ਵੈਨਕੂਵਰ ਵਿਚਾਰ ਮੰਚ ਨੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ

(ਸਰੀ) -ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ ‘ਤੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਸਬੰਧੀ ਮੰਚ ਦੀ ਇਕ ਵਿਸ਼ੇਸ਼ ਮੀਟਿੰਗ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ, ਸਰੀ ਵਿਚ ਹੋਈ।

ਇਸ ਮੌਕੇ ਬੋਲਦਿਆਂ ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ 13 ਅਪਰੈਲ 1919 ਦੇ ਜੱਲ੍ਹਿਆਂ ਵਾਲੇ ਬਾਗ਼ ਦੇ ਕਤਲੇਆਮ ਅਤੇ ਪੰਜਾਬ ਦੇ ਸੈਂਕੜੇ ਪਿੰਡਾਂ ਵਿਚ ਲੱਗੇ ਮਾਰਸ਼ਲ ਲਾਅ ਦੌਰਾਨ ਬੇਦੋਸ਼ੇ ਤੇ ਮਾਸੂਮ ਲੋਕਾਂ ’ਤੇ ਹੋਈ ਗੋਲੀਬਾਰੀ, ਜਬਰ-ਤਸ਼ੱਦਦ ਅਤੇ ਗ੍ਰਿਫ਼ਤਾਰੀਆਂ ਦੇ ਦਮਨ ਚੱਕਰ ਦੀ ਦਰਦਨਾਕ ਗਾਥਾ ਨੇ ਸੂਖ਼ਮ-ਭਾਵੀ ਊਧਮ ਸਿੰਘ ਦਾ ਹਿਰਦਾ ਵਲੂੰਧਰ ਦਿੱਤਾ ਸੀ। ਉਸ ਨੇ ਆਪਣੇ ਮਨ ਵਿਚ ਹੀ ਇਸ ਦਾ ਬਦਲਾ ਲੈਣ ਦੀ ਸੌਂਹ ਖਾ ਲਈ ਸੀ ਅਤੇ ਲੰਮੀ ਉਡੀਕ ਤੋਂ ਬਾਅਦ ਜਰਨਲ ਡਾਇਰ ਨੂੰ ਮਾਰ ਕੇ ਜੱਲਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ।

ਜਰਨੈਲ ਸਿੰਘ ਆਰਟਿਸਟ, ਮੋਹਨ ਗਿੱਲ, ਅੰਗਰੇਜ਼ ਬਰਾੜ, ਹਰਦਮ ਮਾਨ, ਗੁਰਦੀਪ ਭੁੱਲਰ, ਬਿੱਲਾ ਤੱਖੜ ਅਤੇ ਬਲਦੇਵ ਨੇ ਉਸ ਮਹਾਨ ਸੂਰਬੀਰ ਯੋਧੇ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਸ਼ਹੀਦ ਵੂਧਮ ਸਿੰਘ ਨੇ ਅਜ਼ਾਦੀ ਦੇ ਸੰਗਰਾਮ ਵਿਚ ਬੇਮਿਸਾਲ ਯੋਗਦਾਨ ਪਾਇਆ ਜੋ ਪੰਜਾਬੀਆਂ ਅਤੇ ਭਾਰਤੀਆਂ ਲਈ ਪ੍ਰੇਰਣਾ ਦਾ ਸੋਮਾ ਬਣਿਆ।

ਬੀਤੇ ਦਿਨੀਂ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹੀਦੇ-ਆਜ਼ਮ ਭਗਤ ਨੂੰ ਅੱਤਵਾਦੀ ਕਹਿਣ ਦੀ ਸਖਤ ਨਿਖੇਧੀ ਕਰਦਿਆਂ ਮੰਚ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਲੋਕਾਂ ਨੂੰ ਗ਼ੁਲਾਮੀ ਦੇ ਜੂਲੇ ਹੇਠ ਜਕੜਨ ਵਾਲੇ ਅੰਗਰੇਜ਼ ਸਾਮਰਾਜੀਆਂ ਵਿਰੁੱਧ ਜਾਨ ਤਲ਼ੀ ‘ਤੇ ਧਰ ਕੇ ਆਖ਼ਰੀ ਸਾਹਾਂ ਤੱਕ ਜੂਝਣ ਵਾਲੇ ਸ਼ਹੀਦ ਭਗਤ ਸਿੰਘ ਵਰਗੇ ਸੰਗਰਾਮੀ ਯੋਧੇ ਨੂੰ ਅੱਤਵਾਦੀ ਦੱਸਣ ਵਾਲੇ ਸਾਬਕਾ ਪੁਲਿਸ ਅਫਸਰ ਦਾ ਪਿਛਕੋੜ ਅਤੇ ਕਿਰਦਾਰ ਦਾ ਹਰ ਪੰਜਾਬੀ ਬਾਖੂਬੀ ਜਾਣਦਾ ਹੈ।

(ਹਰਦਮ ਮਾਨ) +1 604 308 6663

maanbabushahi@gmail.com

Install Punjabi Akhbar App

Install
×