ਵਿਕਟੋਰੀਆ ਅਤੇ ਦੱਖਣੀ-ਆਸਟ੍ਰੇਲੀਆ ਦੇ ਬਾਰਡਰ ਤੇ ਟਰੱਕਾਂ ਦੀ ਟੱਕਰ ਵਿੱਚ ਡ੍ਰਾਇਵਰ ਹਲਾਕ

(ਦ ਏਜ ਮੁਤਾਬਿਕ) ਵਿਕਟੋਰੀਆ ਅਤੇ ਦੱਖਣੀ-ਆਸਟ੍ਰੇਲੀਆ ਦੇ ਬਾਰਡਰ ਉਪਰ ਜਿੱਥੇ ਕਿ ਕੋਵਿਡ-19 ਕਾਰਨ ਰਾਤੋ ਰਾਤ ਮੁੜ ਤੋਂ ਪਾਬੰਧੀ ਲਗਾ ਦਿੱਤੀ ਗਈ ਸੀ ਅਤੇ ਚੈਕ ਪੁਆਇੰਟ ਬਣਾਇਆ ਗਿਆ ਸੀ, ਉਪਰ ਤਿੰਨ ਟਰੱਕਾਂ ਦੇ ਆਪਸ ਵਿੱਚ ਟਕਰਾ ਜਾਣ ਕਾਰਨ ਇੱਕ ਡ੍ਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਵਿਕਟੋਰੀਆ ਪੁਲਿਸ ਮੁਤਾਬਿਕ, ਅੱਜ ਤੜਕੇ ਸਵੇਰੇ 2.20 ਵਜੇ ਇੱਕ ਟਰੱਕ ਤੇਜ਼ੀ ਨਾਲ ਆ ਕੇ ਇੱਕ ਖੜ੍ਹੇ ਹੋਏ ਟਰੱਕ ਵਿੱਚ ਵੱਜਿਆ ਅਤੇ ਇਸ ਤਰ੍ਹਾਂ ਤਿੰਨ ਟਰੱਕਾਂ ਦਾ ਟਕਰਾਅ ਹੋ ਗਿਆ ਅਤੇ ਇਨ੍ਹਾਂ ਵਿੱਚ ਫੌਰਨ ਅੱਗ ਲੱਗ ਗਈ ਅਤੇ ਇਸ ਅੱਗ ਕਾਰਨ ਹੀ ਇੱਕ ਟਰੱਕ ਦੇ ਡ੍ਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮੈਲਬੋਰਨ ਦੇ ਕਰਨਾ ਆਉਟ ਬ੍ਰੇਕ ਕਾਰਨ ਬੀਤੀ ਰਾਤ ਇੱਕੋ ਦਮ ਹੀ ਦੋਹਾਂ ਬਾਰਡਰਾਂ ਵਿਚਾਲੇ ਮੁੜ ਤੋਂ ਪਾਬੰਧੀਆਂ ਲਾਗੂ ਕਰ ਦਿੱਤੀਆਂ ਗਈਆਂ ਸਨ ਅਤੇ ਚੈਕ ਪੁਆਇੰਟ ਬਣਾ ਦਿੱਤੇ ਗਏ ਸਨ। ਉਕਤ ਦੁਰਘਟਨਾ ਦਾ ਕਾਰਨ ਇੱਥੇ ਲੱਗਿਆ ਹੋਇਆ ਟ੍ਰੈਫਿਕ ਜਾਮ ਹੀ ਦੱਸਿਆ ਜਾ ਰਿਹਾ ਹੈ। ਦੱਖਣੀ ਆਸਟ੍ਰੇਲੀਆ ਪੁਲਿਸ ਨੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਵੈਸਟਰਨ ਹਾਈਵੇਅ ਉਪਰ ਦੁਰਘਟਨਾ ਵਾਲੀ ਥਾਂ ਤੋਂ ਕੁੱਝ ਕਿਲੋਮੀਟਰ ਦੀ ਦੂਰੀ ਤੇ ਹੀ ਚੈਕਪੁਆਇੰਟ ਤੇ ਕੰਮ ਕਰ ਰਹੇ ਸਨ। ਮਾਰੇ ਗਏ ਡ੍ਰਾਈਵਰ ਦੀ ਪਹਿਚਾਣ ਕੀਤੀ ਜਾ ਰਹੀ ਹੈ। ਇਸ ਦੁਰਘਟਨਾ ਕਾਰਨ ਵੈਸਟਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਦੱਖਣੀ-ਆਸਟ੍ਰੇਲੀਆ ਦੇ ਵਾਹਨਾਂ ਨੂੰ ਹੋਰਸ਼ਾਮ ਵਾਲਾ ਵਿਮੇਰਾ ਹਾਈਵੇਅ ਦਾ ਰੂਟ ਅਪਣਾ ਕੇ ਆਪਣੀਆਂ ਮੰਜ਼ਿਲਾਂ ਨੂੰ 150 ਕਿ. ਮੀਟਰ ਦੇ ਵਾਧੂ ਘੇਰੇ ਨਾਲ ਤੈਅ ਕਰਨ ਲਈ ਮਜਬੂਰ ਹੋਣਾ ਪਿਆ ਹੈ।

Install Punjabi Akhbar App

Install
×