ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੇ ਸਦੀਵੀ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ

ਸਰੀ -ਵੈਨਕੂਵਰ ਵਿਚਾਰ ਮੰਚ ਵੱਲੋਂ ਆਪਣੀ ਵਿਸ਼ੇਸ਼ ਵਰਚੂਅਲ ਮੀਟਿੰਗ ਵਿਚ ਪੰਜਾਬੀ ਸਾਹਿਤ ਦੇ ਉੱਘੇ ਵਿਦਵਾਨ ਡਾ. ਹਰਚੰਦ ਸਿੰਘ ਬੇਦੀ ਦੇ ਸਦੀਵੀ ਵਿਛੋੜੇ ਉਪਰ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਆਪਣੀਆਂ ਮੁਲਕਾਤਾਂ ਬਾਰੇ ਵਿਸਥਾਰ ਵਿਚ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਪੰਜਾਬੀ ਸਾਹਿਤ ਵਿਚ 67 ਪੁਸਤਕਾਂ ਦਾ ਵੱਡਮੁੱਲਾ ਯੋਗਦਾਨ ਪਾ ਕੇ ਪੰਜਾਬੀ ਸਾਹਿਤ ਨੂੰ ਬੇਹੱਦ ਅਮੀਰੀ ਪ੍ਰਦਾਨ ਕੀਤੀ। ਉਹ ਉਚਕੋਟੀ ਦੇ ਵਿਦਵਾਨ ਅਤੇ ਆਲੋਚਕ ਸਨ ਅਤੇ ਉਨ੍ਹਾਂ ਵਿਸ਼ੇਸ਼ ਕਰ ਕੇ ਪ੍ਰਵਾਸੀ ਪੰਜਾਬੀ ਸਾਹਿਤ ਦਾ ਪ੍ਰਸਾਰ ਅਤੇ ਪ੍ਰਚਾਰ ਕਰਨ ਵਿਚ ਅਹਿਮ ਭੂਮਿਕਾ ਅਦਾ ਕੀਤੀ।

ਪ੍ਰਸਿੱਧ ਆਰਟਿਸਟ ਜਰਨੈਲ ਸਿੰਘ ਨੇ ਵੀ ਉਨ੍ਹਾਂ ਨਾਲ ਆਪਣੇ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਉਹ ਬਹੁਤ ਹੀ ਸੁਹਿਰਦ ਇਨਸਾਨ ਸਨ ਅਤੇ ਹਰ ਕਾਰਜ ਨੂੰ ਬੜੀ ਨੀਝ ਅਤੇ ਲਗਨ ਨਾਲ ਕਰਦੇ ਸਨ। ਉਨ੍ਹਾਂ ਦੇ ਪਿਤਾ ਸਾਹਿਤਕਾਰ ਲਾਲ ਸਿੰਘ ਬੇਦੀ ਵੀ ਪੰਜਾਬੀ ਦੇ ਉੱਘੇ ਵਿਦਵਾਨ ਸਨ ਅਤੇ ਉਨ੍ਹਾਂ ਦੇ ਭਰਾ ਦਲਜੀਤ ਸਿੰਘ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਰਹੇ ਹਨ।

ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਉਨ੍ਹਾਂ ਦੀ ਵਿਦਵਤਾ ਦਾ ਕੋਈ ਸਾਨੀ ਨਹੀਂ। ਉਨ੍ਹਾਂ ਦੀ ਇਹ ਵਿਸ਼ੇਸ਼ਤਾ ਸੀ ਕਿ ਸਰੋਤਿਆਂ ਨੂੰ ਆਪਣੇ ਬੋਲਾਂ ਨਾਲ ਕੀਲ ਲੈਂਦੇ ਸਨ ਅਤੇ ਉਨ੍ਹਾਂ ਦੇ ਲੈਕਚਰ ਸੁਣ ਕੇ ਹਰ ਕੋਈ ਉਨ੍ਹਾਂ ਦਾ ਹੋ ਕੇ ਰਹਿ ਜਾਂਦਾ ਸੀ। ਉਹ ਬਹੁਤ ਹੀ ਗੰਭੀਰ ਸੋਚ ਰੱਖਦੇ ਸਨ। ਅੰਗਰੇਜ਼ ਬਰਾੜ ਨੇ ਵੀ ਉਨ੍ਹਾਂ ਦੇ ਮਿਲਪੜੇ ਸੁਭਾਅ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਮੌਤ ਨਾਲ ਡਾਢਾ ਦੁੱਖ ਮਹਿਸੂਸ ਹੋਇਆ ਹੈ। ਸ਼ਾਇਰ ਹਰਦਮ ਸਿੰਘ ਮਾਨ ਨੇ ਉਨ੍ਹਾਂ ਦੇ ਸਾਹਿਤਕ ਯੋਗਦਾਨ ਅਤੇ ਖੋਜ ਭਰਪੂਰ ਕਾਰਜਾਂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਨੂੰ ਮਹਾਨ ਸਾਹਿਤਕਾਰ ਅਤੇ ਚਿੰਤਕ ਦਸਦਿਆਂ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ।

(ਹਰਦਮ ਮਾਨ) +1 604 308 6663
maanbabushahi@gmail.com

Install Punjabi Akhbar App

Install
×