4 ਵਿਕਟੋਰੀਆਈ ਪੁਲਿਸ ਕਰਮੀਆਂ ਨੂੰ ਮਾਰਨ ਦੇ ਦੋਸ਼ ਵਿੱਚ ਟਰੱਕ ਡ੍ਰਾਇਵਰ ਮਹਿੰਦਰ ਸਿੰਘ ਨੂੰ 22 ਸਾਲਾਂ ਦੀ ਜੇਲ੍ਹ ਦੀ ਸਜ਼ਾ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬੀਤੇ ਸਾਲ ਅਪ੍ਰੈਲ 22, 2020 ਨੂੰ ਮੈਲਬੋਰਨ ਦੇ ਈਸਟਰਨ ਫਰੀਵੇਅ ਉਪਰ ਜਿਹੜਾ ਟਰੱਕ ਹਾਦਸਾ ਹੋਇਆ ਸੀ ਅਤੇ ਜਿਸ ਵਿੱਚ ਕਿ ਚਾਰ ਵਿਕਟੋਰੀਆਈ ਪੁਲਿਸ ਕਰਮੀ ਮਾਰੇ ਗਏ ਸਨ, ਵਾਲੇ ਦਰਦਨਾਕ ਮਾਮਲੇ ਦਾ ਫੈਸਲਾ ਸੁਣਾਉਂਦਿਆਂ ਵਿਕਟੋਰੀਆਈ ਸੁਪਰੀਮ ਕੋਰਨ ਦੇ ਮਾਣਯੋਗ ਜਸਟਿਸ ਪੌਲ ਕੋਗਲੈਨ ਨੇ 48 ਸਾਲਾਂ ਦੇ ਟਰੱਕ ਡ੍ਰਾਈਵਰ ਮਹਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੰਦਿਆਂ, 22 ਸਾਲਾਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਤੇ ਇਸ ਵਿੱਚ ਘੱਟੋ ਘੱਟ ਪੈਰੋਲ ਵਾਸਤੇ ਸਮਾਂ 18 ਸਾਲ ਅਤੇ 6 ਮਹੀਨੇ ਦਾ ਰੱਖਿਆ ਗਿਆ ਹੈ ਜਿਸਦਾ ਮਤਲਭ ਹੈ ਕਿ ਇਸ ਦੌਰਾਨ ਉਹ ਪੈਰੋਲ ਉਪਰ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇਗਾ।
ਬੀਤੇ ਸਾਲ ਜਦੋਂ 19 ਟਨ ਦੇ ਸੈਮੀ-ਟ੍ਰੇਲਰ ਨੇ ਪੁਲਿਸ ਵਾਲਿਆਂ ਨੂੰ ਟੱਕਰ ਮਾਰੀ ਸੀ ਤਾਂ ਮਹਿੰਦਰ ਸਿੰਘ, ਟਰੱਕ ਨੂੰ ਚਲਾ ਰਿਹਾ ਸੀ ਅਤੇ ਪੁਲਿਸ ਰਿਪੋਰਟ ਮੁਤਾਬਿਕ ਉਸਨੇ ਨਸ਼ਾ ਕੀਤਾ ਹੋਇਆ ਸੀ ਅਤੇ ਟੱਕਰ ਦੌਰਾਨ ਚਾਰ ਪੁਲਿਸ ਕਰਮੀ (ਕਾਂਸਟੇਬਲ ਲਿਨੇਟ ਟੇਲਰ, ਸੀਨੀਅਰ ਕਾਂਸਟੇਬਲ ਕੈਵਿਨ ਕਿੰਗ, ਅਤੇ ਕਾਂਸਟੇਬਲ ਗਲੈਨ ਹੰਫਰਿਜ਼ ਅਤੇ ਜੋਸ਼ ਪ੍ਰੈਸਟਨੀ) ਜੋ ਕਿ ਉਸ ਸਮੇਂ ਆਪਣੀ ਡਿਊਟੀ ਉਪਰ ਸਨ, ਨੂੰ ਇਸ ਦਰਦਨਾਕ ਹਾਦਸੇ ਦੌਰਾਨ ਆਪਣੀ ਜਾਨ ਤੋਂ ਹੱਥ ਧੋਣੇ ਪਏ ਸਨ।
ਹਾਦਸੇ ਦਾ ਸ਼ਿਕਾਰ ਹੋਏ ਪੁਲਿਸ ਕਰਮੀਆਂ ਦੇ ਘਰਦਿਆਂ ਦਾ ਕਹਿਣਾ ਹੈ ਕਿ ਉਕਤ ਡ੍ਰਾਈਵਰ ਨੇ ਨਸ਼ੇ ਦੀ ਹਾਲਤ ਵਿੱਚ ਉਨ੍ਹਾਂ ਦੇ ਘਰ ਤਬਾਹ ਕਰ ਦਿੱਤੇ ਹਨ। ਆਪਣੇ ਬੇਕਸੂਰ ਪਿਆਰਿਆਂ ਦੇ ਖੁੱਸ ਜਾਣ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ ਵਿੱਚ ਹੁਣ ਕੁੱਝ ਵੀ ਬਾਕੀ ਨਹੀਂ ਰਿਹਾ ਅਤੇ ਉਹ ਦਿਨ ਰਾਤ ਬਸ ਆਂਸੂ ਹੀ ਵਹਾਉਂਦੇ ਰਹਿੰਦੇ ਹਨ। ਵਿਛੜਿਆਂ ਰੂਹਾਂ ਨੂੰ ਯਾਦ ਕਰਕੇ ਕਾਂਸਟੇਬਲ ਕਿੰਗ ਦੀ ਪਤਨੀ, ਸ਼ੈਰਨ ਮੈਕੰਜ਼ੀ, ਕਹਿੰਦੇ ਹਨ ਕਿ ੳਕਤ ਬੇਵਾਕੂਫ ਡ੍ਰਾਈਵਰ ਕਦੇ ਇੰਨਾ ਤਾਂ ਸੋਚੇ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਦੱਸਿਆ ਹੋਣਾ ਕਿ ਉਨ੍ਹਾਂ ਦੇ ਡੈਡੀ ਹੁਣ ਕਦੀ ਵੀ ਘਰ ਵਾਪਿਸ ਨਹੀਂ ਆਉਣਗੇ ਕਿਉਂਕਿ ਉਹ ਤਾਂ ਸੰਸਾਰ ਹੀ ਛੱਡ ਕੇ ਜਾ ਚੁਕੇ ਹਨ -ਤਾਂ ਸ਼ਾਇਦ ਉਸ ਡ੍ਰਾਈਵਰ ਨੂੰ ਸਾਡੇ ਦੁੱਖ ਦਾ ਅਹਿਸਾਸ ਹੋਵੇਗਾ।

Install Punjabi Akhbar App

Install
×