ਸਮਰਪਿਤ ਸਿਰੜੀ ਯੋਧਾ, ਸਾਥੀ ਗੁਰਮੀਤ ਸਿੰਘ ਜੀ!

ਅੱਜ 2-ਫਰਵਰੀ, 2023 ਸ਼ਰਧਾਂਜਲੀ ਸਮਾਗਮ ‘ਤੇ ਵਿਸ਼ੇਸ਼

ਜੀਵਨ ! ਜੋ ਸੰਘਰਸ਼ ਦਾ ਇਤਿਹਾਸ ਹੈ, ਦ੍ਰਿੜਤਾ ਨਾਲ ਜੂਝਣ ਲਈ ਹੌਸਲਾ ਦਿੰਦਾ ਹੈ। ਜ਼ਿੰਦਗੀ ਇਕ ਹਕੀਕਤ ਹੈ, ਕੋਈ ਸੁਪਨਾ ਨਹੀਂ ਸਗੋਂ ਇਹ ਅਗਲੀਆਂ ਪੀੜੀਆਂ ਲਈ ਪ੍ਰੇਰਨਾ ਸ੍ਰੋਤ ਹੁੰਦੀ ਹੈ। ਇਹ ਉਦਾਹਰਣ ਸਿਰੜੀ ਯੋਧੇ ਸਾਥੀ ਗੁਰਮਤੀ ਸਿੰਘ ‘ਤੇ ਢੁਕਦੀ ਹੈ। ਮੌਤ ! ਅਟੱਲ ਹੈ, ਪਰ ਸਮਾਜਿਕ ਪ੍ਰੀਵਰਤਨ ਲਈ ਜੀਵਨ ਜੀਵਿਆਂ ਨਾ ਕਦੀ ਅਜਾਈ ਜਾਂਦਾ ਹੈ ‘ਤੇ ਨਾ ਹੀ ਪਛਤਾਵੇ ਦਾ ਕਾਰਨ ਬਣਦਾ ਹੈ। ਸਾਥੀ ਗੁਰਮੀਤ ਸਿੰਘ ਨੇ ਜੀਵਨ ਦੇ ਹਰ ਖੇਤਰ ਅੰਦਰ ਜਿਥੇ ਵੀ ਹਾਜ਼ਰੀ ਲੁਵਾਈ ਹਰ ਅਨ੍ਹਿਆ ਵਿਰੁਧ, ਹੱਕ ਲਈ ਬੇਝਿਜਕ ਹੋ ਕੇ ਜ਼ਰਵਾਣਿਆਂ ਵਿਰੁਧ ਮੱਥਾ ਡਾਹਿਆ ਅਤੇ ਸੰਘਰਸ਼ਾਂ ਰਾਹੀਂ ਸਮੂਹਕ ਜਿਤਾਂ ਵੀ ਪ੍ਰਾਪਤ ਕੀਤੀਆਂ। ਹਾਰ ਜਾਂ ਪਿਛੇ ਮੁੜਨਾ ਉਸ ਦੇ ਅਕੀਦੇ ‘ਚ ਕਦੀ ਵੀ ਉਪਜਿਆ ਲਹੀਂ ਸੀ ਤੇ ਮਿਲ ਕੇ ਜਿਤ ਵੱਲ ਵਧਣਾ ਉਸ ਦਾ ਟੀਚਾ ਸੀ। ਸੰਗਰਾਮੀ ਯੋਧਾ! 24-ਜਨਵਰੀ 2023 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਆਪਣੇ ਸਾਥੀਆਂ ਨੂੰ ਦੁੱਖੀ ਜਨਤਾ ਦੀ ਮੁਕਤੀ ਲਈ ਸਮਾਜਕ-ਤਬਦੀਲੀ ਲਈ ਚਲ ਰਹੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਅਤੇ ਮਜ਼ਬੂਤ ਕਰਨ ਲਈ ਬਣਦਾ ਯੋਗਦਾਨ ਪਾਉਣ ਦਾ ਸੁਨੇਹਾ ਦੇ ਗਿਆ। ਉਹ ਇਕ ਕਰਮਸ਼ੀਲ, ਸੰਵੇਦਨਸ਼ੀਲ ਅਤੇ ਕਹਿਣੀ ਤੇ ਕਰਨੀ ਵਾਲਾ ਪਾਰਟੀ ਅੰਦਰ ਮਿਸਾਲੀ ਮੈਂਬਰ, ਆਗੂ ਅਤੇ ਕਰਮਯੋਗ ਸਾਥੀ ਸੀ ਜੋ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ।
