ਸਰੀ ਦੇ ਲੇਖਕਾਂ ਵੱਲੋਂ ਨਾਮਵਰ ਸਾਹਿਤਕਾਰ ਡਾ: ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

(ਸਰੀ)-ਗ਼ਜ਼ਲ ਮੰਚ ਸਰੀ ਦੇ ਸ਼ਾਇਰਾਂ ਦੀ ਵਿਸ਼ੇਸ਼ ਮੀਟਿੰਗ ਨਾਮਵਰ ਸ਼ਾਇਰ ਜਸਵਿੰਦਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਇਕ ਸ਼ੋਕ ਮਤੇ ਰਾਹੀਂ ਅਮਰੀਕਾ ਵਸਦੇ ਪੰਜਾਬੀ ਦੇ ਨਾਮਵਰ ਸਾਹਿਤਕਾਰ, ਚਿੰਤਕ, ਵਿਗਿਆਨੀ, ਪ੍ਰੋਫੈਸਰ ਡਾ: ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

ਡਾ. ਗੁਰੂਮੇਲ ਸਿੱਧੂ ਨੂੰ ਅਕੀਦਤ ਦੇ ਫੁੱਲ ਭੇਂਟ ਕਰਦਿਆਂ ਮੰਚ ਦੇ ਪ੍ਰਧਾਨ ਜਸਵਿੰਦਰ ਨੇ ਕਿਹਾ ਕਿ ਡਾ. ਸਿੱਧੂ ਪ੍ਰਗਤੀਵਾਦੀ ਵਿਚਾਰਧਾਰਾ ਦੇ ਬਹੁਤ ਹੀ ਸੰਵੇਦਨਸ਼ੀਲ ਸਾਹਿਤਕਾਰ ਸਨ ਜਿਨ੍ਹਾਂ ਪੰਜਾਬੀ ਕਵਿਤਾ, ਆਲੋਚਨਾ ਅਤੇ ਚਿੰਤਨ ਦੇ ਖੇਤਰ ਵਿਚ ਨਿਵੇਕਲੀਆਂ ਅਤੇ ਨਿੱਗਰ ਪੈੜਾਂ ਪਾਈਆਂ। ਉਨ੍ਹਾਂ ਦੇ ਵੱਡਮੁੱਲੇ ਸਾਹਿਤਕ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਨ੍ਹਾਂ ਵੱਲੋਂ ਗ਼ਦਰੀ ਲਹਿਰ ਸਬੰਧੀ ਖੋਜ ਭਰਪੂਰ ਪੁਸਤਕਾਂ “ਗਦਰ ਲਹਿਰ ਦਾ ਦੂਜਾ ਪੱਖ – ਸ਼ਹਿਰੀਅਤ ਅਤੇ ਜਾਇਦਾਦ ਲਈ ਸੰਘਰਸ਼” ਅਤੇ ‘ਹਿੰਦੋਸਤਾਨ ਦਾ ਆਜ਼ਾਦੀ ਸੰਗਰਾਮ – ਗਦਰੀ ਲਹਿਰਾਂ ਦੀ ਹਿੱਸੇਦਾਰੀ’ ਪੰਜਾਬੀ ਸਾਹਿਤ ਅਤੇ ਇਤਿਹਾਸ ਦਾ ਅਨਮੋਲ ਸਰਮਾਇਆ ਹਨ।

ਗ਼ਜ਼ਲ ਮੰਚ ਸਰੀ ਦੇ ਆਗੂ ਰਾਜਵੰਤ ਰਾਜ, ਕ੍ਰਿਸ਼ਨ ਭਨੋਟ, ਦਵਿੰਦਰ ਗੌਤਮ, ਹਰਦਮ ਸਿੰਘ ਮਾਨ, ਪ੍ਰੀਤ ਮਨਪ੍ਰੀਤ, ਦਸ਼ਮੇਸ਼ ਗਿੱਲ ਫ਼ਿਰੋਜ਼, ਗੁਰਮੀਤ ਸਿੰਘ ਸਿੱਧੂ, ਬਲਦੇਵ ਸੀਹਰਾ ਨੇ ਮਰਹੂਮ ਡਾ. ਗੁਰੂਮੇਲ ਸਿੱਧੂ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਦੀਵੀ ਰੁਖ਼ਸਤ ਹੋਣ ਨਾਲ ਪੰਜਾਬੀ ਸਾਹਿਤ ਅਤੇ ਵਿਸ਼ੇਸ਼ ਕਰਕੇ ਉੱਤਰੀ ਅਮਰੀਕਾ ਦੀਆਂ ਸਾਹਿਤਕ ਸਰਗਰਮੀਆਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਗ਼ਜ਼ਲ ਮੰਚ ਸਰੀ ਦੇ ਸਮੂਹ ਸ਼ਾਇਰਾਂ ਨੇ ਡਾ. ਸਿੱਧੂ ਦੇ ਪਰਿਵਾਰ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕੀਤਾ ਹੈ।

ਇਸੇ ਦੌਰਾਨ ਵੈਨਕੂਵਰ ਵਿਚਾਰ ਦੇ ਆਗੂ ਅਤੇ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਸ਼ਾਇਰ ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ, ਅੰਗਰੇਜ਼ ਬਰਾੜ, ਪਰਮਜੀਤ ਸਿੰਘ ਸੇਖੋਂ, ਕਾਮਰੇਡ ਨਵਰੂਪ ਸਿੰਘ, ਸ਼ਤੀਸ਼ ਗੁਲਾਟੀ, ਚਮਕੌਰ ਸਿੰਘ ਸੇਖੋਂ, ਨਵਦੀਪ ਗਿੱਲ, ਜਸਕਰਨ ਸਿੰਘ ਨੇ ਵੀ ਡਾ. ਗੁਰੂਮੇਲ ਸਿੱਧੂ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਹੈ।

(ਹਰਦਮ ਮਾਨ) +1 604 308 6663

 maanbabushahi@gmail.com