ਗੁਰੂ ਗ੍ਰੰਥ ਸਾਹਿਬ ਵਾਲੇ ਖ਼ਜ਼ਾਨੇ ਦੀ ਪੂਜਾ

ਗੁਰੂ ਨਾਨਕ ਸਾਹਿਬ ਆਪਣੇ ਸਮੇਂ ਦੇ ਇਕ ਮਹਾਨ ਦਾਰਸ਼ਨਕ ਹੋਏ ਹਨ। ਉਨ੍ਹਾਂ ਨੇ ਆਪਣੇ ਸਮੇਂ ਦੀ ਲੋਕਾਈ ਦਾ ਦਰਦ ਸਮਝਿਆ ਅਤੇ ਉਸ ਸਮੇਂ ਦੇ ਹਾਲਾਤਾਂ ਨੂੰ ਬਹੁਤ ਬਾਰੀਕੀ ਨਾਲ ਪਰਖਿਆ। ਗੁਰੂ ਸਾਹਿਬ ਨੇ ਇਹ ਅਨੁਭਵ ਕੀਤਾ ਕਿ ਆਮ ਲੋਕ ਕਈ ਸਦੀਆਂ ਤੋਂ ਬਹੁਤ ਸਾਰੇ ਭੁਲੇਖਿਆਂ ਵਿਚ ਉਲਝੇ ਹੋਏ ਹਨ ਅਤੇ ਕਈ ਤਰ੍ਹਾਂ ਦੇ ਕਰਮਕਾਂਡਾਂ ਵਿਚ ਫਸ ਕੇ ਖੱਜਲ ਖੁਆਰ ਹੋ ਰਹੇ ਹਨ। ਗੁਰੂ ਸਾਹਿਬ ਨੇ ਇਹ ਵੀ ਅਨੁਭਵ ਕੀਤਾ ਕਿ ਕਈ ਐਸੇ ਮਕਾਰ ਧਾਰਮਿਕ ਆਗੂ ਬਣੇ ਬੈਠੇ ਹਨ ਜੋ ਭੋਲੀ ਭਾਲੀ ਜਨਤਾ ਨੂੰ ਮੂਰਖ ਬਣਾ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੇ ਹਨ। ਇਸ ਤਰ੍ਹਾਂ ਦੇ ਭੰਬਲਭੂਸੇ ਵਾਲੇ ਜਾਲ ਵਿਚੋਂ ਕੱਢਣ ਵਾਸਤੇ ਅਤੇ ਇਕ ਸਾਰਥਕ ਅਤੇ ਸਚਿਆਰਾ ਜੀਵਨ ਜੀਊਣ ਦੀ ਜਾਚ ਸਿਖਾਉਣ ਵਾਸਤੇ ਗੁਰੂ ਸਾਹਿਬ ਨੇ ਇਕ ਫ਼ਲਸਫ਼ਾ ਉਲੀਕਿਆ ਜਿਸ ਨੂੰ ਲਿਖਤੀ ਰੂਪ ਦਿੱਤਾ ਗਿਆ। ਇਸ ਦੇ ਨਾਲ ਹੀ ਗੁਰੂ ਸਾਹਿਬ ਨੇ, ਸੁਫੀ ਫਕੀਰਾਂ ਅਤੇ ਹੋਰ ਸੁਹਿਰਦ ਭਗਤਾਂ ਦੀ ਗਿਆਨਮਈ ਬਾਣੀ, ਜੋ ਗੁਰੂ ਸਾਹਿਬ ਦੇ ਫ਼ਲਸਫ਼ੇ ਦੀ ਘਸਵੱਟੀ ਤੇ ਪੂਰੀ ਉਤਰਦੀ ਸੀ, ਉਸ ਨੂੰ ਵੀ ਇਕੱਠਿਆਂ ਕੀਤਾ ਅਤੇ ਆਪਣੀ ਰੱਚਿਤ ਬਾਣੀ ਦੇ ਨਾਲ ਸੰਭਾਲ ਲਿੱਤਾ। ਗੁਰੂ ਸਾਹਿਬ ਨੇ ਇਹ ਵੀ ਮਹਿਸੂਸ ਕੀਤਾ ਕਿ ਕਰਮਕਾਂਡਾਂ ਵਾਲੀ ਬੁਰਾਈ ਜਿਸ ਵਿਚ ਲੋਕ ਫਸ ਚੁਕੇ ਹਨ ਉਹ ਇਕੋ ਜੀਵਨ ਕਾਲ ਵਿਚ ਖਤਮ ਨਹੀਂ ਹੋ ਸਕਦੀ। ਇਸ ਵਿਚਾਰ ਨੂੰ ਮੁਖ ਰੱਖ ਕੇ ਹੀ ਗੁਰੂ ਨਾਨਕ ਸਾਹਿਬ ਨੇ, ਆਪਣੀ ਬਾਣੀ ਦੇ ਨਾਲ ਹੋਰ ਸਾਰੀ ਇਕੱਤਰ ਕੀਤੀ ਗਈ ਬਾਣੀ, ਗੁਰੂ ਅੰਗਦ ਸਾਹਿਬ ਨੂੰ ਸੋਂਪ ਦਿੱਤੀ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਅੱਗੇ ਤੋਰਨ ਦੀ ਜ਼ਿਮਾਵਾਰੀ ਗੁਰੂ ਅੰਗਦ ਸਾਹਿਬ ਪਾਸ ਆਗਈ। ਗੁਰੂ ਅੰਗਦ ਸਾਹਿਬ ਨੇ ਇਸ ਮਿਸ਼ਨ ਨੂੰ ਬਾ-ਖੂਬੀ ਚਾਲੂ ਰੱਖਿਆ ਅਤੇ ਉਸੇ ਫ਼ਲਸਫ਼ੇ ਨੂੰ ਅੱਗੇ ਤੋਰਦੇ ਹੋਏ, ਇਸ ਇਕੱਤਰ ਕੀਤੇ ਗਏ ਫ਼ਲਸਫ਼ੇ ਵਿਚ ਹੋਰ ਸਪਸ਼ਟਤਾ ਪ੍ਰਦਾਨ ਕਰਦੇ ਹੋਏ ਆਪਣੀ ਬਾਣੀ ਨਾਲ ਇਸ ਫ਼ਲਸਫ਼ੇ ਦਾ ਵਿਸਥਾਰ ਕੀਤਾ। ਫਿਰ ਗੁਰੂ ਅੰਗਦ ਸਾਹਿਬ ਨੇ ਸਾਰਾ ਇਕੱਠਾ ਕੀਤੇ ਗਿਆ ਗਿਆਨ ਦਾ ਮਸੌਦਾ ਗੁਰੂ ਅਮਰਦਾਸ ਜੀ ਨੂੰ ਸੋਂਪ ਦਿੱਤਾ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਨੇ ਇਸ ਵਿਚ ਆਪਣੀ ਬਾਣੀ ਨਾਲ ਹੋਰ ਨਿਖਾਰ ਲਿਆਉਂਦਾ ਅਤੇ ਇਸ ਨੂੰ ਗੁਰੂ ਰਾਮ ਦਾਸ ਜੀ ਦੇ ਸਪੁਰਦ ਕਰ ਦਿੱਤਾ। ਗੁਰੂ ਰਾਮ ਦਾਸ ਜੀ ਨੇ ਇਸ ਗਿਆਨ ਦੇ ਖਜ਼ਾਨੇ ਵਿਚ ਹੋਰ ਵਾਧਾ ਕੀਤਾ ਅਤੇ ਫਿਰ ਇਹ ਗਿਆਨ ਦਾ ਭਰਪੂਰ ਖ਼ਜ਼ਾਨਾ ਗੁਰੂ ਅਰਜਨ ਸਾਹਿਬ ਪਾਸ ਪਹੁੰਚ ਗਿਆ।ਇਸ ਗਿਆਨਮਈ ਫ਼ਲਸਫ਼ੇ ਦੇ ਖਜ਼ਾਨੇ ਨੂੰ ਪ੍ਰਾਪਤ ਕਰਕੇ ਗੁਰੂ ਅਰਜਨ ਸਾਹਿਬ ਨਿਹਾਲ, ਨਿਹਾਲ ਹੋ ਗਏ ਅਤੇ ਉਹ ਇਸ ਅਨਮੋਲ ਖਜ਼ਾਨੇ ਦੀ ਮਹੱਤਤਾ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ: ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥ ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥ (ਗ:ਗ:ਸ: ਪੰਨਾ-186) ਗੁਰੂ ਸਾਹਿਬ ਫ਼ਰਮਾਉਂਦੇ ਹਨ ਕਿ ਇਹ ਗਿਆਨਮਈ ਫ਼ਲਸਫ਼ੇ ਦਾ ਖ਼ਜ਼ਾਨਾ ਜੋ ਮੇਰੇ ਪੁਰਖਾਂ ਵਲੋਂ ਮੈਨੂੰ ਮਿਲਿਆ ਅਤੇ ਜਦੋਂ ਮੈਂ ਇਸ ਨੂੰ ਖੋਲ ਕੇ ਵੇਖਿਆ ਭਾਵ ਇਸ ਨੂੰ ਸਮਝਿਆ ਤਾਂ ਮੈਨੂੰ ਬਹੁਤ ਡੂੰਗੇ ਆਤਮਿਕ ਅਨੰਦ ਦੀ ਪ੍ਰਾਪਤੀ ਹੋਈ। ਉਨ੍ਹਾਂ ਨੇ ਇਹ ਵੀ ਅਨੁਭਵ ਕੀਤਾ ਕਿ ਇਸ ਖ਼ਜ਼ਾਨੇ ਦੀ ਤੁਲਣਾ ਵਿਚ ਰਤਨ, ਲਾਲ ਆਦਿ ਤੁੱਛ ਹਨ। ਇਹ ਤਾਂ ਨਾ ਖ਼ਤਮ ਹੋਣ ਵਾਲਾ ਖ਼ਜ਼ਾਨੇ ਦਾ ਭੰਡਾਰ ਹੈ। ਇਹ ਐਸਾ ਖ਼ਜ਼ਾਨਾ ਹੈ ਕਿ ਜਿਤਨਾ ਵੀ ਇਸ ਨੂੰ ਖਰਚਿਆ ਜਾਵੇ ਉਤਨਾ ਹੀ ਇਹ ਵੱਧਦਾ ਜਾਵੇਗਾ। ਇਸੇ ਲਈ ਗੁਰੂ ਸਾਹਿਬ ਸਾਰੀ ਲੋਕਾਈ ਨੂੰ ਹੋਕਾ ਦਿੰਦੇ ਹਨ ਕਿ ਆਓ ਭਾਈ ਇਸ ਗਿਆਨਮਈ ਖ਼ਜ਼ਾਨੇ ਦਾ ਰਲ ਮਿਲ ਕੇ ਲਾਭ ਉਠਾਈਏ ਅਤੇ ਅਨੰਦ ਮਾਨੀਏ।ਇਹ ਵੀ ਸਮਝਾਇਆ ਕਿ ਇਹ ਖ਼ਜ਼ਾਨਾ ਐਸਾ ਹੈ ਕਿ ਜਿਤਨਾ ਵੀ ਇਸ ਨੂੰ ਖਰਚ ਕਰਾਂਗੇ, ਭਾਵ ਜਿਤਨਾ ਵੱਧ ਇਸ ਨੂੰ ਸਮਝਾਂਗੇ ਉਤਨਾ ਹੀ ਇਸ ਦਾ ਅਨੰਦ ਵੱਧਦਾ ਜਾਵੇਗਾ। ਇਸ ਦੇ ਨਾਲ ਹੀ ਗੁਰੂ ਸਾਹਿਬ ਇਹ ਵੀ ਫ਼ਰਮਾਉਂਦੇ ਹਨ ਕਿ ‘ਜਿਸੁ ਮਸਤਕਿ ਲੇਖੁ ਲਿਖਾਇ’ ਭਾਵ: ਜਿਨ੍ਹਾਂ ਅੰਦਰ ਇਸ ਖ਼ਜ਼ਾਨੇ ਵਿਚੋਂ ਕੁਝ ਪ੍ਰਾਪਤੀ ਕਰਨ ਦੀ ਇਛਾ ਜਾਗਦੀ ਹੈ ਕੇਵਲ ਉਹ ਹੀ ਇਸ ਖ਼ਜ਼ਾਨੇ ਦੁਆਰਾ ਲਾਭ ਉਠਾ ਸਕਦੇ ਹਨ। ਜਿਵੇਂ ਕਿ: ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ॥ ਗ:ਗ:ਸ: (ਪੰਨਾ-962)। ਅਤੇ ਨਾਲ ਹੀ ਇਹ ਵੀ ਸਮਝਾਉਂਦੇ ਹਨ ਕਿ: ”ਸੁ ਏਤੁ ਖਜਾਨੈ ਲਇਆ ਰਲਾਇ” ਭਾਵ: ਜਿਸ ਕਿਸੇ ਨੂੰ ਕੋਈ ਸੋਝੀ ਲੈਣ ਦੀ ਇਛਾ ਹੁੰਦੀ ਹੈ ਉਹੀ ਇਸ ਖ਼ਜ਼ਾਨੇ ਵਿਚੋਂ ਲਾਹਾ ਪ੍ਰਾਪਤ ਕਰਨ ਲਈ ਰਲ ਜਾਂਦਾ ਹੈ।
ਇਸ ਤਰ੍ਹਾਂ ਇਸ ਗਿਆਨਮਈ ਖ਼ਜ਼ਾਨੇ ਦੀ ਮਹੱਤਤਾ ਅਨੁਭਵ ਕਰਦੇ ਹੋਏ, ਇਸ ਜੀਵਨ ਜਾਚ ਦੇ ਅਨਮੋਲ ਖ਼ਜ਼ਾਨੇ ਨੂੰ ਵੰਡਣ ਵਾਸਤੇ ਗੁਰੂ ਅਰਜਨ ਸਾਹਿਬ ਨੇ ਇਸ ਅਨਮੋਲ ਖ਼ਜ਼ਾਨੇ ਵਿਚ ਹੋਰ ਭਰਪੂਰ ਵਾਧਾ ਕੀਤਾ ਅਤੇ ਨਾਲ ਹੀ ਇਸ ਨੂੰ ਨਿਯਮਬੱਦ ਤਰਤੀਬ ਵੀ ਦਿੱਤੀ। ਫਿਰ ਇਸ ਨੂੰ ਇਕ ਪੋਥੀ ਦਾ ਅਕਾਰ ਦੇ ਕੇ, ਸਾਰੀ ਲੋਕਾਈ ਦੇ ਲਾਭ ਵਾਸਤੇ ਸਥਾਪਤ ਕਰ ਦਿੱਤਾ। ਇਸ ਮਗਰੋਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸਮੇਤ ਇਸ ਗਿਆਨਮਈ ਫ਼ਲਸਫ਼ੇ ਨੂੰ ਗੁਰੂ ਨਾਨਕ ਸਾਹਿਬ ਦੇ ਉਦੇਸ਼ ਅਨੁਸਾਰ ਇਸੇ ਪੋਥੀ ਨੂੰ ਸ਼ਬਦ ਗੁਰੂ ਗ੍ਰੰਥ ਆਖ ਕੇ ਇਸੇ ਤੋਂ ਗਿਆਨ ਪ੍ਰਾਪਤ ਕਰਨ ਲਈ ਆਦੇਸ਼ ਕੀਤਾ।
ਇਹ ਫ਼ਲਸਫ਼ਾ ਕਿਸੇ ਇਕ ਫਿਰਕੇ ਜਾਂ ਕਿਸੇ ਇਕ ਮਜ਼ਹਬ, ਜਾਂ ਕਿਸੇ ਖਾਸ ਧਰਮ ਦੇ ਲੋਕਾਂ ਵਾਸਤੇ ਨਹੀਂ ਸੀ। ਇਹ ਖ਼ਜ਼ਾਨਾ ਸਾਰੇ ਵਿਸ਼ਵ ਦੀ ਲੋਕਾਈ ਦੇ ਭਲੇ ਵਾਸਤੇ ਸੀ ਕਿਉਂਕਿ ਇਸ ਵਿਚ ਮਨੁੱਖ ਨੂੰ ਮਨੁੱਖ ਹੋ ਕੇ ਵਿਚਰਨ ਦਾ ਢੰਗ ਦੱਸਿਆ ਹੈ। ਇਸ ਲਈ ਇਹ ਗਿਆਨਮਈ ਫ਼ਲਸਫ਼ਾ ਹਰ ਮੁਲਕ ਦੇ ਹਰ ਪ੍ਰਾਣੀ ਲਈ ਇਕ ਗਿਆਨ ਦਾ ਸੋਮਾ ਹੈ।
ਪਰ ਪੁਜਾਰੀ ਵਰਗ ਨੂੰ ਇਹ ਕਦੀ ਵੀ ਮਨਜ਼ੂਰ ਨਹੀਂ ਸੀ ਕਿ ਕਿਸੇ ਨੂੰ ਕੋਈ ਸੋਝੀ ਆ ਸਕੇ। ਪੁਜਾਰੀ ਵਰਗ ਨੇ ਤਾਂ ਇਕ ਡਰਾਉਣਾ ਰੱਬ ਘੜ ਰੱਖਿਆ ਸੀ ਜੋ ਕਿਤੇ ਅਸਮਾਨ ਵਿਚ ਕਿਸੇ ਜਗ੍ਹਾ ਤੇ ਰਹਿੰਦਾ ਹੈ ਅਤੇ ਉਹ ਆਪਣੀ ਮਰਜ਼ੀ ਨਾਲ ਸੁਖ ਅਤੇ ਦੁਖ ਦਿੰਦਾ ਰਹਿੰਦਾ ਹੈ। ਇਸ ਤਰ੍ਹਾਂ ਹਰ ਮਨੁੱਖ ਦੇ ਮਨ ਵਿਚ ਡਰ ਅਤੇ ਭਟਕਣਾ ਰਹਿੰਦੀ ਸੀ। ਅਜੋਕੇ ਸਮੇਂ ਵਿਚ ਵੀ ਹਰ ਕੋਈ ਉਸੇ ਘੜੇ ਗਏ ਡਰਉਣੇ ਰੱਬ ਦੇ ਕਾਰਨ ਡਰ ਵਿਚ ਰਹਿੰਦੇ ਸਨ। ਇਸ ਡਰ ਅਤੇ ਤੌਖਲੇ ਨੂੰ ਦੂਰ ਕਰਨ ਵਾਸਤੇ ਗੁਰੂ ਸਾਹਿਬ ਨੇ ਸਮਝਾਇਆ ਅਤੇ ਕਿਹਾ ਕਿ: ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ॥ (ਗ:ਗ:ਸ: ਪੰਨਾ-727) ਭਾਵ ਹੇ ਇਨਸਾਨ ਤੂੰ ਉਸੇ ਰੱਬ ਨੂੰ ਆਪਣੇ ਅੰਦਰ ਭਾਵ ਆਪਣੇ ਮਨ ਵਿਚ ਹੀ ਖੋਜ ਕੇ ਵੇਖ ਉਹ ਤੇਰੇ ਅੰਦਰ ਹੀ ਹੈ ਅਤੇ ਜਦੋਂ ਤੈਨੂੰ ਆਪਣੇ ਅੰਦਰ ਵਾਲੇ ਰੱਬ ਦੀ ਸਮਝ ਆ ਜਾਵੇਗੀ ਤਾਂ ਤੇਰੇ ਸਭ ਤੌਖਲੇ ਡਰ, ਘਬਰਾਟ ਦੂਰ ਹੋ ਜਾਣਗੇ।ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਰਹੇਗੀ। ਇਹ ਤਾਂ ਰੱਬ ਜੀ ਨੂੰ ਸਮਝਣ ਦੀ ਲੋੜ ਹੈ। ਇਸੇ ਲਈ ਫਰਮਾਇਆ ਹੈ: ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ (ਗ:ਗ:ਸ: ਪੰਨਾ-441) ਭਾਵ ਗੁਰੂ ਸਾਹਿਬ ਆਖਦੇ ਹਨ ਕਿ ਹੇ ਮਨੁੱਖ ਤੂੰ ਉਸ ਅਕਾਲਪੁਰਖ ਦੀ ਅੰਸ਼ ਹੈਂ; ਇਸ ਅਸਲੀਅਤ ਨੂੰ ਸਮਝਣ ਦਾ ਉਪਰਾਲਾ ਕਰ ਤਾਂ ਕਿ ਤੂੰ ਉਸ ਅਨੁਸਾਰ ਵਿਚਰ ਸਕੇਂ।ਗੁਰੂ ਸਾਹਿਬ ਨੇ ਸਮਝਾਇਆ ਹੈ ਕਿ ਰੱਬ ਪਾਸੋਂ ਡਰੋ ਨਹੀਂ ਉਸ ਨਾਲ ਪਿਆਰ ਕਰੋ। ਗੁਰਬਾਣੀ ਦੇ ਫ਼ਲਸਫ਼ੇ ਅਨੁਸਾਰ ਤਾਂ ਰੱਬ ਸਦਾ ਹੀ ਮਹਿਰਬਾਨ ਹੈ। ਦਿਆਲੂ ਅਤੇ ਕਿਰਪਾਲੂ ਹੈ। ਗੁਰਬਾਣੀ ਦਾ ਫ਼ਰਮਾਨ ਹੈ: ਮਿਹਰਵਾਨੁ ਸਾਹਿਬੁ ਮਿਹਰਵਾਨੁ॥ ਸਾਹਿਬੁ ਮੇਰਾ ਮਿਹਰਵਾਨੁ॥ ਜੀਅ ਸਗਲ ਕਉ ਦੇਇ ਦਾਨੁ॥ (ਗ:ਗ:ਸ: ਪੰਨਾ-724) ਭਾਵ ਰੱਬ ਜੀ ਤਾਂ ਹਮੇਸ਼ਾਂ ਮਹਿਰ ਹੀ ਕਰਦੇ ਹਨ ਅਤੇ ਹਰ ਇਕ ਉਤੇ ਬਖਸ਼ਿਸ਼ਾਂ ਹੀ ਕਰਦੇ ਹਨ।
ਗਿਆਨ ਦੇ ਇਸ ਸੋਮੇ ਦੇ ਹੁੰਦਿਆਂ ਸੁੰਦਿਆਂ ਜੇ ਲੋਕ ਹਾਲੀ ਵੀ ਭਟਕ ਰਹੇ ਹਨ ਤਾਂ ਉਸ ਦਾ ਕਾਰਨ ਹੈ ਕਿ ਅੱਜ ਵੀ ਪੁਜਾਰੀ ਵਰਗ ਦਾ ਭੋਲੀ ਭਾਲੀ ਲੋਕਾਈ ਦੀ ਮਾਨਸਕਤਾ ਉਤੇ ਪੂਰੀ ਤਰ੍ਹਾਂ ਕਬਜ਼ਾ ਹੈ। ਇਹ ਪੁਜਾਰੀ ਵਰਗ ਕਦੀ ਵੀ ਨਹੀਂ ਚਾਹੁੰਦਾ ਕਿ ਇਸ ਗਿਆਨਮਈ ਗ੍ਰੰਥ ਵਿਚ ਦਰਸਾਏ ਗਏ ਫ਼ਲਸਫ਼ੇ ਦੁਆਰਾ ਕੋਈ ਵੀ ਸੋਝੀ ਪਾ ਸਕੇ। ਕਿਉਂਕਿ ਪੁਜਾਰੀ ਵਰਗ ਇਹ ਜਾਣਦਾ ਹੈ ਕਿ ਜੇਕਰ ਇਸ ਫ਼ਲਸਫ਼ੇ ਦੇ ਅਧਾਰ ਤੇ ਲੋਕਾਂ ਨੂੰ ਸੋਝੀ ਆ ਆਗਈ ਤਾਂ ਉਸ ਦੀ ਆਪਣੀ ਮੋਹਤਬਰੀ ਅਤੇ ਦੁਕਾਨਦਾਰੀ ਖਤਮ ਹੋ ਜਾਵੇਗੀ। ਇਸੇ ਲਈ ਇਸ ਗਿਆਨਮਈ ਫ਼ਲਸਫ਼ੇ ਦਾ ਪਸਾਰਾ ਰੋਕਣ ਲਈ ਹਰ ਤਰ੍ਹਾਂ ਦੇ ਪੈਂਤੜੇ ਵਰਤੇ ਗਏ ਹਨ ਅਤੇ ਹਾਲੀ ਵੀ ਨਵੇਂ ਤੋਂ ਨਵਾਂ ਢੰਗ ਲੱਭ ਕੇ ਇਸ ਫ਼ਲਸਫ਼ੇ ਦੀ ਅਸਲੀਅਤ ਤੋਂ ਦੂਰ ਕਰਨ ਦੀ ਕੋਸ਼ਿਸ਼ ਜਾਰੀ ਹੈ।
