ਸਰੀ ਦੀ ਲੇਖਿਕਾ ਸੁਰਿੰਦਰ ਸਹੋਤਾ, ਸੁਰਿੰਦਰ ਚੌਹਾਨ ਅਤੇ ਡਾ. ਥਿੰਦ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ

( ਸੁਰਿੰਦਰ ਕੌਰ ਸਹੋਤਾ ; ਡਾਕਟਰ ਕਰਨੈਲ ਸਿੰਘ ਥਿੰਦ )

ਸਰੀ -ਵੈਨਕੂਵਰ ਵਿਚਾਰ ਮੰਚ ਦੇ ਮੈਂਬਰਾਂ ਨੇ ਸਰੀ ਦੇ ਲੇਖਿਕਾ ਅਤੇ ਲੇਖਕ ਮੰਚ ਵੈਨਕੂਵਰ ਦੀ ਮੈਂਬਰ ਸੁਰਿੰਦਰ ਕੌਰ ਸਹੋਤਾ ਦੀ ਮੌਤ ਉਪਰ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਆਪਣੇ ਸ਼ੋਕ ਸੁਨੇਹੇ ਰਾਹੀਂ ਵੈਨਕੂਵਰ ਵਿਚਾਰ ਮੰਚ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਹਰਦਮ ਸਿੰਘ ਮਾਨ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਜਸਵਿੰਦਰ ਗ਼ਜ਼ਲਗੋ, ਕਵਿੰਦਰ ਚਾਂਦ, ਚਮਕੌਰ ਸਿੰਘ ਸੇਖੋਂ ਅਤੇ ਨਵਦੀਪ ਗਿੱਲ ਨੇ ਮਰਹੂਮ ਸਹੋਤਾ ਦੇ ਦੋਹਾਂ ਬੇਟਿਆਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਜ਼ਿਕਰਯੋਗ ਹੈ ਕਿ ਸੁਰਿੰਦਰ ਕੌਰ ਸਹੋਤਾ 73 ਸਾਲਾਂ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬੀਮਾਰੀ ਤੋਂ ਪੀੜਤ ਸਨ। ਉਨ੍ਹਾਂ ਨੂੰ ਵਡੇਰਾ ਮਾਣ ਸੀ ਕਿ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਰਹੇ ਅਤੇ ਅਰਜਨ ਐਵਾਰਡ ਨਾਲ ਸਨਮਾਨਿਤ ਖਿਡਾਰੀ ਜਰਨੈਲ ਸਿੰਘ ਉਸ ਦੇ ਭਰਾ ਸਨ।

ਮੰਚ ਦੇ ਆਗੂਆਂ ਨੇ ਪੰਜਾਬੀ ਲੋਕਧਾਰਾ ਦੇ ਟਕਸਾਲੀ ਵਿਦਵਾਨ ਡਾਕਟਰ ਕਰਨੈਲ ਸਿੰਘ ਥਿੰਦ ਦੇ ਸਦੀਵੀ ਵਿਛੋੜੇ ਉਪਰ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਮੰਚ ਦੇ ਆਗੂ ਜਰਨੈਲ ਸਿੰਘ ਸੇਖਾ ਨੇ ਕਿਹਾ ਹੈ ਕਿ ਡਾ. ਥਿੰਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨਾਲ ਸੰਬੰਧਤ ਡੇਢ ਦਰਜਨ ਪੁਸਤਕਾਂ ਦੀ ਰਚਨਾ ਅਤੇ ਸੰਪਾਦਨਾ ਕੀਤੀ। ਉਨ੍ਹਾਂ ਦੇ ਲੱਗਭੱਗ 75 ਖੋਜ ਪੱਤਰ ਵੀ ਛਪ ਚੁੱਕੇ ਹਨ। ਉਹ ਵਧੀਆ ਅਧਿਆਪਕ, ਸਾਹਿਤਕਾਰ ਤੇ ਬਹੁਤ ਸੁਲਝੇ ਹੋਏ ਇਨਸਾਨ ਸਨ ਉਨ੍ਹਾਂ ਨੇ ਸ਼ਾਹਮੁਖੀ ਤੇ ਗੁਰਮੁਖੀ ਲਿਪੀਆਂ ਦੇ ਸਾਹਿਤ ਦਾ ਆਦਾਨ ਪ੍ਰਦਾਨ ਕਰਨ ਲਈ ਦੋਹਾਂ ਦੇਸ਼ਾਂ ਦੇ ਲੋਕਾਂ ਲਈ ਵਿਸ਼ੇਸ਼ ਕੰਮ ਕੀਤਾ।

ਮੰਚ ਆਗੂਆਂ ਵੱਲੋਂ ਸੁਰਿੰਦਰ ਕੌਰ ਚੌਹਾਨ ਦੀ ਮੌਤ ਉਪਰ ਵੀ ਦੁੱਖ ਜ਼ਾਹਰ ਕੀਤਾ ਗਿਆ ਹੈ। ਇਸੇ ਦੌਰਾਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਦੇ ਸੰਚਾਲਕ ਸਤੀਸ਼ ਗੁਲਾਟੀ ਨੇ ਵੀ ਇਨ੍ਹਾਂ ਸਾਹਿਤਕਾਰਾਂ ਦੇ ਸਦੀਵੀ ਵਿਛੋੜੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ।

(ਹਰਦਮ ਮਾਨ)
+1 604 308 6663
maanbabushahi@gmail.com

Install Punjabi Akhbar App

Install
×