ਪ੍ਰਵਾਸੀ ਅਹਿਸਾਸ: ਭਾਰਤ ਚੋਂ ਉਡਿਆ ਇੰਨਸਾਫ਼

ਜੰਮੂ ‘ਚ ਜਬਰਦਸਤੀ ਦਾ ਸ਼ਿਕਾਰ ਅਤੇ ਮਾਰੀ ਗਈ ਅੱਠ ਸਾਲਾ ਬੱਚੀ ਆਸਿਫਾ ਮਾਮਲੇ ਉਤੇ ਰੋਸ ਪ੍ਰਦਰਸ਼ਨ

NZ PIC 22 April-1
ਔਕਲੈਂਡ – ਵਿਦੇਸ਼ੀ ਵਸਦੇ ਪ੍ਰਵਾਸੀਆਂ ਨੂੰ ਭਾਰਤ ਅੰਦਰ ਪ੍ਰਤੀ ਦਿਨ ਵਾਪਰ ਰਹੀਆਂ ਮੰਦਭਾਗੀ ਘਟਨਾਵਾਂ, ਹੁੰਦੇ ਅਤਿਆਚਾਰਾਂ ਨੇ ਸਾਲਾਂ ਤੋਂ ਵਲੂੰਧਰਨਾ ਜਾਰੀ ਰੱਖਿਆ ਹੋਇਆ ਹੈ ਜਿਸ ਦੇ ਚਲਦਿਆਂ ਇਹ ਅਹਿਸਾਸ ਹੋਣ ਲੱਗਾ ਹੈ ਕਿ ਭਾਰਤ ਦੇ ਵਿਚ ਇੰਨਸਾਫ ਉਡ ਚੁੱਕਾ ਹੈ। ਬੀਤੇ ਕੁਝ ਦਿਨਾਂ ਤੋਂ ਜੰਮੂ ਵਿਖੇ ਇਕ 8 ਸਾਲਾ ਬੱਚੀ ਆਸਿਫਾ ਦੇ ਨਾਲ ਹੋਈ ਦਾਰਿੰਦਗੀ ਨੇ ਪੂਰੇ ਵਿਸ਼ਵ ਨੂੰ ਝੰਜੋੜਿਆ ਹੈ। ਅੱਜ ਆਕਲੈਂਡ ਦੇ ਮੈਨੁਕਾਓ ਸ਼ਹਿਰ ਵਿਖੇ ਭਾਰਤੀ ਭਾਈਚਾਰੇ ਵੱਲੋਂ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 100 ਤੋਂ ਉਪਰ ਲੋਕ ਜਿਨ੍ਹਾਂ ਵਿਚ ਛੋਟੀ ਉਮਰ ਤੋਂ ਲੈ ਕੇ ਵੱਡੀ ਉਮਰ ਦੇ ਪੁਰਸ਼ ਅਤੇ ਮਹਿਲਾਵਾਂ ਸਨ। ਇਸ ਰੋਸ ਪ੍ਰਦਰਸ਼ਨ ਦਾ ਆਯੋਜਨ ਨਰਿੰਦਰਵੀਰ ਸਿੰਘ, ਬਲਜੀਤ ਕੌਰ ਪੰਨੂ ਅਤੇ ਐਮ. ਪੀ. ਜੌਹਲ ਵੱਲੋਂ ਉਸ ਅਭਾਗੀ ਬੱਚੀ ਲਈ ਹਾਅ ਦਾ ਨਾਅਰਾ ਮਾਰਨ ਵਾਸਤੇ ਕੀਤਾ ਗਿਆ ਸੀ। ਨਰਿੰਦਰਵੀਰ ਨੇ ਜਿੱਥੇ ਭਾਵੁਕ ਹੋ ਕੇ ਇਸ ਬੱਚੀ ਦੇ ਨਾਲ ਹੋਈ ਦਾਰਿੰਦਗੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਅਤੇ ਉਥੇ ਆਏ ਬੁਲਾਰਿਆਂ ਨੂੰ ਵੀ ਇਸ ਘਟਨਾ ਤੋਂ ਬਾਅਦ ਮਿਲਣ ਵਾਲੇ ਇੰਨਸਾਫ ਸਬੰਧੀ ਆਪਣੇ ਵਿਚਾਰ ਰੱਖਣ ਲਈ ਕਿਹਾ। ਸਭ ਤੋਂ ਪਹਿਲਾਂ ਨਿਊਜ਼ੀਲੈਂਡ ਸਿੱਖ ਵੋਮੈਨ ਐਸੋਸੀਏਸ਼ਨ ਤੋਂ ਬਲਜੀਤ ਕੌਰ, ਫਿਰ ਮਾਈਗ੍ਰਾਂਟ ਵਰਕਰ ਐਸੋਸੀਏਸ਼ਨ ਤੋਂ ਸ੍ਰੀਮਤੀ ਅਨੂ ਕਲੋਟੀ, ਐਮ. ਪੀ. ਜੌਹਲ, ਰੂਪਲ ਸੋਲੰਕੀ, ਉਤਮ ਚੰਦ ਸ਼ਰਮਾ, ਰੇਡੀਓ ਪੇਸ਼ਕਾਰਾ ਰੂਪਾ ਸੱਚਦੇਵਾ, ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਜੇ.ਪੀ., ਸ. ਕੁਲਦੀਪ ਸਿੰਘ ਪੰਥਕ ਵਿਚਾਰ ਮੰਚ, ਸਾਬਕਾ ਸਾਂਸਦ ਸ੍ਰੀ ਮਹੇਸ਼ ਬਿੰਦਰਾ, ਪਾਰਸੀ ਕਮਿਊਨਿਟੀ ਤੋਂ ਸ੍ਰੀਮਤੀ ਰਸ਼ਨਾ ਟਾਟਾ, ਮੁਖਤਿਆਰ ਸਿੰਘ ਅਤੇ ਨਛੱਤਰ ਸਿੰਘ ਗਿੱਲ (ਭਾਰਤੀ ਕਿਸਾਨ ਯੂਨੀਅਨ ਉਗਰਾਹਾਂ) ਹੋਰਾਂ ਨੇ ਆਪਣੇ-ਆਪਣੇ ਸੰਬੋਧਨ ਦੇ ਵਿਚ ਭਾਰਤ ਅੰਦਰ ਹੁੰਦੀਆਂ ਅਜਿਹੀਆਂ ਅਤਿਆਚਾਰਕ ਘਟਨਾਵਾਂ ਬਾਅਦ ਨਿਆਂ ਦੇ ਨਾਂਅ ‘ਤੇ ਕੀਤੇ ਜਾਂਦੇ ਮਜ਼ਾਕਾਂ ਦੀ ਗੱਲ ਕੀਤੀ। ਕਾਨੂੰਨ ਦੇ ਵਿਚ ਪਾਏ ਜਾਂਦੇ ਝਰੋਖਿਆਂ ਦੇ ਵਿਚ ਲੁਕੇ ਬੈਠੇ ਦੁਸ਼ਟ ਲੋਕਾਂ ਦੀ ਗੱਲ ਕੀਤੀ ਗਈ, ਗਰੀਬ ਲੋਕਾਂ ਲਈ ਪ੍ਰਸ਼ਾਸ਼ਨ ਦੇ ਦੋਹਰੇ ਮਾਪਦੰਢ ਅਤੇ ਇਸ ਤਰ੍ਹਾਂ ਦਾ ਬਹੁਤ ਕੁਝ ਲੋਕਾਂ ਸਾਹਮਣੇ ਰੱਖਿਆ ਗਿਆ। ਇਸ ਬੱਚੀ ਨੂੰ ਸ਼ਰਧਾਂਜਲੀ ਹਿਤ ਜਿੱਥੇ ਦੋ ਮਿੰਟ ਦਾ ਮੋਨ ਰੱਖਿਆ ਗਿਆ ਉਥੇ ਸੱਤਾ ਵੈਰੋਵਾਲੀਆ ਨੇ ਬੱਚੀ ਆਸਿਫਾ ‘ਤੇ ਲਿਖਿਆ ਗੀਤ ਗਾਇਆ। ਇਕ ਕਵੀਸ਼ਰੀ ਵੀ ਇਸ ਮੌਕੇ ਸੁਣਾਈ ਗਈ ਜਿਹੜੀ ਕਿ ਇਸ ਬੱਚੀ ਦਾ ਦਰਦ ਬਿਆਨ ਕਰਦੀ ਸੀ ਅਤੇ ਸਰਕਾਰ ਦਾ ਮੂੰਹ ਚਿੜਾਉਂਦੀ ਸੀ। ਭਾਰਤ ਅੰਦਰ ਬੱਚਿਆਂ ਨਾਲ ਹੁੰਦੇ ਬਲਾਤਕਾਰ   ਸਬੰਧੀ ਕੀਤੇ ਜਾ ਰਹੇ ਸੰਸ਼ੋਧਨ ਬਿੱਲ ਉਤੇ ਤਸੱਲੀ ਤਾਂ ਪ੍ਰਗਟ ਕੀਤੀ ਗਈ ਪਰ ਅਜੇ ਵਿਸ਼ਵਾਸ਼ ਕੀਤਾ ਜਾਵੇ ਨਹੀਂ ਹੋ ਸਕਿਆ। ਇਸ ਰੋਸ ਪ੍ਰਦਰਸ਼ਨ ਦੇ ਸਹਿਯੋਗ ਵਿਚ ਅੰਬੇਡਕਰ ਸਪੋਰਟਸ ਕਲੱਬ ਦੇ ਮੈਂਬਰ ਵੀ ਪਹੁੰਚੇ ਸਨ ਅਤੇ ਫੇਸ ਬੁੱਕ ਉਤੇ ਹੇਸਟਿੰਗਜ਼ ਤੋਂ ਸ. ਜਰੈਨਲ ਸਿੰਘ ਜੇ.ਪੀ. ਹੋਰਾਂ ਵੀ ਪੂਰਾ ਸਮਰਥਨ ਦਿੱਤਾ।
ਐਮ. ਪੀ. ਜੌਹਲ ਹੋਰਾਂ ਨੇ ਇਕ ਪਟੀਸ਼ਨ ਤਿਆਰ ਕੀਤੀ ਸੀ ਜਿਸ ਉਤੇ 100 ਤੋਂ ਉਪਰ ਦਸਤਖਤ ਕੀਤੇ ਗਏ ਅਤੇ ਇਸ ਨੂੰ ਭਾਰਤੀ ਦੂਤਾਵਾਸ ਦੇ ਰਾਹੀਂ ਭਾਰਤ ਭੇਜਿਆ ਜਾਵੇਗਾ। ਸਾਂਝੇ ਉਦਮ ਵਾਸਤੇ ਸ੍ਰੀ ਭਾਰਤੀ ਕਲੋਟੀ ਹੋਰਾਂ ਨੇ ਸਾਊਂਡ ਸਿਸਟਮ ਇਸ ਮੌਕੇ ਉਪਲਬਧ ਕਰਵਾਇਆ ਜਿਨ੍ਹਾਂ ਦਾ ਧੰਨਵਾਦ ਹੈ। ਇਹ ਰੋਸ ਪ੍ਰਦਰਸ਼ਨ ਸਵਾ ਕੁ 2  ਵਜੇ ਸ਼ੁਰੂ ਹੋਇਆ ਸੀ ਅਤੇ 3.30 ਤੱਕ ਜਾਰੀ ਰਿਹਾ। ਅੰਤ ਇਹ ਰੋਸ ਪ੍ਰਦਰਸ਼ਨ ਭਾਰਤ ਦੀ ਵਿਗੜਦੀ ਤਸਵੀਰ ਦੇ ਨਾਲ-ਨਾਲ ਬੱਚੀਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਦਾ ਹਲੂਣਾ ਵੀ ਦੇ ਗਿਆ।

ਮੈਨੁਕਾਓ ਸੁਕੇਅਰ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਭਾਈਚਾਰੇ ਦੇ ਲੋਕ

Install Punjabi Akhbar App

Install
×