ਕੋਰੋਨਾ ਸੰਕਟ ਕਾਰਨ ਟਾਲ਼ੀਆਂ ਜਾਣ ਰਾਸ਼ਟਰਪਤੀ ਚੋਣਾਂ -ਟਰੰਪ

ਸਾਨ ਫਰਾਂਸਿਸਕੋ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਨਵੰਬਰ ‘ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਅੱਗੇ ਪਾਉਣ ਦਾ ਸੁਝਾਅ ਦਿੱਤਾ ਹੈ | ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਨਵੰਬਰ 2020 ‘ਚ ਹੋਣ ਵਾਲੀਆਂ ਚੋਣਾਂ ਟਾਲ ਦਿੱਤੀਆਂ ਜਾਣ, ਕਿਉਂਕਿ ਪੋਸਟਲ ਵੋਟਿੰਗ ਜ਼ਰੀਏ ਰਾਸ਼ਟਰਪਤੀ ਦੀ ਚੋਣ ਕਰਨਾ ਸਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਪੋਸਟਲ ਵੋਟਿੰਗ ਨਾਲ 2020 ਦੀਆਂ ਰਾਸ਼ਟਰਪਤੀ ਚੋਣਾਂ ਇਤਿਹਾਸ ਦੀਆਂ ਸਭ ਤੋਂ ਜ਼ਿਆਦਾ ਗਲਤ ਤੇ ਧੋਖਾਧੜੀ ਵਾਲੀਆਂ ਵੋਟਾਂ ਹੋਣਗੀਆਂ, ਜਦੋਂਕਿ ਅਮਰੀਕਾ ਲਈ ਵੀ ਇਹ ਸ਼ਰਮਿੰਦਗੀ ਭਰਿਆ ਹੋਵੇਗਾ | ਉਨ੍ਹਾਂ ਕਿਹਾ ਕਿ ਚੋਣਾਂ ‘ਚ ਦੇਰੀ ਕੀਤੀ ਜਾਣੀ ਚਾਹੀਦੀ ਹੈ, ਜਦੋਂ ਤੱਕ ਲੋਕ ਢੰਗ ਨਾਲ, ਵਿਸ਼ਵਾਸ ਨਾਲ ਤੇ ਸੁਰੱਖਿਅਤ ਹੋ ਕੇ ਵੋਟ ਪਾਉਣ ਲਈ ਤਿਆਰ ਨਹੀਂ ਹੋ ਜਾਂਦੇ | ਇਸ ਮਾਮਲੇ ਸਬੰਧੀ ਗੱਲ ਕਰਦਿਆਂ ਕੈਲੀਫੋਰਨੀਆ ਯੂਨੀਵਰਸਿਟੀ ‘ਚ ਕਾਨੂੰਨ ਦੇ ਪੋ੍ਰਫੈਸਰ ਰਿਚਰਡ ਅਲ ਹਸੀਨ ਨੇ ਕਿਹਾ ਕਿ ਰਾਸ਼ਟਰਪਤੀ ਕੋਲ ਚੋਣਾਂ ਦੀ ਤਰੀਕ ਬਦਲਣ ਦੀ ਕੋਈ ਸ਼ਕਤੀ ਨਹੀਂ ਹੈ ਤੇ ਰਾਸ਼ਟਰਪਤੀ ਦਾ ਉਕਤ ਬਿਆਨ ਵੋਟਰਾਂ ਦੇ ਵਿਸ਼ਵਾਸ ਨੂੰ ਕਮਜ਼ੋਰ ਕਰਦਾ ਹੈ | ਇਸ ਤੋਂ ਇਲਾਵਾ ਹੋਰ ਮਾਹਿਰਾਂ ਦਾ ਵੀ ਕਹਿਣਾ ਹੈ ਕਿ ਟਰੰਪ ਚੋਣਾਂ ਮੁਲਤਵੀ ਨਹੀਂ ਕਰ ਸਕਦੇ | ਡੈਮੋਕੈ੍ਰਟਸ ਤੇ ਰਿਪਬਲਿਕਨਜ਼ ਨੇ ਵੀ ਤੁਰੰਤ ਰਾਸ਼ਟਰਪਤੀ ਦੇ ਬਿਆਨ ਦੀ ਨਿੰਦਾ ਕੀਤੀ, ਜਦੋਂਕਿ ਕਈਆਂ ਨੇ ਰਾਸ਼ਟਰਪਤੀ ਵਲੋਂ ਅਧਿਕਾਰਾਂ ਦੀਆਂ ਹੱਦਾਂ ਦੀ ਅਣਦੇਖੀ ਕਰਨ ‘ਤੇ ਇਤਰਾਜ਼ ਜ਼ਾਹਰ ਕੀਤਾ |

ਧੰਨਵਾਦ ਸਹਿਤ (ਅਜੀਤ)