
ਨਿਊ ਸਾਊਥ ਵੇਲਜ਼ ਰਾਜ ਦੇ ਪੁਲਿਸ ਅਤੇ ਆਪਾਤਕਾਲੀਨ ਸੇਵਾਵਾਂ ਦੇ ਮੰਤਰੀ ਸ੍ਰੀ ਡੇਵਿਡ ਐਲੀਅਟ ਅਤੇ ਰਾਜ ਦੇ ਬਚਾਉ ਦਲਾਂ ਦੇ ਕਮਿਸ਼ਨਰ ਸ੍ਰੀ ਪੌਲ ਬਕਸਟਰ ਨੇ ਆਰਚਰਡ ਹਿਲ ਵਿਖੇ ਇੱਕ ਸਾਧਾਰਤ ਪਰੰਤੂ ਬਹੁਤ ਹੀ ਮਹੱਤਵਪੂਰਨ ਅਤੇ ਭਾਵਪੂਰਨ ਪ੍ਰੋਗਰਾਮ ਅਧੀਨ ਉਨ੍ਹਾਂ ਯੋਧਿਆਂ ਪ੍ਰਤੀ ਆਪਣਾ ਭਾਵ ਪ੍ਰਗਟ ਕੀਤਾ ਜਿਨ੍ਹਾਂ ਨੇ ਅੱਗ ਬੁਝਾਊ ਅਤੇ ਹੋਰ ਬਚਾਉ ਦਲਾਂ ਦੇ ਆਪ੍ਰੇਸ਼ਨਾਂ ਅਧੀਨ ਫਰਜ਼ਾਂ ਨੂੰ ਨਿਭਾਉਂਦਿਆਂ ਆਪਣੀਆਂ ਜਾਨਾਂ ਵੀ ਗੁਆ ਦਿੱਤੀਆਂ ਅਤੇ ਜਨਤਕ ਰਾਖੀ ਕਰਦਿਆਂ ਮੌਤ ਦੀ ਆਗੌਸ਼ ਵਿੱਚ ਜਾ ਬਿਰਾਜੇ। ਸ੍ਰੀ ਐਲੀਅਨ ਨੇ ਉਚੇਚੇ ਤੌਰ ਤੇ ਕਿਹਾ ਕਿ ਇਹ ਠੀਕ ਹੈ ਕਿ ਕੋਵਿਡ-19 ਦੀਆਂ ਪਾਬੰਧੀਆਂ ਕਾਰਨ ਅਸੀਂ ਅਜਿਹੇ ਯੌਧਿਆਂ ਨੂੰ ਬਣਦਾ ਜਨਤਕ ਸਮਾਗਮਾਂ ਵਿਚਲ ਸਨਮਾਨ ਨਹੀਂ ਦੇ ਸਕੇ ਪਰੰਤੂ ਉਨ੍ਹਾਂ ਦੀ ਕੁਰਬਾਨੀ ਨੂੰ ਸਾਡੀ ਸ਼ਰਧਾਂਜਲੀ ਕਿਸੇ ਪੱਖੋਂ ਵੀ ਘੱਟ ਨਹੀਂ ਹੈ ਅਤੇ ਸਾਡੀਆਂ ਭਾਵਨਾਵਾਂ ਉਨ੍ਹਾਂ ਪ੍ਰਤੀ ਹੋਰ ਵੀ ਜ਼ਿਆਦਾ ਉਜਾਗਰ ਹਨ। ਕਮਿਸ਼ਨਰ ਸ੍ਰੀ ਪੌਲ ਬਕਸਟਰ ਨੇ ਵੀ ਅਜਿਹੇ ਯੌਧਿਆਂ ਪ੍ਰਤੀ ਆਪਣੀ ਭਾਵਪੂਰਵਕ ਸੰਵੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਅਜਿਹੇ ਯੋਧਿਆਂ ਦੀ ਮਿਸਾਲ ਕਿਸੇ ਨਾਲੋਂ ਵੀ ਘੱਟ ਨਹੀਂ ਅਤੇ ਰਹਿੰਦੀ ਦੁਨੀਆ ਤੱਕ ਇਨ੍ਹਾਂ ਦਾ ਨਾਮ ਲਿਆ ਜਾਂਦਾ ਰਹੇਗਾ। ਜ਼ਿਕਰਯੋਗ ਹੈ ਕਿ ਇਸ ਸਮਾਰੋਹ ਵਿੱਚ 49 ਯੌਧਿਆਂ ਨੂੰ ਮਰਣ ਉਪਰੰਤ ਸਨਮਾਨਿਤ ਕੀਤਾ ਗਿਆ।