ਬ੍ਰਿਸਬੇਨ ਏਅਰਪੋਰਟ ਉਪਰ ਕੁਆਰਨਟੀਨ ਜ਼ੋਨ ਤੋਂ ਗਰੀਨ ਜ਼ੋਨ ਵਿੱਚ ਆਉਣ ਵਾਲੇ ਯਾਤਰੀ ਦਾ ਕਰੋਨਾ ਟੈਸਟ ਆਇਆ ਪਾਜ਼ਿਟਿਵ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਬ੍ਰਿਸਬੇਨ ਉਪਰ ਇੱਕ ਯਾਤਰੀ ਜੋੜਾ ਜੋ ਕਿ ਪਾਪੂਆ ਨਿਊ ਗਿਨੀ ਤੋਂ ਆਏ ਸਨ, ਨੂੰ ਗਲਤੀ ਨਾਲ ਕੁਆਰਨਟੀਨ ਰੈਡ ਜ਼ੋਨ ਤੋਂ ਗ੍ਰੀਨ ਜ਼ੋਨ ਵਿੱਚ ਭੇਜ ਦਿੱਤਾ ਗਿਆ ਸੀ ਅਤੇ ਉਹ ਤਕਰੀਬਨ 2 ਘੰਟੇ ਤੱਕ ਉਥੇ ਘੁੰਮਦੇ ਰਹੇ। ਬਾਅਦ ਵਿੱਚ ਉਨ੍ਹਾਂ ਦੀ ਪੜਤਾਲ ਦੋਰਾਨ ਉਨ੍ਹਾਂ ਵਿੱਚੋ ਇੱਕ ਜਣੇ ਦਾ ਕੋਵਿਡ-19 ਟੈਸਟ ਪਾਜ਼ਿਟਿਵ ਪਾਇਆ ਗਿਆ।
ਉਕਤ ਜੋੜਾ ਬੀਤੇ ਕੱਲ੍ਹ, ਵੀਰਵਾਰ ਨੂੰ ਸਵੇਰ ਦੇ 9:45 ਤੇ ਬ੍ਰਿਸਬੇਨ ਪਹੁੰਚਿਆ ਸੀ ਅਤੇ ਦੋਹੇਂ ਜਣੇ ਹੀ 390 ਯਾਤਰੀਆਂ ਵਾਲੇ ਖੇਤਰ ਵਿੱਚ ਹੀ ਸਨ ਜਿਨ੍ਹਾਂ ਨੇ ਨਿਊਜ਼ੀਲੈਂਡ ਲਈ ਫਲਾਈਟ (ਐਨ.ਜ਼ੈਡ. 202 ਬ੍ਰਿਸਬੇਨ ਤੋਂ ਕ੍ਰਾਈਟਚਰਚ, ਏਅਰ ਨਿਊਜ਼ੀਲੈਂਡ ਐਨ.ਜ਼ੈਡ. 146 ਬ੍ਰਿਸਬੇਨ ਤੋਂ ਆਕਲੈਂਡ ਅਤੇ ਕਾਂਟਾਜ਼ ਕਿਊ ਐਫ 125 -ਬ੍ਰਿਸਬੇਨ ਤੋਂ ਕ੍ਰਾਈਸਟਚਰਚ) ਫੜਨੀ ਸੀ ਅਤੇ ਉਹ ਜੋੜਾ ਕੁਆਰਨਟੀਨ ਵਾਲੇ ਰੈਡ ਜ਼ੋਨ ਦੀ ਬਜਾਏ ਗ੍ਰੀਨ ਜ਼ੋਨ ਅੰਦਰ ਅਧਿਕਾਰੀਆਂ ਦੀ ਗਲਤੀ ਕਾਰਨ ਭੇਜ ਦਿੱਤੇ ਗਏ ਸਨ।
ਕੁਈਨਜ਼ਲੈਂਡ ਦੇ ਮੁੱਖ ਸਿਹਤ ਅਧਿਕਾਰੀ ਜੀਨੇਟ ਯੰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਵਿਅਕਤੀ ਦੇ ਕਰੋਨਾ ਪਾਜ਼ਿਟਿਵ ਆਉਣ ਕਾਰਨ ਹੁਣ ਉਕਤ ਸਥਾਨ ਜਾਂਚ ਦੇ ਘੇਰੇ ਵਿੱਚ ਆ ਗਿਆ ਹੈ ਅਤੇ ਅਧਿਕਾਰੀ ਸਮੁੱਚੀ ਜਾਂਚ ਪੜਤਾਲ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਬੀਤੇ ਦਿਨ 29 ਅਪ੍ਰੈਲ ਦਿਨ ਵੀਰਵਾਰ ਨੂੰ ਸਵੇਰ ਦੇ 9:45 ਤੋਂ ਦੁਪਹਿਰ ਤੱਕ, ਜੇਕਰ ਕੋਈ ਵੀ ਉਕਤ ਸਥਾਨ ਵਿਖੇ ਰਿਹਾ ਹੈ ਤਾਂ ਆਪਣਾ ਧਿਆਨ ਰੱਖੇ ਅਤੇ ਜੇਕਰ ਉਸਨੂੰ ਕਿਸੇ ਕਿਸਮ ਦਾ ਕੋਈ ਬਦਲਾਅ ਜਾਂ ਪ੍ਰੇਸ਼ਾਨੀ ਮਹਿਸੂਸ ਹੋਵੇ ਤਾਂ ਤੁਰੰਤ ਮੈਡੀਕਲ ਸਹਾਇਤਾ ਲਵੇ ਅਤੇ ਆਪਣੇ ਆਪ ਨੂੰ ਫੌਰਨ ਆਈਸੋਲੇਟ ਕਰ ਲਵੇ।

Install Punjabi Akhbar App

Install
×