ਨਾਮਵਰ ਸਾਹਿਤਕਾਰ ਗੋਪੀ ਚੰਦ ਨਾਰੰਗ ਅਤੇ ਨਾਟਕਕਾਰ ਪ੍ਰੋ. ਅਜਮੇਰ ਔਲਖ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ

(ਸਰੀ)-ਗੁਲਾਟੀ ਪਬਲਿਸ਼ਰਜ਼ ਲਿਮਟਿਡ, ਸਰੀ ਵਿਖੇ ਇਕੱਤਰ ਹੋਏ ਲੇਖਕਾਂ ਵੱਲੋਂ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਉੱਘੇ ਸਾਹਿਤਕਾਰ, ਵਿਦਵਾਨ ਗੋਪੀ ਚੰਦ ਨਾਰੰਗ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪੰਜਾਬੀ ਰੰਗਮੰਚ ਨੂੰ ਪ੍ਰਫੁੱਲਤ ਕਰਨ ਵਾਲੇ ਨਾਮਵਰ ਨਾਟਕਕਾਰ ਪ੍ਰੋਂ ਅਜਮੇਰ ਔਲਖ ਨੂੱ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਗਿਆ।

ਗੋਪੀ ਚੰਦ ਨਾਰੰਗ ਬਾਰੇ ਬੋਲਦਿਆਂ ਪ੍ਰਸਿੱਧ ਸ਼ਾਇਰ ਸਤੀਸ਼ ਗੁਲਾਟੀ ਨੇ ਕਿਹਾ ਕਿ ਉਹ ਹਿੰਦੀ, ਅੰਗਰੇਜ਼ੀ ਤੇ ਉਰਦੂ ਸਾਹਿਤ ਦੀ ਨਾਮਵਰ ਹਸਤੀ ਸਨ। ਉਨ੍ਹਾਂ ਮਿਰਜ਼ਾ ਗ਼ਾਲਿਬ ਉਪਰ ਬਹੁਤ ਵੱਡਾ ਕਾਰਜ ਕੀਤਾ। ਹਿੰਦੀ, ਅੰਗਰੇਜ਼ੀ ਤੇ ਉਰਦੂ ਭਾਸ਼ਾ ਵਿਚ ਉਨ੍ਹਾਂ ਦੀਆਂ 57 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਨ੍ਹਾਂ ਨੂੰ ਉਰਦੂ ਭਾਸ਼ਾ ਵਿਚ ਪਾਏ ਯੋਗਦਾਨ ਲਈ ਕਈ ਪੁਰਸਕਾਰਾਂ ਨਾਲ ਸਨਮਾਨਿਆ ਗਿਆ। ਉਨ੍ਹਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ, ਗਿਆਨਪੀਠ ਤੇ ਪਦਮ ਭੂਸ਼ਣ ਸਨਮਾਨ ਨਾਲ ਵੀ ਨਿਵਾਜਿਆ ਗਿਆ। ਪਾਕਿਸਤਾਨ ਦਾ ਸਭ ਤੋਂ ਵੱਡਾ ਐਵਾਰਡ ਸਿਤਾਰਾ-ਏ-ਇਮਤਿਆਜ਼ ਵੀ ਉਨ੍ਹਾਂ ਨੂੰ ਮਿਲਿਆ।

ਪ੍ਰੋਂ ਅਜਮੇਰ ਔਲਖ ਨੂੰ ਯਾਦ ਕਰਦਿਆਂ ਪ੍ਰਸਿੱਧ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਉਨ੍ਹਾਂ ਨਾਲ ਕੈਨੇਡਾ ਵਿਖੇ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਸ਼ਾਇਰ ਮੋਹਨ ਗਿੱਲ ਨੇ ਕਿਹਾ ਕਿ ਪ੍ਰੋਂ ਔਲਖ ਪੰਜਾਬ ਦੇ ਕਿਰਸਾਨੀ ਜੀਵਨ ਦੀਆਂ ਸਮੱਸਿਆਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਨਾਲ ਪੇਸ਼ ਕਰਨ ਵਾਲੇ ਪੰਜਾਬੀ ਦੇ ਪ੍ਰਤੀਨਿੱਧ ਨਾਟਕਕਾਰ ਸਨ। ਪ੍ਰਸਿੱਧ ਕਹਾਣੀਕਾਰ ਬਲਵਿੰਦਰ ਗਰੇਵਾਲ ਨੇ ਕਿਹਾ ਕਿ ਪ੍ਰੋ. ਅਜਮੇਰ ਔਲਖ ਨੂੰ ਮਿਲਣਾ ਆਪਣੇ ਅੰਦਰੇ ਸਭ ਤੋਂ ਚੰਗੇ ਬੰਦੇ ਦੇ ਰੂਬਰੂ ਹੋਣਾ ਹੁੰਦਾ ਸੀ, ਕਿਉਂਕਿ ਉਹਨਾਂ ਵਿਚ ਕੋਈ ਵਲ, ਛਲ ਅਤੇ ਹੇਰ-ਫੇਰ ਨਹੀਂ ਸੀ। ਉਹ ਸ਼ੀਸ਼ੇ ਵਾਂਗ ਸਾਫ਼ ਅਤੇ ਸਪੱਸ਼ਟ ਸਨ। ਸ਼ਾਇਰ ਹਰਦਮ ਮਾਨ ਨੇ ਜੈਤੋ ਵਿਖੇ ਪ੍ਰੋ. ਔਲਖ ਦੇ ਨਾਟਕ ਮੇਲਿਆਂ ਅਤੇ ਉਨ੍ਹਾਂ ਨਾਲ ਮਿਲਣੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਲਾ ਤੇ ਸਾਹਿਤਕ ਖੇਤਰ ਦੀ ਘਾਲਣਾ ਦੇ ਨਾਲ ਪ੍ਰੋ. ਔਲਖ ਨੇ ਲੋਕ ਹੱਕਾਂ ਦੀ ਲਹਿਰ ਵਿੱਚ ਇਕ ਜਮਹੂਰੀ ਕਾਰਕੁੰਨ ਵਜੋਂ ਵੀ ਰੋਲ ਅਦਾ ਕੀਤਾ। ਜਸਕਰਨ ਜੱਸੀ ਨੇ ਕਿਹਾ ਕਿ ਪ੍ਰੋ. ਅਜਮੇਰ ਸਿੰਘ ਔਲਖ ਨੇ ਪਿੰਡ ਪਿੰਡ ਨਾਟਕਾਂ ਦਾ ਮੰਚਨ ਕਰਕੇ ਪੰਜਾਬੀ ਸਾਹਿਤ ਜਗਤ ਅਤੇ ਰੰਗਮੰਚ ਨੂੰ ਖੂਬ ਮਾਲਾਮਾਲ ਕੀਤਾ।

(ਹਰਦਮ ਮਾਨ)

+1 604 308 6663
maanbabushahi@gmail.com

Install Punjabi Akhbar App

Install
×