ਵਿਦੇਸ਼ ਮੰਤਰਾਲੇ ਦੀ ਸੂਚਨਾ ਮੁਤਾਬਿਕ, ਬੀਤੇ ਮਹੀਨੇ, ਅਗਸਤ 24 ਨੂੰ ਰੂਸ ਦੀਆਂ ਫੌਜਾਂ ਵੱਲੋਂ ਕੀਤੇ ਗਏ ਇੱਕ ਹਮਲੇ ਦੌਰਾਨ, ਆਸਟ੍ਰੇਲੀਆਈ ਨਾਗਰਿਕ, ਕੁਈਨਜ਼ਲੈਂਡ ਵਿੱਚਲੇ 26 ਸਾਲਾਂ ਦੇ ਨੌਜਵਾਨ ਮੈਡੀਕਲ ਅਧਿਕਾਰੀ -ਡੇਨ ਵਿਲੀਅਮ ਡਾਨਾਹੇ, ਦੀ ਮੌਤ ਹੋ ਗਈ ਸੀ।
ਜੇਡ ਉਪਰ ਰੂਸੀ ਫੌਜੀਆਂ ਨੇ ਉਸ ਸਮੇਂ ਫਾਇਰਿੰਗ ਕਰਕੇ ਉਸਨੂੰ ਹਲਾਕ ਕਰ ਦਿੱਤਾ ਜਦੋਂ ਉਹ ਰੂਸ ਖ਼ਿਲਾਫ਼ ਲੜਾਈ ਕਰ ਰਹੇ ਯੂਕਰੇਨੀ ਫੌਜੀਆਂ ਨੂੰ ਮੈਡੀਕਲ ਮਦਦ ਮੁਹੱਈਆ ਕਰਵਾ ਰਿਹਾ ਸੀ। ਜੇਡ ਦੇ ਵਾਹਨ ਉਪਰ ਤਾਬੜਤੋੜ ਫਾਇਰਿੰਗ ਕੀਤੀ ਗਈ ਅਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ।
ਆਸਟ੍ਰੇਲੀਆਈ ਯੂਕਰੇਨ ਭਾਈਚਾਰੇ ਵੱਲੋਂ ਕੀਤੇ ਗਏ ਇੱਕ ਰਸਮੀ ਸਮਾਗਮ ਦੌਰਾਨ ਇਹ ਸ਼ਰਧਾਂਜਲੀ ਭੇਟ ਕੀਤੀ ਗਈ ਜਿਸ ਤਹਿਤ ਫੈਡਰੇਸ਼ਨ ਦੇ ਕੋ-ਚੇਅਰ ਪਰਸਨ -ਸਟੀਫਨ ਰੋਮਾਨੀ ਨੇ ਕਿਹਾ ਕਿ ਉਹ ਇੱਕ ਬਹਾਦਰ ਯੋਧਾ ਸੀ ਜੋ ਕਿ ਮਨੁੱਖਤਾ ਦੀ ਸੇਵਾ ਕਰਦਿਆਂ ਸ਼ਹੀਦ ਹੋ ਗਿਆ।
ਉਨ੍ਹਾਂ ਇਹ ਵੀ ਕਿਹਾ ਕਿ ਰੂਸ ਦੀਆਂ ਗਲਤ ਨੀਤੀਆਂ ਕਾਰਨ, ਜੋ ਸੰਕਟ ਅੱਜ ਯੂਕਰੇਨ ਉਪਰ ਆਇਆ ਹੋਇਆ ਹੈ, ਉਸਦੀ ਸਮੁੱਚੀ ਦੁਨੀਆਂ ਹੀ ਗਵਾਹ ਹੈ ਅਤੇ ਰੂਸ ਨੂੰ ਗਲਤ ਕਰਾਰ ਦੇ ਰਹੀ ਹੈ। ਹੁਣ ਰੂਸ ਨੂੰ ਜ਼ਿੱਦ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਹਜ਼ਾਰਾਂ ਹੀ ਮਾਂਵਾਂ ਦੇ ਪੁੱਤ ਇਸ ਲੜਾਈ ਦੀ ਭੇਟ ਚੜ੍ਹ ਚੁਕੇ ਹਨ। ਅਸੀਂ ਇਸ ਸਮੁੱਚੇ ਕਾਰਜ ਦੀ ਨਿੰਦਾ ਕਰਦੇ ਹਾਂ ਅਤੇ ਆਪਣੇ ਦੇਸ਼ ਯੂਕਰੇਨ ਦੇ ਫੌਜੀਆਂ ਨੂੰ ਸਲਾਮ ਕਰਦੇ ਹਾਂ ਜੋ ਕਿ ਅੱਗੇ ਹੋ ਕੇ ਯੂਕਰੇਨ ਦੀ ਧਰਤੀ ਦੀ ਰੱਖਿਆ ਕਰ ਰਹੇ ਹਨ ਅਤੇ ਇਸ ਵਿੱਚ ਉਹ ਆਪਣੀਆਂ ਜਾਨਾਂ ਦੀ ਪ੍ਰਵਾਹ ਵੀ ਨਹੀਂ ਕਰਦੇ। ਇਸ ਦੇ ਨਾਲ ਹੀ ਉਨ੍ਹਾਂ ਨੇ ਮਿੱਤਰ ਦੇਸ਼ਾਂ ਦੇ ਮਦਦਗਾਰਾਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਉਹ ਤਹਿ ਦਿਲੋਂ ਧੰਨਵਾਦੀ ਹਨ ਕਿ ਸਮੁੱਚਾ ਸੰਸਾਰ ਅੱਜ ਰੂਸ ਦੇ ਖ਼ਿਲਾਫ਼ ਅਤੇ ਯੂਕਰੇਨ ਦੇ ਹੱਕ ਵਿੱਚ ਖੜ੍ਹਾ ਹੈ।