
ਕਿਸਾਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਵਿਖੇ ਚਲਦੇ ਸੰਘਰਸ਼ ਦੌਰਾਨ ਦੋ ਸੌ ਤੋਂ ਵੱਧ ਲੋਕ ਆਪਣੀ ਜਾਨ ਇਸ ਸੰਘਰਸ਼ ਦੇ ਲੇਖੇ ਲਾ ਚੁੱਕੇ ਹਨ । ਪਿਛਲੇ ਦਿਨੀਂ ਆਸਟਰੇਲੀਆ ਤੋਂ ਭਾਰਤ ਗਿਆ ਨਵਪ੍ਰੀਤ ਸਿੰਘ ਵੀ ਇਸ ਮੋਰਚੇ ਦੌਰਾਨ ਸ਼ਹੀਦੀ ਪ੍ਰਾਪਤ ਕਰ ਗਿਆ ਸੀ। ਨਵਪ੍ਰੀਤ ਸਿੰਘ ਦੀ ਪਤਨੀ ਮਨਸਵੀਤ ਕੌਰ ਮੈਲਬਰਨ ਵਿਖੇ ਆਪਣੀ ਪੜ੍ਹਾਈ ਕਰ ਰਹੀ ਹੈ । ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਦੀ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਨਵਪ੍ਰੀਤ ਦੀ ਪਤਨੀ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ ਅਤੇ ਨਾਲ ਹੀ ਮਾਇਕ ਸਹਾਇਤਾ ਵੀ ਦਿੱਤੀ ਗਈ । ਇਸ ਮੌਕੇ ਕਮੇਟੀ ਦੇ ਬੁਲਾਰੇ ਗੁਰਦੀਪ ਸਿੰਘ ਮਠਾੜੂ ਨੇ ਬੋਲਦਿਆਂ ਦੱਸਿਆ ਕਿ ਉਨ੍ਹਾਂ ਦੇ ਇਕ ਸਮੈਸਟਰ ਦੀ ਫ਼ੀਸ ਗੁਰਦੁਆਰਾ ਸਾਹਿਬ ਵੱਲੋਂ ਦੇ ਦਿੱਤੀ ਗਈ ਹੈ । ਇਸ ਤੋਂ ਇਲਾਵਾ ਸੰਗਤਾਂ ਵੱਲੋਂ ਵੀ ਕੁਝ ਹਜ਼ਾਰ ਡਾਲਰ ਸਹਾਇਤਾ ਵਜੋਂ ਦਿੱਤੇ ਗਏ ਹਨ ।

ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਜਦ ਵੀ ਭਵਿੱਖ ਵਿਚ ਗੁਰਦੁਆਰਾ ਕਮੇਟੀ ਨੂੰ ਉਹਨਾਂ ਦੇ ਪਰਿਵਾਰ ਵੱਲ਼ੋਂ ਮਦਦ ਲਈ ਕਿਹਾ ਜਾਵੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਅਤੇ ਸੰਗਤਾਂ ਦੇ ਸਹਿਯੋਗ ਨਾਲ ਬਣਦੀ ਮੱਦਦ ਲਈ ਤਿਆਰ ਰਹਾਂਗੇ। ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਹੁਰਾਂ ਨੇ ਨਵਰੀਤ ਦੇ ਪਰਿਵਾਰ ਦੁਆਰਾ ਵੱਖ ਵੱਖ ਅੰਦੋਲਨਾਂ ਵਿਚ ਦਿੱਤੇ ਸੌ ਸਾਲਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਥੇ ਇਹ ਜਿਕਰਯੋਗ ਹੈ ਕਿ ਨਵਰੀਤ ਸਿੰਘ ਦੇ ਪੁਰਖੇ ਨਨਕਾਣਾ ਸਾਹਿਬ ਦੇ ਸਾਕੇ ਦੌਰਾਨ ਆਪਣੀ ਜਾਨ ਕੌਮ ਲੇਖੇ ਲਾ ਚੁੱਕੇ ਹਨ, ਇਸ ਤੋਂ ਬਿਨਾਂ ਹੋਰ ਮੋਰਚਿਆਂ ਅਤੇ ਮੁਹਿੰਮਾਂ ਵਿੱਚ ਪਰਿਵਾਰ ਦੀ ਜ਼ਿਕਰਯੋਗ ਸਮੂਲੀਅਤ ਰਹੀ ਹੈ। ਇਸ ਮੌਕੇ ਮਾਹੌਲ ਭਾਵੁਕ ਸੀ, ਭਰੀਆਂ ਅੱਖਾਂ ਨਾਲ ਨਵਰੀਤ ਨੂੰ ਯਾਦ ਕੀਤਾ ਗਿਆ।