ਸਾਥੀ ਗੁਰਮਤੀ ਸਿੰਘ ਦਾ ਜਨਮ 4-ਅਕਤੂਬਰ, 1952 ਨੂੰ ਮਾਤਾ ਲਛਮੀ ਦੇਵੀ ਅਤੇ ਪਿਤਾ ਧਰਮ ਸਿੰਘ ਦੇ ਘਰ ਹੁਸ਼ਿਆਰਪੁਰ ਸ਼ਹਿਰ (ਰੇਲਵੇ ਮੰਡੀ) ਵਿਖੇ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਜੱਸੋਵਾਲ (ਹੁਸ਼ਿਆਰਪੁਰ) ਜੋ ਬਬਰ-ਅਕਾਲੀ ਲਹਿਰ ਦੀ ਰਾਜਧਾਨੀ ਕਿਹਾ ਜਾਂਦਾ ਸੀ, ਇਨ੍ਹਾਂ ਦੇ ਵੱਡੇ ਵਡੇਰੇ ਹੁਸ਼ਿਆਰਪੁਰ ਆ ਗਏ ‘ਤੇ ਰੇਲਵੇ ਮੰਡੀ ਅੰਦਰ ਰਿਹਾਇਸ਼ ਰੱਖ ਲਈ। ਉਹ 6-ਭਰਾ ਅਤੇ ਇਕ ਭੈਣ ਵਾਲੇ ਬੜੇ ਪ੍ਰਵਾਰ ਅੰਦਰ ਵੱਡੇ ਹੋਏ। ਦੱਸਵੀਂ ਸਰਕਾਰੀ ਹਾਈ ਸਕੂਲ ਘੰਟਾ ਘਰ, ਹੁਸ਼ਿਆਰਪੁਰ ਅਤੇ ਪਲੱਸ-2 ਗੌਰਮਿੰਟ ਕਾਲਜ ਹੁਸ਼ਿਆਰਪੁਰ ਤੋਂ ਪਾਸ ਕਰਕੇ ਫਿਰ ਆਈ.ਟੀ.ਆਈ. (ਇਲੈਕਟ੍ਰੀਕਲ) ਸਰਕਾਰੀ ਇੰਸਟੀਚਿਊਟ ਹੁਸ਼ਿਆਰਪੁਰ ਤੋਂ ਕੀਤੀ। ਉਹ ਫਿਰ ਪੀ.ਐਸ.ਈ.ਬੀ. ਵਿੱਚ ਐਸ.ਐਸ.ਏ. ਵਜੋਂ ਭਰਤੀ ਹੋ ਗਏ ਤੇ ਦੋ ਸਾਲ ਨੌਕਰੀ ਕਰਕੇ ਜਰਮਨੀ ਦੇਸ਼ ਚਲੇ ਗਏ। ਜਰਮਨੀ ਵਿਖੇ ਉਸ ਨੇ ਲੈਬ-ਟੈਕਨੀਸ਼ੀਅਨ ਵੱਜੋ ਖੂੰਬਾਂ (ਮਸ਼ਰੂਮ) ਦੇ ਫਾਰਮ ਅੰਦਰ 10-ਸਾਲ ਕੰਮ ਕੀਤਾ ਤੇ ਵਾਪਸ ਦੇਸ਼ ਆ ਗਏ। ਭਾਰਤ ਆ ਕੇ ਗੁਰਮੀਤ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਦੇ ਖੂੰਬਾਂ ਦੇ ਫਾਰਮ ਪਟਿਆਲਾ ਵਿਖੇ ਕੁਝ ਚਿਰ ਕੰਮ ਕੀਤਾ ਅਤੇ ਉਥੇ ਕੈਪਟਨ ਨਾਲ ਕਿਸੇ ਟੈਕਨੀਕਲ ਇਸ਼ੂ ਤੇ ਸਹਿਮਤੀ ਨਾ ਹੋਣ ਕਰਕੇ ਫੌਰੀ ਅਸਤੀਫ਼ਾ ਦੇ ਦਿੱਤਾ। ਉਹ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਮੁੜ ਭਰਤੀ ਹੋ ਗਿਆ ਅਤੇ ਸਾਲ 2010 ਨੂੰ ਆਪਣੀ ਸਾਫ਼ ਤੇ ਚਿੱਟੀ ਚਾਦਰ ਅਤੇ ਅਕਸ ਲੈ ਕੇ ਨੌਕਰੀ ਤੋਂ ਸੇਵਾ ਮੁਕਤ ਹੋ ਕੇ ਸਿਧਾ ਸੀ.ਪੀ.ਆਈ.(ਐਮ) ਜ਼ਿਲ੍ਹਾ ਹੁਸ਼ਿਆਰਪੁਰ ਦੇ ਦਫਤਰ ਜਾ ਹਾਜਰ ਹੋ ਗਿਆ। ਇਹ ਉਸ ਦੀ ਮਾਰਕਸਵਾਦ ਪ੍ਰਤੀ ਲਗਨ, ਕਿਰਤੀ ਜਮਾਤ ਲਈ ਪਿਆਰ ਅਤੇ ਕਿਰਤੀ ਲੋਕਾਂ ਦੀ ਮੁਕਤੀ ਲਈ ਤੇਹ ਸੀ। ਨਿਜ਼ ਨਾਲੋ ਉਸ ਨੇ ਸਦਾ ਪਾਰਟੀ ਨੂੰ ਵੱਧ ਤਰਜ਼ੀਹ ਦਿੱਤੀ ਅਤੇ ਆਖਰੀ ਪਲਾਂ ਤੱਕ ਪਾਰਟੀ ਪ੍ਰਤੀ ਬਫ਼ਾਦਾਰ ਰਿਹਾ।
ਸਾਥੀ ਗੁਰਮੀਤ ਸਿੰਘ ਦਾ ਸਾਰਾ ਜੀਵਨ ਇਕ ਮਿਸਾਲੀ ਰਿਹਾ ਹੈ। ਪੰਜਾਬ ਬਿਜਲੀ ਬੋਰਡ ਵਿੱਚ ਭਰਤੀ ਹੋ ਕੇ ਉਹ ਭਾਵੇਂ ਮੀਟਰ ਰੀਡਰ ਸੀ, ਪਰ ਜੱਥੇਬੰਦੀ ਵੱਲੋ ਲਗਾਤਾਰ ਸੰਘਰਸ਼ ਵਿਢਣ ਕਰਕੇ ਜੱਥੇਬੰਦਕ ਅਤੇ ਖੱਬੇ ਪੱਖੀ ਸੋਚ ਦੇ ਗੁਰਮੀਤ ਸਿੰਘ ਵਰਗੇ ਸੰਵੇਦਨਸ਼ੀਲ ਜੀਵਨ ‘ਤੇ ਪ੍ਰਭਾਵ ਪੈਣਾ ਲਾਜ਼ਮੀ ਸੀ। ਉਹ ਪਹਿਲਾ ਹੀ ਚਲ ਰਹੀਆਂ ਖੱਬੇ ਪੱਖੀ ਲਹਿਰਾਂ, ਆਈ.ਟੀ.ਆਈ. ਅਤੇ ਜਰਮਨੀ ਜਾ ਕੇ ਉਸ ਦੀ ਸੋਚ ਅੰਦਰ ਹੋਰ ਨਿਖਾਰ ਆਇਆ ਹੋਣ ਕਰਕੇ ਬਿਜਲੀ ਬੋਰਡ ਵਰਗੀ ਪੰਜਾਬ ਅੰਦਰ ਖਾੜਕੂ ਅਤੇ ਸੰਘਰਸ਼ ਸ਼ੀਲ ਜੱਥੇਬੰਦੀ ਦੇ ਪ੍ਰਭਾਵ ਨੇ ਗੁਰਮੀਤ ਸਿੰਘ ਨੂੰ ਇਕ ਪ੍ਰਪੱਕ ਮਾਰਕਸਵਾਦੀ ਬਣਾ ਦਿੱਤਾ। ਟੀ.ਐਸ.ਯੂੀ ਦੀਆਂ ਮੀਟਿੰਗਾਂ, ਜੱਥੇਬੰਦਕ ਸਕੂਲਾਂ ਅਤੇ ਬਹਿਸਾਂ ਨੇ ਉਸ ਨੂੰ ਕਿਰਤੀ ਜਮਾਤ ਦਾ ਵੇਨ-ਗਾਰਡ ਬਣਨ ਲਈ ਉਤਸ਼ਾਹਤ ਕਰ ਦਿੱਤਾ। ਆਪਣੀ ਨੌਕਰੀ ਦੌਰਾਨ, ਜੱਥੇਬੰਦਕ ਸੰਘਰਸ਼ਾਂ, ਲੋਕਾਂ ਦੇ ਮੱਸਲਿਆ ਅਤੇ ਆਪਣੇ ਆਲੇ-ਦੁਆਲੇ ਤੇ ਮੁਹੱਲੇ ਦੇ ਲੋਕਾਂ ਦੇ ਦੁੱਖ ਤਕਲੀਫ਼ਾਂ ਦੀ ਮੁਕਤੀ ਲਈ ਉਹ ਇਕੋ ਸਾਹੇ ਅੱਗੇ ਵੱਧਿਆ ਰਿਹਾ। ਕਦੀ ਵੀ ਨਾ ਪਿਛੇ ਮੁੜਿਆ ਤੇ ਨਾ ਹੀ ਕਦੀ ਝੁਕਿਆ। ਉਸ ਨੇ ਕਦੀ ਵੀ ਆਪਣੀ ਸਿਹਤ, ਪ੍ਰਵਾਰ ਅਤੇ ਪੇਸ਼ ਔਕੜਾਂ ਦੀ ਕੋਈ ਪ੍ਰਵਾਹ ਨਹੀ ਕੀਤੀ। ਉਹ ਨਿਧੜਕ, ਜੁਝਾਰੂ ਅਤੇ ਸਿਰੜੀ ਯੋਧਾ ਸੀ।
ਟੀ.ਐਸ.ਯੂ ਦੇ ਮੈਂਬਰ ਵਜੋਂ ਤੇ ਜੱਥੇਬੰਦੀ ਅੰਦਰ ਮਾਰਕਸਵਾਦੀ ਸੋਚ ਨੂੰ ਪ੍ਰਣਾਏ ਗੁਰਮੀਤ ਸਿੰਘ ਨੇ ਸਦਾ ਮੁਦਿਆ, ਫੈਸਲਿਆ ਅਤੇ ਕੋਈ ਐਕਸ਼ਨ ਕਰਨ ਵੇਲੇ ਬਿਨਾਂ ਝਿਜਕ, ਦੁਚਿਤੀ ਤੇ ਭੈਅਮੁਕਤ ਹੋ ਕੇ ਆਪਣੀ ਦਲੀਲ ਦੇਣੀ, ਉਸ ਦਾ ਇਕ ਦਸਤੂਰ ਸੀ। ਇਸੇ ਕਰਕੇ ਹੀ ਉਹ ਸੇਵਾ ਮੁਕਤੀ ਤੋਂ ਪਹਿਲਾ ਵੀ ਤੇ ਬਾਦ ਵਿੱਚ ਸੀ.ਪੀ.ਆਈ. (ਐਮ) ਦੇ ਜ਼ਿਲਾ ਕਮੇਟੀ ਮੈਂਬਰ ਤੇ ਜ਼ਿਲ੍ਹਾ ਦਫਤਰ ਸਕੱਤਰ ਵਜੋਂ ਪਾਰਟੀ ਅੰਦਰ ਇਕ ਵੱਧੀਆ ਮੈਂਬਰ, ਨਿਧੜਕ ਸਾਥੀ ਅਤੇ ਕਹਿਣੀ ਤੇ ਕਥਣੀ ਸੋਚ ਵਾਲਾ ਸਾਥੀ ਜਾਣਿਆ ਜਾਂਦਾ ਸੀ। ਪਾਰਟੀ ਦਫਤਰ ਅੰਦਰ ਸਮੇਂ ਸਿਰ ਆਉਣਾ, ਦਫਤਰੀ ਕੰਮ ਨਿਪਟਾਉਣੇ ਅਤੇ ਸਮੇਂ ਸਿਰ ਛੁੱਟੀ ਕਰਨੀ, ਇਹ ਉਸ ਦਾ ਨਿਤ ਦਿਨ ਦਾ ਮਿਸਾਲੀ ਦਸਤੂਰ ਸੀ। ਬਿਜਲੀ ਬੋਰਡ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਜੱਥੇਬੰਦੀ ਪੈਨਸ਼ਨਰਜ਼ ਐਸੋਸੀਏਸ਼ਨ ਦਾ ਵੀ ਉਹ ਹੁਣ ਸੂਬਾਈ ਆਗੂ ਸੀ।
