ਸ਼ਹੀਦ ਕਿਰਨਜੀਤ ਕੌਰ ਨੂੰ ਸਲਾਨਾ ਬਰਸੀ ਦੌਰਾਨ ਹਜ਼ਾਰਾਂ ਲੋਕਾਂ ਨੇ ਕੀਤੀਆਂ ਸ਼ਰਧਾਂਜਲੀਆਂ ਭੇਟ

12mk01bnl
(ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਸਲਾਨਾ ਬਰਸੀ ਸਮਾਗਮ ਦੇ ਦ੍ਰਿਸ਼)

ਮਹਿਲ ਕਲਾਂ 12 ਅਗਸਤ  -ਅੱਜ ਤੋਂ 21 ਸਾਲ ਪਹਿਲਾਂ ਮਹਿਲ ਕਲਾਂ ਦੀ ਧਰਤੀ ਉੱਤੇ ਕਿਰਨਜੀਤ ਕੌਰ ਸਮੂਹਿਕ ਜਬਰ ਜ਼ਿਨਾਹ ਅਤੇ ਕਤਲ ਕਾਂਡ ਨੂੰ ਵਾਪਰਿਆਂ ਭਲੇ ਹੀ ਲੰਬਾ ਅਰਸਾ ਬੀਤ ਗਿਆ ਹੈ। ਪਰ ਲੋਕ ਮਨਾਂ ਅੰਦਰ ਇਸ ਦਰਦਨਾਕ ਵਰਤਾਰੇ ਦੀ ਚੀਸ ਮੱਠੀ ਨਹੀਂ ਪਈ। ਸਗੋਂ ਲੋਕਾਂ ਅੰਦਰ ਗ਼ੁੱਸੇ ਦੀ ਜਵਾਲਾ ਲਟ-ਲਟ ਕਰਕੇ ਬਲ ਰਹੀ ਹੈ। ਇਸ ਗੱਲ ਦਾ ਗਵਾਹ ਅੱਜ ਦਾ ਹਜ਼ਾਰਾਂ ਮਰਦ ਔਰਤਾਂ ਦਾ ਮਹਿਲ ਕਲਾਂ ਦੀ ਧਰਤੀ ਉੱਤੇ ਜੁੜਿਆ ਹਾਕਮਾਂ ਨੂੰ ਵੰਗਾਰਦਾ ਜਾਬਰ ਦੇ ਢਿੱਡੀਂ ਹੌਲ ਪਾਉਂਦਾ ਇਕੱਠ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਐਕਸ਼ਨ ਕਮੇਟੀ ਮਹਿਲ ਕਲਾਂ ਦੇ ਕਨਵੀਨਰ ਸਾਥੀ ਗੁਰਬਿੰਦਰ ਸਿੰਘ ਕਲਾਲਾ, ਨਰਾਇਣ ਦੱਤ ਅਤੇ ਮਨਜੀਤ ਧਨੇਰ ਨੇ ਆਪਣੇ ਜੋਸ਼ੀਲੇ ਜਬਤਬੱਧ ਵਿਚਾਰਾਂ ਰਾਹੀਂ ਕੀਤਾ। ਐਕਸ਼ਨ ਕਮੇਟੀ ਆਗੂਆਂ ਨੇ ਕਿਹਾ ਕਿ 29 ਜੁਲਾਈ 1997 ਨੂੰ ਮਹਿਲ ਕਲਾਂ ਵਿਖੇ ਵਿਦਿਆਰਥਣ ਕਿਰਨਜੀਤ ਕੌਰ ਨੂੰ ਪਿੰਡ ਦੇ ਸਿਆਸੀ ਸ਼ਹਿ ਪ੍ਰਾਪਤ ਗੁੰਡਿਆਂ ਵੱਲੋਂ ਅਗਵਾ/ ਸਮੂਹਿਕ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। ਦੋਸ਼ੀਆਂ ਨੂੰ ਲੋਕ ਤਾਕਤ ਦੇ ਲੰਮੇ ਸੰਘਰਸ਼ ਆਸਰੇ ਸਖ਼ਤ ਸਜ਼ਾਵਾਂ ਦਿਵਾਈਆਂ ਗਈਆਂ ਸਨ। ਔਰਤ ਮੁਕਤੀ ਲਈ ‘ਸੰਘਰਸ਼ ਦਾ ਚਿੰਨ੍ਹ’ ਬਣੀ ਕਿਰਨਜੀਤ ਕੌਰ ਦੀ ਯਾਦ ਨੂੰ ਅੱਜ ਵੀ ‘ਔਰਤ ਮੁਕਤੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਹ ਸੰਘਰਸ਼ ਲੋਕਾਂ ਨੂੰ ਹਰ ਸਾਲ ਲੋਕ ਪੱਖੀ ਨਵਾਂ ਜਮਹੂਰੀ ਸਮਾਜ ਦੀ ਸਿਰਜਣ ਲਈ ਜੂਝਣ ਦਾ ਸੰਦੇਸ਼ ਦਿੰਦਾ ਹੈ। ਇਸ ਸਮੇਂ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਕਿਹਾ ਕਿ ਦੇਸ਼ ਦੇ ਹਾਕਮ ਦੇਸੀ ਬਦੇਸ਼ੀ ਕਾਰਪੋਰੇਟ ਜਗਤ ਪੱਖੀ ਵਿਕਾਸ ਮਾਡਲ ਨੂੰ ਬੇਰੋਕ ਅੱਗੇ ਵਧਾਉਣ ਲਈ ਲੋਕਾਂ ਉਪਰ ਲੁੱਟ, ਜਬਰ ਤੇ ਦਾਬਾ ਪਾ ਰਹੇ ਹਨ। ਖਾਸ ਕਰ ਔਰਤਾਂ ਉੱਪਰ ਜਬਰ ਸਾਰੇ ਹੱਦਾਂ ਬੰਨੇ ਪਾਰ ਕਰ ਰਿਹਾ ਹੀ ਕਿਉਂਕਿ ਔਰਤਾਂ ਉੱਪਰ ਜਬਰ ਅਤੇ ਦਾਬਾ ਇਸ ਰਾਜਕੀ ਪ੍ਰਬੰਧ ਦੀ ਪੈਦਾਵਾਰ ਹੈ ਜੋ ਸਮੇਂ-ਸਮੇਂ ਬਦਲਦੀਆਂ ਰਹੀਆਂ ਸਰਕਾਰਾਂ ਦੇ ਬਾਵਜੂਦ ਵੀ ਜਾਰੀ ਹੈ।

ਆਰ.ਐਮ.ਪੀ.ਆਈ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਮਹੀ ਪਾਲ ਨੇ ਕਿਹਾ ਕਿ ਅੱਜ ਔਰਤ ਸਮੇਤ ਦੇਸ਼ ਦਾ ਹਰ ਕਿਰਤੀ ਤਬਕਾ ਘੋਰ ਤੰਗੀਆਂ-ਤੁਰਸ਼ੀਆਂ ‘ਚ ਕਰਾਹ ਰਿਹਾ ਹੈ ਤੇ ਗ਼ੁਲਾਮੀ ਦੀ ਜੂਨ ਭੋਗ ਰਿਹਾ ਹੈ। ਇਸ ਗ਼ੁਲਾਮੀ ਤੋਂ ਮੁਕਤੀ ਲਈ ਕਿਰਤੀ ਲੋਕਾਂ ਨੂੰ ਮਹਿਲ ਕਲਾਂ ਦੇ ਇਸ ਸਾਂਝੇ ਲੋਕ ਘੋਲ ਤੋਂ ਪ੍ਰੇਰਨਾ ਹਾਸਲ ਕਰਦਿਆਂ ਲੋਕ ਜੱਦੋ-ਜਹਿਦ ਨੂੰ ਚੇਤੰਨ ਤੇ ਲਾਮਬੰਦ ਕੀਤਾ ਜਾਣਾ ਅਤਿ ਜ਼ਰੂਰੀ ਹੈ। । ਸੀਪੀਆਈ ਦੇ ਸੂਬਾ ਸਕੱਤਰ ਬੰਤ ਬਰਾੜ ਨੇ ਬੋਲਦਿਆਂ ਕਿਹਾ ਕਿ ਔਰਤ ਜਮਾਤ ਉੱਪਰ ਹਰ ਤਰਾਂ ਦਾ ਹਮਲਾ ਸਾਮਰਾਜੀ-ਸਰਮਾਏਦਾਰਾ ਪ੍ਰਬੰਧ ਦੁਆਰਾ ਕੀਤੀ ਜਾਂਦੀ ਹਰ ਤਰਾਂ ਦੀ ਲੁੱਟ ਦਾ ਇੱਕ ਅੰਗ ਹੈ। ਇਸ ਤੋਂ ਮੁਕਤੀ ਲਈ ਜ਼ਰੂਰੀ ਹੈ ਕਿ ਜਮਾਤੀ ਜੱਦੋ-ਜਹਿਦ ਨੂੰ ਹੋਰ ਵੱਧ ਤੇਜ ਕੀਤਾ ਜਾਵੇ। ਭਾਰਤੀ ਕਿਸਾਨ ਯੂਨੀਅਨ (ਡਕੌਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਸੂਬੇ ਦਾ ਦਰਮਿਆਨਾ ਤੇ ਗ਼ਰੀਬ ਕਿਸਾਨ ਕਰਜ਼ੇ, ਖੁਦਕੁਸ਼ੀਆਂ, ਬੇਰੁਜ਼ਗਾਰੀ, ਬਿਮਾਰੀਆਂ, ਅਨਪੜ੍ਹਤਾ ਤੇ ਮਾਨਸਿਕ ਪ੍ਰੇਸ਼ਾਨੀਆਂ ‘ਚ ਦਿਨ ਕੱਟ ਰਿਹਾ ਹੈ। ਕਿਸਾਨਾਂ ਦੀ ਮੁਕਤੀ ਲਈ ਕਿਸਾਨ ਲਹਿਰ ਨੂੰ ਮੁਲਕ ਪੱਧਰ ਤੇ ਮਜ਼ਬੂਤ ਕਰਦਿਆਂ ਮਹਿਲ ਕਲਾਂ ਦੇ ਸਾਂਝੇ ਵਿਸ਼ਾਲ ਸੰਗਰਾਮ ਦੀ ਤਰ੍ਹਾਂ ਹੀ ਮੁਲਕ ਪੱਧਰੇ ਖੇਤੀ ਸੰਕਟ ਨੂੰ ਸੰਬੋਧਿਤ ਹੋਣ ਦੀ ਲੋੜ ਹੈ। ਮਜ਼ਬੂਤ ਕਰਦਿਆਂ ਚੇਤੰਨ ਤੇ ਜੁਝਾਰੂ ਸੰਗਰਾਮ ਛੇੜਨ ਦੀ ਲੋੜ ਹੈ।

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ  ਨੇਤਾ ਤੇ ਵਿਧਾਇਕ ਆਮ ਆਦਮੀ ਪਾਰਟੀ ਸ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਖਾਸ ਕਰ ਮਹਿਲ ਕਲਾਂ-ਬਰਨਾਲਾ ਇਲਾਕੇ ਦੇ ਅਣਖੀਲੇ ਲੋਕਾਂ ਨੂੰ ਸਲਾਮ ਕਹਿੰਦਿਆਂ ਕਿਹਾ ਕਿ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਲਗਾਤਾਰ ਸਾਂਝੀ ਜਾਬਰਾਂ ਜਰਵਾਣਿਆਂ ਖ਼ਿਲਾਫ਼ ਸੰਘਰਸ਼ ਜਾਰੀ ਰੱਖਣਾ ਕੋਈ ਛੋਟੀ ਪ੍ਰਾਪਤੀ ਨਹੀਂ ਹੈ ਇਹ ਆਪਣੇ ਆਪ ਵਿੱਚ ਇੱਕ ਇਤਿਹਾਸ ਹੈ।  