀ ਜਿਤਾ ਵੀ ਦਿੱਤਾ। ਸਾਡਾ ਤਾ ਕੁਛ ਨੀ ਬਣਿਆ ਅਗਲਾ ਤਿੰਨ ਮੰਜਲੀ ਕੋਠੀ ਵਿੱਢੀ ਬੈਠੈ। ਐਥੇ ਅਸੀ ਪਿੰਡ ਵਾਲਿਆ ਨਾਲ ਮੂੰਹ ਵਿੰਗੇ ਕਰਲੇ। ਉਹ ਆਪਸ ਵਿੱਚ ਛਿੱਤਰੀ ਦਾਲ ਵੰਡਦੇ ਫਿਰਦੇ ਆ।”

ਇਹ ਸੁਣਕੇ ਮੈ ਆਵਦੇ ਭੂਰੇ ਦੀ ਬੁੱਕਲ ਨਾਸਾਂ ਤਾਈਂ ਉੱਚੀ ਕਰਲੀ ਕਿ ਕਿਤੇ ਕੋਈ ਪਛਾਣ ਹੀ ਨਾ ਲਵੇ। ਝਾੜੂ ਵਾਲਿਆ ਲਈ ਤਾ ਆਪਾ ਵੀ ਬਥੇਰੀਆ ਜੁੱਤੀਆ ਘਸਾਈਆ ਸੀ। ਇਸ ਚਰਚਾ ਦੌਰਾਨ ਬੇਸ਼ੱਕ ਮੈ ਵੀ ਟੋਟਕਿਆ ‘ਤੇ ਦੂਜਿਆ ਨਾਲ ਹੱਸਣ ਦੀ ਕੋਸ਼ਿਸ਼ ਕਰਦਾ ਰਿਹਾ। ਪਰ ਅੰਦਰੋ ਇੰਝ ਸੀ ਜਿਵੇ ਮੈ ਡੇਅਰੀ ਦੁੱਧ ਪਾਉਣ ਨਹੀ ਬਲਕਿ ਨਗਦ ਬੇਜ਼ਤੀ ਕਰਵਾਉਣ ਆਇਆ ਹੋਵਾਂ। ਬੱਚਤ ਰਹੀ ਕਿ ਕੰਬਲ ਦੀ ਬੁੱਕਲ ਤੇ ਧੁੰਦ ਨੇ ਪਰਦਾ ਰੱਖ ਲਿਆ। ਇਸ ਚਰਚਾ ਨੂੰ ਬਰੇਕ ਉਦੋ ਹੀ ਲੱਗੀ ਜਦੋ ਮੋਗੇ ਨੈਸਲੇ ਡੇਅਰੀ ਦੇ ਟੈਂਕਰ ਨੇ ਆ ਕੰਨ ਕੱਢੇ। ਡੇਅਰੀ ਆਲ਼ੇ ਦੁੱਧ ਐਧਰ ਓਧਰ ਕਰਨ ਲੱਗ ਪਏ ਤੇ ਅਸੀ ਘਰਾ ਨੂੰ ਤੁਰ ਪਏ। ਮੈਨੂੰ ਪੂਰੀ ਉਮੀਦ ਹੈ ਕਿ ਜੇ ਮੈ ਨਾਲ ਨਾ ਹੁੰਦਾ ਤਾ ਮੇਰੇ ਭਰਾ ਨੇ ਵੀ ਇਸ ਫੋਨ ਚਰਚਾ ਵਿੱਚ ਆਪਣਾ ਬਣਦਾ ਸਰਦਾ ”ਯੋਗਦਾਨ” ਪਾ ਦੇਣਾ ਸੀ।

ਅਮਰ ਮੀਨੀਆ (ਗਲਾਸਗੋ)
amarminia9@gmail.com

Install Punjabi Akhbar App

Install
×