ਗੱਲ ਕੀ ? ਸਾਥੀ ਗੁਰਮੀਤ ਸਿੰਘ ਪਾਰਟੀ ਦੇ ਹਰ ਸੰਘਰਸ਼ ਵਿੱਚ, ਕਿਰਤੀਆਂ ਤੇ ਮਜ਼ਦੂਰਾਂ ਦੇ ਹਰ ਘੋਲ ਵਿੱਚ ਸ਼ਰੀਕ ਹੁੰਦਾ ਸੀ। ਪਿਛਲੇ ਸਾਲ ਚਲੇ ਕਿਸਾਨ-ਮਜ਼ਦੂਰ ਘੋਲ ਅੰਦਰ ਉਹ ਹੁਸ਼ਿਆਰਪੁਰ ਚਲੇ ਲਗਾਤਾਰ ਧਰਨੇ ਅੰਦਰ ਸਾਲ ਤੋਂ ਵੀ ਵੱਧ ਸਮਾਂ ਸ਼ਾਮਲ ਰਿਹਾ। ਅੱਜ ! ਭਾਵੇਂ ਉਹ ਸਾਡੇ ਵਿਚਕਾਰ ਸਾਨੂੰ 24-ਜਨਵਰੀ 2023 ਨੂੰ ਜਿਸਮਾਨੀ ਤੌਰ ‘ਤੇ ਵਿਛੋੜਾ ਦੇ ਗਿਆ ਹੈ। ਪਰ ਉਸ ਵਲੋਂ ਪਾਏ ਪੂਰਣੇ ਸਾਨੂੰ ਸਦਾ ਯਾਦ ਰਹਿਣਗੇ ? ਕਿਰਤੀ ਲੋਕਾਂ ਲਈ ਚਲਦੇ ਘੋਲਾਂ ਅੰਦਰ ਉਸ ਵਲੋ ਜੋ ਸੁਨਹਿਰੀ ਪਿਰਤਾਂ ਪਾਈਆਂ ਹਨ ਸਾਡੇ ਸਾਰਿਆਂ ਲਈ ਇਕ ਪ੍ਰੇਰਣਾ ਸਰੋਤ ਹਨ।
ਅੱਜ ਜਿਥੇ ਅਸੀਂ ਸਾਥੀ ਗੁਰਮੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਯਾਦ ਕਰਾਂਗੇ, ਉਥੇ ਅਸੀ ਦੇਸ਼ ਦੀ ਰਾਜ ਸਤਾ ‘ਤੇ ਕਾਬਜ਼ ਅਤਿ ਦੀ ਫਿਰਕਾਪ੍ਰਸਤ, ਕਾਰਪੋਰੇਟ ਪੱਖੀ ਤੇ ਸਾਮਰਾਜ ਦੀ ਯੁਧਨੀਤਕ ਭਾਈਵਾਲ ਬੀ.ਜੇ.ਪੀ.-ਆਰ.ਐਸ.ਐਸ. ਗਠਜੋੜ ਹਾਕਮ, ਪਾਰਟੀ ਜੋ ਅੱਜ ਦੇਸ਼ ਦੀ ਪ੍ਰਭੂਸਤਾ ਲਈ ਵੱਡਾ ਖਤਰਾ ਬਣੀ ਹੋਈ ਹੈ, ਉਸ ਵਿਰੁਧ ਸਾਰੀਆਂ ਜਮਹੂਰੀ, ਧਰਮ ਨਿਰਪੱਖ ਅਤੇ ਖੱਬੇ ਪੱਖੀ ਸ਼ਕਤੀਆਂ ਮਿਲ ਕੇ ਦੇਸ਼ ਦੀ ਰਾਖੀ ਲਈ ਸੰਘਰਸ਼ਸ਼ੀਲ ਹੋਣ ਦਾ ਵੀ ਅਹਿਦ ਕਰਦੇ ਹੋਏ ਸਾਥੀ ਗੁਰਮੀਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕਰਕੇ ਯਾਦ ਕਰਦੇ ਹਾਂ ! ਸਾਥੀ ਗੁਰਮੀਤ ਸਿੰਘ ਅਮਰ ਰਹੇ !!!
(ਸਾਥੀ ਗੁਰਮੀਤ ਸਿੰਘ ਦੀ ਯਾਦ ਵਿੱਚ ਸ਼ਰਧਾਂਜਲੀ ਸਮਾਗਮ (ਅੱਜ) 2-ਫਰਵਰੀ, 2023 ਨੂੰ 12.00 ਵਜੇ (ਦੋਪੈਹਰ) ਗੁਰਦੁਆਰਾ ਰੇਲਵੇ ਮੰਡੀ, ਹੁਸ਼ਿਆਰਪੁਰ ਵਿਖੇ ਹੋਵੇਗਾ।)

(ਜਗਦੀਸ਼ ਸਿੰਘ ਚੋਹਕਾ)

+91 9217997445