ਖਹਿਰਾ ਨੇ ਕਿਹਾ ਕਿ ਕਿੱਡੀ ਸ਼ਰਮ ਦੀ ਗੱਲ ਹੇ ਕਿ ਕਿਰਨਜੀਤ ਦੇ ਕਾਤਲ ਸਜਾ ਕੱਟ ਕੇ ਘਰ ਆ ਗਏ ਪਰ ਕਿਰਨਜੀਤ ਦੀ ਰਾਖੀ ਲਈ ਜੱਦੋ-ਜਹਿਦ ਕਰਨ ਵਾਲੇ ਲੋਕ ਆਗੂ ਮਨਜੀਤ ਧਨੇਰ ਉੱਪਰ ਉਮਰ ਕੈਦ ਸਜਾ ਤਲਵਾਰ ਲਮਕ ਰਹੀ ਹੈ। ਇਸ ਨੂੰ ਪ੍ਰਬੰਧ ਦੀ ਵੱਡੀ ਨਾਕਾਮੀ ਮੰਨਣਾ ਚਾਹੀਦਾ ਹੈ। । ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸੁਖਪੁਰ ਨੇ ਸਿੱਖਿਆ ਦਾ ਬਾਜ਼ਾਰੀਕਰਨ, ਵਪਾਰੀ ਕਰਨ ਤੇ ਭਗਵਾਂ ਕਰਨ ਕਰਨ ਵਾਲੀਆਂ ਸਰਕਾਰੀ ਨੀਤੀਆਂ ਦਾ ਵਿਰੋਧ ਕੀਤਾ, ਨਾਲ ਹੀ ਸਮਾਜ ਜਬਰ ਵਿਰੁੱਧ ਮਹਿਲ ਕਲਾਂ ਦੀ ਧਰਤੀ ਉੱਤੇ ਚੱਲ ਰਹੀ ਜੱਦੋ-ਜਹਿਦ ਵਿੱਚ ਲਗਾਤਾਰ ਯੋਗਦਾਨ ਪਾਉਂਦੇ ਰਹਿਣ ਦਾ ਵਾਅਦਾ ਕੀਤਾ । ਅਧਿਆਪਕ ਦਲ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ ਭੰਡਾਰੀ ਨੇ ਸਮਾਜਿਕ ਜਬਰ ਖਾਸ ਕਰ ਔਰਤਾਂ ਉੱਤੇ ਜਬਰ ਦੇ ਵਰਤਾਰੇ ਉੱਪਰ ਚਿੰਤਾ ਪਰਗਟ ਕਰਦਿਆਂ ਇਸ ਵਰਤਾਰੇ ਨੂੰ ਨੱਥ ਪਾਉਣ ਲਈ ਮਹਿਲ ਕਲਾਂ ਵਾਂਗ ਸਾਂਝੇ ਵਿਸ਼ਾਲ ਸੰਘਰਸ਼ਾਂ ਦੀ ਲੋੜ ‘ਤੇ ਜ਼ੋਰ ਦਿੱਤਾ। ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਜ਼ਿਲ੍ਹਾ ਸਕੱਤਰ ਅਮਰਜੀਤ ਕੁੱਕੂ, ਟੀ.ਐਸ.ਯੂ. ਦੇ ਸਰਕਲ ਆਗੂ ਦਰਸ਼ਨ ਸਿੰਘ, ਸੀਮਾ ਆਜ਼ਾਦ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਔਰਤ ਜਮਾਤ ਦੀ ਮੁਕਤੀ ਲਈ ਉਨ੍ਹਾਂ ਨੂੰ ਖ਼ੁਦ ਆਪਣੇ ਹੱਕਾਂ ਲਈ ਸਭ ਤਰਾਂ ਦੀਆਂ ਰੁਕਾਵਟਾਂ ਤੋੜ ਕੇ ਅੱਗੇ ਆਉਣਾ ਚਾਹੀਦਾ ਹੈ। ਖਾਸ ਕਰ ਔਰਤਾਂ ਨੂੰ ਜਾਬਰ ਢਾਂਚੇ ਵੱਲੋਂ ਸਾਜ਼ਿਸ਼ੀ ਢੰਗ ਨਾਲ ਜਬਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮਨੁੱਖੀ ਅਧਿਕਾਰਾਂ ਦਾ ਸ਼ਰੇਆਮ ਹਕੂਮਤ ਘਾਣ ਕਰ ਰਹੀ ਹੈ। ਮਨੁੱਖੀ ਅਧਿਕਾਰਾਂ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦੀ ਜਬਰੀ ਜ਼ੁਬਾਨ ਬੰਦੀ ਕਰਨ ਵੱਲ ਵਧਿਆ ਜਾ ਰਿਹਾ ਹੈ।

ਇਸ ਸਮੇਂ ਐਕਸ਼ਨ ਕਮੇਟੀ ਵੱਲੋਂ ਮਨਜੀਤ ਧਨੇਰ ਦੀ ਸਜ਼ਾ ਰੱਦ ਕਰਨ, ਵਿੱਦਿਆ ਦਾ ਭਗਵਾਂ ਕਰਨ/ਬਾਜ਼ਾਰੀ ਕਰਨ/ਵਿਸ਼ਵ ਵਪਾਰ ਸੰਸਥਾ ਦੇ ਹਵਾਲੇ ਕਰਨ ਵਿਰੁੱਧ, ਔਰਤਾਂ ਖਾਸ ਕਰ ਦਲਿਤ ਪਰਵਾਰ ਦੀਆਂ ਔਰਤਾਂ ਉਪਰ ਜਬਰ ਨੂੰ ਠੱਲ੍ਹਣ,ਅਖੌਤੀ ਗਊ ਰੱਖਿਅਕਾਂ ਵੱਲੋਂ ਦਲਿਤਾਂ ਨੂੰ ਜਬਰ ਦਾ ਨਿਸ਼ਾਨਾ ਬਣਾਉਣ ਖ਼ਿਲਾਫ਼, ਨਸ਼ਾ ਖੋਰੀ ਤੇ ਲੱਚਰ ਲੋਟੂ ਸਭਿਆਚਾਰ ਬੰਦ ਕਰਨ,ਆਵਾਰਾ ਪਸ਼ੂਆਂ ਅਤੇ ਕੁੱਤਿਆਂ ਦਾ ਠੋਸ ਹੱਲ ਕਰਨ,ਸੰਘਰਸ਼ ਕਰਨ ਵਾਲੇ ਤਬਕਿਆਂ ਉੱਪਰ ਪੰਜਾਬ ਸਰਕਾਰ ਵੱਲੋਂ ਮੜੀ ਅਣ ਐਲਾਨੀ ਐਮਰਜੈਂਸੀ ਵਿਰੁੱਧ, ਦਰਜ ਝੂਠੇ ਪੁਲਿਸ ਕੇਸ ਵਾਪਸ ਲੈਣ, ਕਿਰਤ ਕਾਨੂੰਨਾਂ ਵਿਰੁੱਧ ਕੀਤੀਆਂ ਜਾ ਰਹੀਆਂ ਕਿਰਤੀਆਂ ਵਿਰੋਧੀ ਸੋਧਾਂ ਵਾਪਸ ਲੈਣ, ਵੱਖ-ਵੱਖ ਤਬਕਿਆਂ ਦੇ ਚੱਲ ਰਹੇ ਹੱਕੀ ਅਤੇ ਜਾਇਜ਼ ਸੰਘਰਸ਼ਾਂ ਦੀ ਡਟਵੀਂ ਹਮਾਇਤ ਕਰਨ ਦੇ ਮਤੇ ਪਾਸ ਕੀਤੇ ਗਏ। ਇਸ ਮੌਕੇ ਐਕਸ਼ਨ ਕਮੇਟੀ ਵੱਲੋਂ ਇਸ ਵਾਰ ਜਮਹੂਰੀ ਹੱਕਾਂ ਦੀ ਸਰਗਰਮ ਕਾਰਕੁਨ ”ਸੀਮਾ ਆਜ਼ਾਦ” ਸੰਪਾਦਕ ਦਸਤਕ ਨੂੰ ਐਕਸ਼ਨ ਕਮੇਟੀ ਵੱਲੋਂ ਸਨਮਾਨਿਤ ਸਨਮਾਨਿਤ ਕੀਤਾ ਗਿਆ। ਇਸ ਸਮੇਂ ਭੈਣ ਪ੍ਰੇਮਪਾਲ ਕੌਰ, ਅਮਰਜੀਤ ਕੌਰ,, ਪਰਮਜੀਤ ਕੌਰ ਮਹਿਲ ਕਲ਼ਾਂ (ਕਿਰਨਜੀਤ ਦੀ ਮਾਤਾ) ਅਤੇ ਇਨਕਲਾਬੀ ਨੌਜਵਾਨ ਵਿਦਿਆਰਥੀ ਮੰਚ ਦੀ ਕਾਰਕੁਨ ਗਗਨ ਆਜ਼ਾਦ,ਗੁਰਦੇਵ ਸਹਿਜੜਾ, ਅਮਰਜੀਤ ਕੁੱਕੂ, ਮਲਕੀਤ ਸਿੰਘ ਵਜੀਦਕੇ,ਪ੍ਰੇਮ ਕੁਮਾਰ,ਹਰਚਰਨ ਚੰਨਾ,ਪ੍ਰੀਤਮ ਦਰਦੀ,ਕੁਲਵੰਤ ਰਾਏ,ਸੁਖਜੰਟ ਸਿੰਘ,ਗੁਰਦੇਵ ਸਿੰਘ ਮਹਿਲ ਖੁਰਦ, ਜਗਮੋਹਣ ਸਿੰਘ ਪਟਿਆਲਾ, ਗੁਰਜੰਟ ਸਿੰਘ,ਜਗਰਾਜ ਹਰਦਾਸਪੁਰਾ,ਗੁਰਦੇਵ ਮਾਂਗੇਵਾਲ, ਦਰਸ਼ਨ ਸਿੰਘ ਉੱਗੋਕੇ,ਸਾਹਿਬ ਸਿੰਘ ਬਡਬਰ,ਡਾ ਰਜਿੰਦਰਪਾਲ,ਗੁਰਦੀਪ ਰਾਮਪੁਰਾ,ਗੁਰਮੇਲ ਠੁੱਲੀਵਾਲ,ਕੁਲਵੀਰ ਔਲਖ,ਰਾਜੀਵ ਕੁਮਾਰ,ਰਜਿੰਦਰ ਭਦੌੜ, ਮੇਘ ਰਾਜ ਮਿੱਤਰ ਆਦਿ ਆਗੂ ਹਾਜ਼ਰ ਸਨ। ਬਰਸੀ ਸਮਾਗਮ ਦੌਰਾਨ ਅਗਾਂਹਵਧੂ ਕਿਤਾਬਾਂ ਦੀਆਂ ਡੇਢ ਦਰਜਨ ਦੇ ਕਰੀਬ ਸਟਾਲਾਂ ਲੱਗੀਆਂ ਹੋਈਆਂ ਸਨ। ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਾ.ਗੁਰਦੇਵ ਸਿੰਘ ਸਹਿਜੜਾ ਅਤੇ ਗੁਰਬਿੰਦਰ ਸਿੰਘ ਨੇ ਬਖ਼ੂਬੀ ਨਿਭਾਈ। ਲੋਕ ਕਲਾ ਮੰਚ ਮੰਡੀ ਮੁੱਲਾਂਪੁਰ(ਹਰਕੇਸ ਚੌਧਰੀ) ਵੱਲੋਂ ”ਪਾਉਣ ਪੈੜਾਂ ਜੋ ਪੈਰ” ਬਹੁਤ ਹੀ ਖ਼ੂਬਸੂਰਤ ਅੰਦਾਜ਼’ਚ ਪੇਸ਼ ਕੀਤਾ ਗਿਆ। ਕੋਰਿਉਗ੍ਰਾਫੀਆਂ ‘ਰੰਗਲਾ ਪੰਜਾਬ’ਆਜਾਦ ਰੰਗ ਮੰਚ ਬਰਨਾਲਾ (ਨਿਰਦੇਸ਼ਕ ਰਣਜੀਤ ਭੋਤਨਾ) ਵੱਲੋਂ ਪੇਸ਼ ਕੀਤੀਆਂ ਗਈਆਂ। ਗਗਨ ਆਜ਼ਾਦ,, ਅਜਮੇਰ ਅਕਲੀਆ,ਕਵੀਸ਼ਰੀ ਜੱਥਾ ਰਸੂਲਪੁਰ,ਰਾਮ ਸਿੰਘ ਹਠੂਰ ਆਦਿ ਕਲਾਕਾਰਾਂ ਨੇ ਇਨਕਲਾਬੀ ਗੀਤ ਪੇਸ਼ ਕੀਤੇ।

(ਗੁਰਭਿੰਦਰ ਗੁਰੀ)

mworld8384@yahoo.com

Install Punjabi Akhbar App

Install
×