ਟਰੰਪ-ਇਮਰਾਨ ਮੁਲਾਕਾਤ: ਕਸ਼ਮੀਰ ਮਸਲੇ ਦੇ ਹੱਲ ਲਈ ਮੁੜ ਵਿਚੋਲਗੀ ਦੀ ਪੇਸ਼ਕਸ਼

FullSizeRender
ਨਿਊਯਾਰਕ, 24 ਸਤੰਬਰ (ਰਾਜ ਗੋਗਨਾ )— ਭਾਰਤ ਅਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਦੇ ਮਸਲੇ ‘ਤੇ ਚੱਲ ਰਹੀ ਕੂਟਨੀਤਕ ਖਿੱਚੋਤਾਣ ਵਿੱਚ ਚੌਧਰੀ ਵਰਗਾ ਰੋਲ ਨਿਭਾ ਰਹੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਿਊਸਟਨ ਵਿਖੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੱਫੀਆਂ ਪਾਉਣ ਮਗਰੋਂ ਬੀਤੇ ਕੱਲ੍ਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਹੱਥ ਮਿਲਾਇਆ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨ ਅਮਰੀਕਾ ਗਏ ਹੋਏ ਇਮਰਾਨ ਖਾਨ ਦੇ ਅਜੈਂਡੇ ‘ਤੇ ਇਸ ਵਾਰ ਕਸ਼ਮੀਰ ਦਾ ਮਾਮਲਾ ਹੈ ਕਿਉਂਕਿ 6 ਅਗਸਤ ਤੋਂ ਬਾਅਦ ਹੁਣ ਤੱਕ ਭਾਰਤ ਹੇਠਲੇ ਕਸ਼ਮੀਰ ਨੂੰ ਭਾਰਤ ਸਰਕਾਰ ਨੇ ਦੁਨੀਆ ਨਾਲੋਂ ਤੋੜ ਕੇ ਫੌਜੀ ਤਾਕਤ ਨਾਲ ਆਪਣੇ ਪੂਰਣ ਕਬਜ਼ੇ ਵਿੱਚ ਕਰ ਲਿਆ ਹੈ। ਟਰੰਪ ਨੇ ਕਸ਼ਮੀਰ ਮਸਲੇ ‘ਤੇ ਮੁੜ ਵਿਚੋਲਗੀ ਦੀ ਪੇਸ਼ਕਸ਼ ਕੀਤੀ।ਇਮਰਾਨ ਖਾਨ ਨਾਲ ਬੈਠਕ ਦੌਰਾਨ ਟਰੰਪ ਨੇ ਇੱਕ ਵਾਰ ਫੇਰ ਕਸ਼ਮੀਰ ਮਸਲੇ ਨੂੰ ਹੱਲ ਕਰਨ ਲਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਵਿਚੋਲਾ ਬਣਨ ਦੀ ਪੇਸ਼ਕਸ਼ ਕੀਤੀ ਹੈ। ਟਰੰਪ ਨੇ ਕਿਹਾ ਕਿ ਜੇ ਭਾਰਤ ਅਤੇ ਪਾਕਿਸਤਾਨ ਸਹਿਮਤ ਹੋਣ ਤਾਂ ਉਹ ਕਸ਼ਮੀਰ ਮਸਲੇ ਨੂੰ ਹੱਲ ਕਰਾਉਣ ਲਈ ਵਿਚੋਲਗੀ ਕਰਨ ਨੂੰ ਤਿਆਰ ਹਨ।
ਮੈਂ ਪਾਕਿਸਤਾਨ ‘ਤੇ ਯਕੀਨ ਕਰਦਾ ਹਾਂ
ਟਰੰਪ ਨੇ ਕਿਹਾ ਕਿ ਉਹ ਬਤੌਰ ਅਮਰੀਕਾ ਦੇ ਰਾਸ਼ਟਰਪਤੀ ਪਾਕਿਸਤਾਨ ‘ਤੇ ਯਕੀਨ ਕਰਦੇ ਹਨ ਪਰ ਉਹਨਾਂ ਤੋਂ ਪਹਿਲਾਂ ਇਸ ਅਹੁਦੇ ‘ਤੇ ਜਿਹੜੇ ਲੋਕ ਰਹੇ ਉਹਨਾਂ ਨੇ ਯਕੀਨ ਨਹੀਂ ਕੀਤਾ। ਇਮਰਾਨ ਖਾਨ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ, “ਮੈਂ ਇਸ ਬੰਦੇ ‘ਤੇ ਯਕੀਨ ਕਰਦਾ ਹਾਂ।”
ਇਮਰਾਨ ਨੇ ਵੱਡੇ ਖਤਰੇ ਵੱਲ ਇਸ਼ਾਰਾ ਕੀਤਾ
ਟਰੰਪ ਨਾਲ ਬੈਠਕ ਦੌਰਾਨ ਇਮਰਾਨ ਖਾਨ ਨੇ ਕਿਹਾ ਕਿ ਜਦੋਂ ਟਰੰਪ ਮਸਲੇ ਨੂੰ ਹੱਲ ਕਰਾਉਣਾ ਚਾਹੁੰਦੇ ਹਨ ਤਾਂ ਭਾਰਤ ਇਸ ਨੂੰ ਰੱਦ ਕਰ ਰਿਹਾ ਹੈ। ਉਹਨਾਂ ਕਿਹਾ, “ਅਜਿਹੇ ਹਾਲਤਾਂ ਵਿੱਚ ਮੈਨੂੰ ਲਗਦਾ ਹੈ ਕਿ ਇਹ ਇੱਕ ਵੱਡੇ ਖਤਰੇ ਦੀ ਮਹਿਜ਼ ਸ਼ੁਰੂਆਤ ਹੈ। ਮੈਂ ਇਮਾਨਦਾਰੀ ਨਾਲ ਮਹਿਸੂਸ ਕਰ ਰਿਹਾ ਹਾਂ ਕਿ ਜੋ ਕਸ਼ਮੀਰ ਵਿੱਚ ਹੋ ਰਿਹਾ ਹੈ ਇਹ ਹਾਲਾਤ ਹੋਰ ਮਾੜੇ ਹੁੰਦੇ ਜਾਣਗੇ।”

Install Punjabi Akhbar App

Install
×