ਅਮਰੀਕਾ ਦੇ ਮੀਡੀਏ ਲਈ ਭਾਰੀ ਸਦਮਾ -ਪੀ. ਟੀ. ਸੀ. ਪੰਜਾਬੀ ਦੇ ਉੱਘੇ ਪੱਤਰਕਾਰ, ਪ੍ਰੋਗਰਾਮ ਸੰਚਾਲਕ ਦਵਿੰਦਰਪਾਲ ਸਿੰਘ ਦਾ ਦਿਹਾਂਤ

ਨਿਊਯਾਰਕ, 30 ਜੂਨ  – ਪੀ. ਟੀ. ਸੀ. ਪੰਜਾਬੀ ਦੇ ਖਬਰਾਂ ਦੇ ਸੰਚਾਲਕ, ਉੱਘੇ ਪੱਤਰਕਾਰ ਜੋ ਕਾਫੀ ਸਮਾਂ ਨਿਊਯਾਰਕ ਪੀ. ਟੀ. ਸੀ. ਪੰਜਾਬੀ ਚੈਨਲ ਨੂੰ ਚਲਾਉਂਦੇ ਆ ਰਹੇ ਸਨ। ਪਿਛਲੇ ਇੱਕ ਸਾਲ ਤੋਂ ਉਨ੍ਹਾਂ ਨੂੰ ਦਿੱਲੀ ਵਿਖੇ ਬੁਲਾ ਲਿਆ ਗਿਆ ਸੀ। ਜਿੱਥੇ ਉਹ ਸਵੇਰੇ ਸਾਢੇ 9 ਵਜੇ ਦੀਆਂ ਨਾਰਥ ਅਮਰੀਕਾ ਦੀਆਂ ਖਬਰਾਂ ਦਾ ਸੰਚਾਲਨ ਕਰਦੇ ਸਨ। ਹਰੇਕ ਮੁੱਦੇ ਨੂੰ ਗੰਭੀਰਤਾ ਨਾਲ ਵਿਚਾਰਨਾ, ਪੜਚੋਲਣਾ ਤੇ ਇੰਟਰਵਿਊ ਲੈਣ ਵੇਲੇ ਸਹਿਜਤਾ ਰੱਖਣ ਕਾਰਨ ਉਹ ਬਹੁਤ ਮਸ਼ਹੂਰ ਸਨ। ਦਵਿੰਦਰਪਾਲ ਸਿੰਘ ਸਮਾਜ ਵਿੱਚ ਜਾਗ੍ਰਿਤੀ ਲਿਆਉਣ ਵਿੱਚ ਮਹੱਤਰਪੂਰਨ ਯੋਗਦਾਨ ਪਾ ਰਹੇ ਸਨ। ਦਵਿੰਦਰਪਾਲ ਸਿੰਘ ਪੱਤਰਕਾਰਤਾ ਦੀਆਂ ਸੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਦੇ ਪਹਿਰਾ ਦਿੰਦੇ ਆ ਰਹੇ ਸਨ। ਉਹਨਾਂ ਦੀ ਅਚਾਨਕ ਮੌਤ ਨਾਲ ਪੰਜਾਬੀ ਮੀਡੀਏ ਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਵੱਡਾ ਘਾਟਾ ਪਿਆ ਹੈ।
ਵਾਸ਼ਿੰਗਟਨ ਮੈਟਰੋਪੁਲਿਟਨ ਦੇ ਪੱਤਰਕਾਰਾਂ, ਅਮਰੀਕਾ ਦੇ ਮੀਡੀਆ ਵਿੰਗ ਨੇ ਉਹਨਾਂ ਦੀ ਮੌਤ ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਅਤੇ ਪਰਿਵਾਰ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਂਝ ਪਾਈ। ਡਾ. ਸੁਖਪਾਲ ਸਿੰਘ ਧਨੋਆ ਨੇ ਕਿਹਾ ਕਿ ਉਹਨਾਂ ਦੀ ਸੱਜੀ ਬਾਂਹ ਪੱਤਰਕਾਰੀ ਦੇ ਖੇਤਰ ’ਚ ਟੁੱਟ ਗਈ ਹੈ। ਉਹਨਾਂ ਦਾ ਕਹਿਣਾ ਹੈ ਕਿ ਦਵਿੰਦਰਪਾਲ ਸਿੰਘ ਵਰਗੀਆਂ ਵਿਰਲੀਆਂ ਸਖਸ਼ੀਅਤਾਂ ਹੀ ਮਿਲਦੀਆਂ ਹਨ ਜੋ ਪੱਤਰਕਾਰੀ, ਖਬਰਸਾਰ ਤੇ ਜਰਨਲਿਜ਼ਮ ਦੀ ਨਬਜ਼ ਨੂੰ ਪਛਾਨਣ ਦਾ ਹੁਨਰ ਰੱਖਦੀਆਂ ਹਨ। ਮੈਂ ਦਵਿੰਦਰਪਾਲ ਸਿੰਘ ਦੇ ਚਲੇ ਜਾਣ ਦਾ ਦੁੱਖ ਕਦੇ ਨਹੀਂ ਵਿਸਾਰ ਸਕਦਾ।
ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਨਿੱਘੇ ਤੇ ਮਿੱਠੇ ਸੁਭਾਅ ਦੇ ਮਾਲਕ ਸਨ, ਜਿਨ੍ਹਾਂ ਨੂੰ ਮੀਡੀਆ ਦੀ ਸੋਝੀ ਸੀ, ਉਹ ਝੱਟ ਹੀ ਅਗਲੇ ਦੇ ਦਿਲ ਵਿੱਚ ਥਾਂ ਬਣਾ ਲੈਂਦੇ ਸਨ। ਉਹਨਾਂ ਦੀ ਮੌਤ ਦਾ ਸਾਨੂੰ ਬਹੁਤ ਜਿਆਦਾ ਅਫਸੋਸ ਹੈ। ਪੱਤਰਕਾਰ ਤੇਜਿੰਦਰ ਸਿੰਘ ਨੇ ਕਿਹਾ ਕਿ ਟੀ .ਵੀ ਤੇ ਪ੍ਰੋਗਰਾਮ ਦਾ ਸੰਚਾਲਨ ਕਰਨਾ, ਖਾਸ ਕਰਕੇ ਖਬਰਾਂ ਨਸ਼ਰ  ਕਰਨਾ ਸੌਖਾ ਨਹੀਂ। ਪਰ ਦਵਿੰਦਰਪਾਲ ਸਿੰਘ ਦੀ ਕਾਬਲੀਅਤ ਦਾ ਕੋਈ ਸਾਨੀ ਨਹੀਂ ਸੀ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਦਵਿੰਦਰਪਾਲ ਸਿੰਘ ਦ੍ਰਿੜ ਇਰਾਦੇ ਅਤੇ ਦੂਰ ਅੰਦੇਸ਼ੀ ਦੇ ਮਾਲਕ ਸਨ। ਦਵਿੰਦਰਪਾਲ ਸਿੰਘ ਦੇ ਜਾਣ ਨਾਲ ਪੱਤਰਕਾਰਤਾ ਦੇ ਖੇਤਰ ਨੂੰ ਬਹੁਤ  ਵੱਡਾ ਘਾਟਾ ਪਿਆ ਹੈ। ਨਾਰਥ ਅਮਰੀਕਾ ਦੀਆਂ ਖਬਰਾਂ ਦੀ ਪੇਸ਼ਕਾਰੀ ਦਾ ਉਹ ਸਤੰਭ ਸੀ, ਉਸ ਵਿੱਛੜੀ ਰੂਹ ਨੂੰ ਅਸੀਂ ਕਦੇ ਵੀ ਭੁੱਲ ਨਹੀਂ ਸਕਦੇ, ਉਹ ਸਦਾ ਸਾਡੇ ਚੇਤਿਆਂ ਵਿੱਚ ਵਸਦਾ ਰਹੇਗਾ। ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰਾਂ ਚ’ ਹਰਵਿੰਦਰ ਸਿੰਘ ਰਿਆੜ, ਰਾਜ ਗੋਗਨਾ,ਬਲਵੰਤ ਸਿੰਘ ਹੋਠੀ , ਸੁਰਮੁਖ ਸਿੰਘ ਮਾਣਕੂ, ਅਤੇ ਅਮਰੀਕਾ ’ਚ ਵੱਸਦੇ ਸੁੱਖੀ ਚਾਹਲ ਗੁਰਮੀਤ ਸਿੰਘ ਅਪਣਾ ਪੰਜਾਬ, ਹਰਦੀਪ ਗਿੱਲ, ਬੂਟਾ ਸਿੰਘ ਬਾਸੀ, ਗੁਰਜਤਿੰਦਰ ਸਿੰਘ ਰੰਧਾਵਾ, ਪ੍ਰਦੀਪ ਗਿੱਲ, ਸਤਪਾਲ ਸਿੰਘ ਬਰਾੜ, ਗੁਰਪ੍ਰਤਾਪ ਸਿੰਘ ਵੱਲ੍ਹਾ, ਕੁਲਦੀਪ ਸਿੰਘ ਮੱਲਾ, ਪ੍ਰਤਾਪ ਸਿੰਘ ਗਿੱਲ, ਦਵਿੰਦਰ ਸਿੰਘ, ਬਲਜਿੰਦਰ ਸਿੰਘ ਸ਼ੰਮੀ, ਕੰਵਲਜੀਤ ਸਿੰਘ ਸੋਨੀ, ਸੁਰਿੰਦਰ ਸਿੰਘ ਰਹੇਜਾ, ਹਰਬੰਸ ਸਿੰਘ ਸੰਧੂ, ਦਲਵੀਰ ਸਿੰਘ ਨੇ ਦਵਿੰਦਰਪਾਲ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਤੇ ਵਿੱਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।