ਸਭ ਤੋਂ ਪਹਿਲਾਂ ਇਸ ਫ਼ਲਸਫ਼ੇ ਨੂੰ ਕੇਵਲ ਸਿੱਖਾਂ ਦੀ ਬਾਣੀ ਆਖ ਕੇ ਇਸ ਦਾ ਘੇਰਾ ਸੀਮਤ ਕਰ ਦਿੱਤਾ ਅਤੇ ਇਹ ਪ੍ਰਚਾਰਿਆ ਗਿਆ ਕਿ ਇਹ ਕੇਵਲ ਸਿੱਖਾਂ ਦੀ ਬਾਣੀ ਹੈ ਅਤੇ ਇਹ ਕੇਵਲ ਸਿੱਖਾਂ ਵਾਸਤੇ ਹੀ ਹੈ। ਫਿਰ ਸਿੱਖਾਂ ਵਿਚ ਵੀ ਪੁਜਾਰੀ ਵਰਗ ਉਭਰ ਕੇ ਬਾਹਰ ਆਗਿਆ। ਜੋ ਪੁਜਾਰੀ ਬਿਰਤੀ ਵਾਲੇ ਮਸੰਦਾ ਅਤੇ ਮਹੰਤਾਂ ਵਰਗੇ ਪੁਜਾਰੀ ਪਹਿਲਾਂ ਹੀ ਇਸ ਤਾਕ ਵਿਚ ਸਨ, ਉਹ ਹੋਰ ਸਰਗਰਮ ਹੋ ਗਏ ਅਤੇ ਅੱਜ ਕਈ ਸਾਧੂ, ਸੰਤ, ਮਹੰਤ, ਬਾਬੇ, ਡੇਰੇਦਾਰ, ਟਕਸਾਲੀਏ ਆਦਿ ਪੈਦਾ ਹੋ ਗਏ ਹਨ। ਇਸ ਤਰ੍ਹਾਂ ਇਕ ਹੋਰ ਪੁਜਾਰੀ ਵਰਗ ਕਾਇਮ ਹੋ ਗਿਆ ਅਤੇ ਉਨ੍ਹਾਂ ਨੇ ਆਪਣੀ ਨਵੀਂ ਦੁਕਾਨਦਾਰੀ ਸ਼ੁਰੂ ਕਰ ਲਿੱਤੀ।ਇਸ ਫ਼ਲਸਫ਼ੇ ਤੇ ਕਬਜ਼ਾ ਪੁਜਾਰੀ ਵਰਗ ਦਾ ਹੋ ਗਿਆ, ਅਤੇ ਪੁਜਾਰੀ ਵਰਗ ਇਸ ਖ਼ਜ਼ਾਨੇ ਤੇ ਕੁੰਡਲੀ ਮਾਰ ਕੇ ਬੈਠ ਗਿਆ ਹੈ। ਇਸ ਦੇ ਫਲਸਰੂਪ ਆਮ ਲੋਕਾਈ ਉਸੇ ਭੰਬਲਭੂਸੇ ਵਿਚ ਫਸੀ ਰਹਿ ਗਈ ਹੈ ਅਤੇ ਇਸ ਫ਼ਲਸਫ਼ੇ ਦੁਆਰਾ ਦਿੱਤੀ ਜਾਨ ਵਾਲੀ ਸੋਝੀ ਦਾ ਪਸਾਰਾ ਰੁਕ ਗਿਆ ਹੈ। ਇਸ ਫ਼ਲਸਫ਼ੇ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਇਹ ਗਿਆਨ ਦਾ ਸੋਮਾ ਇਕ ਪੂਜਾ ਦੀ ਮੂਰਤੀ ਬਨ ਕੇ ਰਹਿ ਗਿਆ ਹੈ।ਇਸ ਤੋਂ ਗਿਆਨ ਦੀ ਪ੍ਰਾਪਤੀ ਨਹੀਂ ਹੋਣ ਦਿੱਤੀ ਜਾਂਦੀ। ਆਮ ਤੌਰ ਤੇ ਇਸ ਗਿਆਨਮਈ ਫ਼ਲਸਫ਼ੇ ਦੀ ਵਿਆਖਿਆ ਐਸੀ ਕੀਤੀ ਜਾਂਦੀ ਹੈ ਜੋ ਪੁਰਾਤਨ ਸਮੇਂ ਦੀ ਕਰਮਕਾਂਡੀ ਵਿਚਾਰ ਧਾਰਾ ਨੂੰ ਪੱਕਿਆਂ ਕਰਦੀ ਹੈ। ਇਹ ਪੁਜਾਰੀ ਵਰਗ ਦੀ ਨੀਤੀ ਕਾਰਨ ਹੀ ਹੈ ਕਿ ਇਸ ਗਿਆਨਮਈ ਖ਼ਜ਼ਾਨੇ ਦਾ ਕੋਈ ਲਾਭ ਨਹੀਂ ਹੋ ਸਕਿਆ। ਇਸ ਗਿਆਨਮਈ ਖਜ਼ਾਨੇ ਨੂੰ ਰੁਮਾਲਿਆਂ ਵਿਚ ਹੀ ਲਪੇਟ ਕੇ ਇਸ ਦੀ ਪੂਜਾ ਸ਼ੁਰੂ ਕਰਵਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਇਕ ਮੂਰਤੀ ਦੀ ਤਰ੍ਹਾਂ ਪੁਜਿਆ ਜਾਣ ਲੱਗਾ ਹੈ। ਇਹ ਸਮਝ ਲਿੱਤਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮਹਿੰਗੇ ਤੋਂ ਮਹਿੰਗੇ ਰੁਮਾਲਿਆਂ ਵਿਚ ਲਪੇਟ ਕੇ ਸੋਨੇ ਦੀ ਪਾਲਕੀ ਵਿਚ ਸਜਾ ਕੇ ਸੋਨੇ ਦੀ ਚੌਰ ਨਾਲ ਚੌਰ ਕੀਤੀ ਜਾਵੇ, ਫਿਰ ਗਰਮੀਆਂ ਵਿਚ ਏਅਰ ਕਨਡੀਸ਼ਨ ਕਮਰੇ ਵਿਚ ਰੱਖਿਆ ਜਾਵੇ। ਇਸ ਤਰ੍ਹਾ ਇਹ ਸਮਝ ਲਿੱਤਾ ਜਾਂਦਾ ਹੈ ਕਿ ਗੁਰੂ ਸਾਹਿਬ ਦੀ ਸੇਵਾ ਹੋਗਈ। ਇਹ ਸਭ ਸੇਵਾ ਆਪਣੇ ਮਤਲਬ ਅਤੇ ਵਿਖਾਵੇ ਵਾਸਤੇ ਹੀ ਕੀਤਾ ਜਾਂਦੀ ਹੈ।ਇਸ ਤੋਂ ਸੋਝੀ ਲੈਣ ਦਾ ਉਪਰਾਲਾ ਬਹੁਤ ਘੱਟ ਕੀਤਾ ਜਾਂਦਾ ਹੈ।ਕੁਝ ਸੂਝਵਾਣ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਵਿਅਖਿਆ ਬਹੁਤ ਸੁਲਝੇ ਹੋਏ ਢੰਗ ਨਾਲ ਤਰਕ ਦੇ ਅਧਾਰ ਤੇ ਕਰਦੇ ਹਨ ਪਰ ਉਨ੍ਹਾਂ ਦੀ ਵਿਆਖਿਆ ਆਮ ਜਨਤਾ ਵਿਚ ਪ੍ਰਚੱਲਤ ਨਹੀਂ ਹੁੰਦੀ।
ਇਹ ਕਦੀ ਕਿਸੇ ਨੇ ਵਿਚਾਰ ਨਹੀਂ ਕੀਤਾ ਕਿ ਜਦੋਂ ਅਖੰਡ ਪਾਠ ਕਰਵਾਏ ਜਾਂਦੇ ਹਨ ਤਾਂ ਉਸ ਤੋਂ ਸੋਝੀ ਕੀ ਮਿਲਦੀ ਹੈ ਜਾਂ ਗਿਆਨ ਦੀ ਕੀ ਪ੍ਰਾਪਤੀ ਹੁੰਦਾ ਹੈ? ਪੁਜਾਰੀ ਵਰਗ ਨੇ ਤਾਂ ਹੁਣ ਹੋਰ ਵੀ ਵੱਡੇ ਅਡੰਬਰ ਸ਼ੁਰੂ ਕਰ ਦਿੱਤੇ ਹਨ ਜਿਵੇਂ ਕਿ ਸੰਪਟ ਪਾਠ ਅਤੇ ਜਾਂ ਫਿਰ ਕਈ ਕਈ ਗ੍ਰੰਥ ਇਕੱਠੇ ਰੱਖ ਕੇ ਅਖੰਡ ਪਾਠ ਕੀਤੇ ਜਾਂਦੇ ਹਨ।ਇਸੇ ਤਰ੍ਹਾਂ ਦੇ ਵਿਖਾਵੇ ਵਾਲੇ ਬਹੁਤ ਸਾਰੇ ਹੋਰ ਕਈ ਅਡੰਬਰ ਸ਼ੁਰੂ ਕੀਤੇ ਜਾ ਰਹੇ ਹਨ। ਪਰ ਇਸ ਗਿਆਨਮਈ ਖ਼ਜ਼ਾਨੇ ਦਾ ਕੋਈ ਲਾਭ ਨਹੀਂ ਉਠਾਇਆ ਜਾ ਰਿਹਾ।
ਇਹ ਤਾਂ ਹੁਣ ਹਰ ਇਕ ਦਾ ਫਰਜ਼ ਬਣਦਾ ਹੈ ਕਿ ਉਹ ਇਹ ਵਿਚਾਰ ਕਰੇ ਕਿ ਜਦੋਂ ਨਗਰ ਕੀਰਤਨ ਕੀਤੇ ਜਾਂਦੇ ਹਨ, ਅਖੰਡ ਪਾਠ ਕੀਤੇ ਜਾਂਦੇ ਹਨ, ਕੀਰਤਨ ਦਰਬਾਰ ਕੀਤੇ ਜਾਂਦੇ ਹਨ, ਸੋਨੇ ਦੀਆਂ ਪਾਲਕੀਆਂ ਵਿਚ ਰੱਖ ਕੇ ਗੁਰੂ ਗ੍ਰੰਥ ਸਾਹਿਬ ਨੂੰ ਮਹਿੰਗੇ ਤੋਂ ਮਹਿੰਗੇ ਰੁਮਾਲਿਆਂ ਵਿਚ ਲਪੇਟਿਆ ਜਾਂਦਾ ਹੈ, ਅਤੇ ਹੋਰ ਇਸ ਤਰ੍ਹਾਂ ਦੇ ਜੋ ਕਰਮ ਕੀਤੇ ਜਾਂਦੇ ਹਨ, ਤਾਂ ਉਸ ਨਾਲ ਗਿਆਨ ਦੀ ਕੀ ਪ੍ਰਾਪਤੀ ਹੁੰਦੀ ਹੈ? ਸੰਗਤ ਵਿਚੋਂ ਕਿਤਨੇ ਪ੍ਰੇਮੀਆਂ ਦਾ ਜੀਵਨ ਸੁਧਾਰ ਹੁੰਦਾ ਹੈ? ਗੁਰਬਾਣੀ ਦਾ ਫ਼ਰਮਾਨ ਹੈ: ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ (ਗ:ਗ:ਸ: ਪੰਨਾ-730)। ਇਹ ਸਮਝਣਾ ਹੋਵੇਗਾ ਕਿ ਗੁਰੂ ਸਾਹਿਬ ਨੇ ਜਿਸ ਸੋਝੀ ਦੀ ਗੱਲ ਕੀਤੀ ਹੈ ਉਹ ਸੋਝੀ ਕੀ ਹੈ? ਇਹ ਵੀ ਵਿਚਾਰ ਕਰਨੀ ਹੋਵੇਗੀ ਕਿ ਜਿਸ ਸੋਝੀ ਬਾਰੇ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਕੀਤਾ ਗਿਆ ਹੈ, ਕੀ ਉਹ ਸੋਝੀ ਆ ਗਈ ਹੈ? ਜੇਕਰ ਉਹ ਸੋਝੀ ਨਹੀਂ ਆਈ ਤਾਂ ਉਸ ਦਾ ਕੀ ਕਾਰਨ ਹੈ?
ਗੁਰਬਾਣੀ ਦਾ ਫ਼ਰਮਾਨ ਹੈ: ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ (ਗ:ਗ:ਸ: ਪੰਨਾ-982) ਭਾਵ ਇਹ ਕਿ ਬਾਣੀ ਜੋ ਕਿ ਇਕ ਫ਼ਲਸਫ਼ਾ ਹੈ ਉਹ ਹੀ ਗਿਆਨ ਹੈ ਅਤੇ ਇਹ ਗਿਆਨ ਵਾਲਾ ਫ਼ਲਸਫ਼ਾ ਅੰਮ੍ਰਿਤ ਦੀ ਤਰ੍ਹਾਂ ਜ਼ਿੰਦਗੀ ਦੇਣ ਵਾਲਾ ਹੈ ਭਾਵ ਸੋਝੀ ਪ੍ਰਦਾਨ ਕਰਨ ਵਾਲਾ ਅੰਮ੍ਰਿਤ ਹੈ। ਜੋ ਕੋਈ ਇਸ ਫ਼ਲਸਫ਼ੇ ਨੂੰ ਸਮਝ ਲੈਂਦਾ, ਹੈ ਇਸ ਅਨੁਸਾਰ ਵਿਚਰਦਾ ਹੈ, ਤਾਂ ਇਸ ਗਿਆਨ ਦੁਆਰਾ ਮਨੁੱਖ ਦਾ ਉਧਾਰ ਹੋ ਜਾਂਦਾ ਹੈ। ਉਸ ਨੂੰ ਸੋਝੀ ਆ ਜਾਂਦੀ ਹੈ। ਲੋੜ ਤਾਂ ਹੈ ਗੁਰਬਾਣੀ ਰਾਹੀਂ ਦਿੱਤੇ ਗਏ ਗਿਆਨ ਨੂੰ ਸਮਝਣ ਦੀ ਨਾ ਕਿ ਇਸ ਦੀ ਪੂਜਾ ਕਰਨ ਦੀ।
ਨੋਟ: ਜੇਕਰ, ਕਿਸੇ ਕਾਰਨ, ਕੋਈ ਪਾਠਕ ਜਾਂ ਪ੍ਰੇਮੀ ਇਨ੍ਹਾਂ ਵਿਚਾਰਾਂ ਨਾਲ ਸਹਿਮਤ ਨਹੀਂ ਹਨ ਤਾਂ ਕਿਰਪਾ ਕਰਕੇ ਮੇਰੀ ਸੁਧਾਈ ਖਾਤਰ ਆਪਣੇ ਵਿਚਾਰ ਜ਼ਰੂਰ ਸਾਂਝੇ ਕਰੋ ਜੀ। ਆਪ ਜੀ ਦਾ ਧੰਨਵਾਦੀ ਹੋਵਾਂਗਾ।

(ਐਡਵੋਕੇਟ ਸੁਰਿੰਦਰ ਸਿੰਘ ਕੰਵਰ)
+61-468432632
kanwar238@yahoo.com