ਯੂ ਪੀ ਤੋਂ ਪੰਜਾਬ ਚ 1539 ਬਾਸਮਤੀ ਦੇ ਟਰੱਕ ਆਉਣੇ ਸ਼ੁਰੂ ਕਿਸਾਨਾਂ ਨੇ ਟੋਲ ਪਲਾਜ਼ੇ ਤੇ ਰਾਹਦਾਰੀ ਸਮੇਤ ਪਕੜੇ ਕਈ ਟਰੱਕ

(ਟੋਲ ਪਲਾਜ਼ੇ ਤੇ 1539 ਬਾਸਮਤੀ ਦੇ ਭਰੇ ਕਿਸਾਨਾਂ ਵਲੋਂ ਰੋਕੇ ਹੋਏ ਟਰੱਕ। ਤਸਵੀਰ ਗੁਰਭੇਜ ਸਿੰਘ ਚੌਹਾਨ)

(ਫਰੀਦਕੋਟ) -ਪੰਜਾਬ ਵਿਚ ਝੋਨੇ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਅਤੇ ਕਿਸਾਨ ਮੰਡੀਆਂ ਵਿਚ ਝੋਨਾਂ ਲੈ ਕੇ ਪਹੁੰਚ ਗਏ ਹਨ ਪਰ ਅਚਾਨਕ ਹੀ ਕੇਂਦਰ ਸਰਕਾਰ ਵਲੋਂ ਝੋਨੇ ਦੀ ਖਰੀਦ ਬਾਰਸ਼ ਵਾਲੇ ਮੌਸਮ ਦਾ ਬਹਾਨਾ ਬਣਾ ਕੇ ਦਸ ਦਿਨ ਲਈ ਲੇਟ ਕਰ ਦਿੱਤੀ ਹੈ, ਕਿਉਂ ਕਿ ਝੋਨੇ ਵਿਚ ਨਮੀ ਵਧੇਰੇ ਆਉਣ ਦਾ ਕਾਰਨ ਦੱਸਿਆ ਜਾ ਰਿਹਾ ਹੈ। ਜਿਸ ਕਰਕੇ ਪੰਜਾਬ ਦਾ ਕਿਸਾਨ ਮੰਡੀ ਵਿਚ ਝੋਨਾ ਲੈ ਜਾਕੇ ਫਸ ਗਿਆ ਹੈ। ਜਿਸਨੂੰ ਹੁਣ ਸਰਕਾਰ ਦੇ ਇਸ ਫੁਰਮਾਨ ਕਾਰਨ ਉਸਨੂੰ ਵਪਾਰੀ ਨੂੰ 50-60 ਰੁਪਏ ਪ੍ਰਤੀ ਕੁਇੰਟਲ ਸਸਤਾ ਦੇ ਕੇ ਆਪਣੀ ਲੁੱਟ ਕਰਵਾਉਣੀ ਪਵੇਗੀ। ਪਰ ਦੂਜੇ ਪਾਸੇ ਯੂਪੀ ਤੋਂ 1539 ਬਾਸਮਤੀ ਦੇ ਭਰੇ ਘੋੜੇ ਟਰਾਲੇ ਸਿੱਧੇ ਸ਼ੈਲਰਾਂ ਤੇ ਮਾਲ ਲੈ ਕੇ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਪੰਜਾਬ ਦੇ ਇਕ ਟੋਲ ਪਲਾਜ਼ੇ ਤੇ ਕਿਸਾਨ ਆਗੂਆਂ ਨੇ ਇਨ੍ਹਾਂ ਝੋਨੇ ਦੇ ਭਰੇ ਟਰੱਕਾਂ ਨੂੰ ਰੋਕਕੇ ਜਦੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕੋਲ ਪਾਤੜਾਂ ਦੀ ਇਕ ਫਰਮ ਦੀ ਰਾਹਦਾਰੀ ਸੀ ਜਿੱਥੇ ਇਨ੍ਹਾਂ ਟਰੱਕਾਂ ਨੇ ਜਾ ਕੇ ਮਾਲ ਉਤਾਰਨਾਂ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਨੂੰ ਸਖਤੀ ਨਾਲ ਨਾਂ ਰੋਕਿਆ ਗਿਆ ਤਾਂ ਜਦ ਤੱਕ ਪੰਜਾਬ ਵਿਚ ਝੋਨੇ ਦੀ ਖਰੀਦ ਸ਼ੁਰੂ ਹੋਣੀ ਹੈ, ਤਦ ਤੱਕ ਸਾਰੇ ਸ਼ੈਲਰ ਆਪਣਾ ਕੋਟਾ ਯੂ ਪੀ ਤੋਂ ਝੋਨਾ ਖਰੀਦ ਕੇ ਪੂਰਾ ਕਰ ਲੈਣਗੇ। ਬਾਸਮਤੀ ਐਮ ਐਸ ਪੀ ਵਿਚ ਨਹੀਂ ਆਉਂਦੀ ਜਿਸ ਕਰਕੇ ਅੱਜ ਬਾਸਮਤੀ ਦਾ ਜੋ ਭਾਅ ਪੰਜਾਬ ਵਿਚ 3300 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੇ, ਉਹ ਘਟਕੇ 15-16 ਸੌ ਤੇ ਆ ਜਾਵੇਗਾ ਅਤੇ ਕਿਸਾਨ ਦਾ ਝੋਨਾਂ ਮੰਡੀਆਂ ਵਿਚ ਰੁਲੇਗਾ ਕੋਈ ਖਰੀਦਣ ਵਾਲਾ ਗਾਹਕ ਨਹੀਂ ਹੋਵੇਗਾ ਅਤੇ ਕੌਡੀਆਂ ਦੇ ਭਾਅ ਖਰੀਦਿਆ ਜਾਵੇਗਾ। ਕਿਸਾਨਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਪਾਰੀ ਦੀ ਮਿਲੀ ਭੁਗਤ ਨਾਲ ਕਿਸਾਨ ਦੀ ਖਰੀਦ ਰੋਕਕੇ ਬਾਹਰਲੇ ਸੂਬਿਆਂ ਤੋਂ ਖਰੀਦ ਦੀ ਜੋ ਖੁੱਲ੍ਹ ਦੇ ਰਹੀ ਹੈ ਇਸ ਨਾਲ ਸਥਿੱਤੀ ਟਕਰਾਅ ਵਾਲੀ ਬਣੇਗੀ। ਕਿਸਾਨ ਜੱਥੇਬੰਦੀਆਂ ਬਾਹਰੋਂ ਕੋਈ ਟਰੱਕ ਪੰਜਾਬ ਵਿਚ ਦਾਖਲ ਨਹੀਂ ਹੋਣ ਦੇਣਗੀਆਂ, ਭਾਵੇਂ ਕੋਈ ਵੀ ਕਦਮ ਚੁੱਕਣਾ ਪਵੇ। ਸਰਕਾਰ ਅਜਿਹੀਆਂ ਹਰਕਤਾਂ ਤੋਂ ਬਾਜ ਆ ਜਾਵੇ ਅਤੇ ਅਜਿਹੀਆਂ ਘਟੀਆ ਹਰਕਤਾਂ ਬੰਦ ਕਰੇ ਨਹੀਂ ਤਾਂ ਫਿਰ ਕਿਸਾਨ ਇਸਦਾ ਮੂੰਹਤੋੜ ਜਵਾਬ ਦੇਣਗੇ ਜਿਸਦੀ ਜਿਮੇਂਵਾਰ ਸਰਕਾਰ ਦੀ ਹੋਵੇਗੀ।

Install Punjabi Akhbar App

Install
×