ਵਿਕਟੋਰੀਆ ਰਾਜ ਸਰਕਾਰ ਵੱਲੋਂ ਸਿਡਨੀ ਦੇ ਯਾਤਰੀਆਂ ਸਬੰਧੀ ਲਗਾਈਆਂ ਗਈਆਂ ਨਵੀਆਂ ਪਾਬੰਧੀਆਂ

ਵਿਕਟੋਰੀਆ ਦੇ ਪ੍ਰੀਮੀਅਰ ਡੇਨੀਅਲ ਐਂਡ੍ਰਿਊਜ਼ ਨੇ ਸਿਡਨੀ ਦੇ ਕੋਵਿਡ-19 ਕਲਸਟਰ ਦੇ ਮੱਦੇ ਨਜ਼ਰ, ਸਿਡਨੀ ਤੋਂ ਆਉਣ ਵਾਲੇ ਯਾਤਰੀਆਂ ਬਾਰੇ ਪਾਬੰਧੀਆਂ ਦੇ ਐਲਾਨ ਕਰਦਿਆਂ ਕਿਹਾ ਹੈ ਕਿ ਰਾਜ ਸਰਕਾਰ ਨੇ ਸਿਡਨੀ ਨੂੰ ‘ਰੈਡ-ਜ਼ੋਨ’ ਘੋਸ਼ਿਤ ਕਰਦਿਆਂ ਸਿਡਨੀ ਤੋਂ ਵਿਕਟੋਰੀਆ ਦੀਆਂ ਯਾਤਰਾਵਾਂ ਉਪਰ ਪੂਰਨ ਤੌਰ ਤੇ ਪਾਬੰਧੀ ਲਗਾ ਦਿੱਤੀ ਹੈ ਅਤੇ ਰਾਜ ਵਿੱਚ ਸਿਡਨੀ ਤੋਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨਾਂ ਦੇ ਹੋਟਲ ਕੁਆਰਨਟੀਨ ਵਿੱਚ ਰਹਿਣਾ ਲਾਜ਼ਮੀ ਹੋਵੇਗਾ। ਰਾਜ ਦੇ ਨਿਵਾਸੀ ਜਿਹੜੇ ਕਿ ਇਸ ਸਮੇਂ ਸਿਡਨੀ ਵਿੱਚ ਹਨ, ਨੂੰ ਫੌਰਨ ਵਿਕਟੋਰੀਆ ਆਪਣੇ ਘਰਾਂ ਨੂੰ ਪਰਤਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ ਅਤੇ ਅੱਜ (ਸੋਮਵਾਰ) ਦੀ ਅੱਧੀ ਰਾਤ ਤੱਕ ਦਾ ਸਮਾਂ ਦਿੱਤਾ ਗਿਆ ਹੈ ਪਰੰਤੂ ਉਨ੍ਹਾਂ ਨੂੰ ਵੀ ਇੱਥੇ ਆ ਕੇ ਆਪਣੇ ਘਰਾਂ ਅੰਦਰ ਹੀ 14 ਦਿਨਾਂ ਦਾ ਆਈਸੋਲੇਟ ਵੀ ਹੋਣਾ ਪਵੇਗਾ। ਪ੍ਰੀਮੀਅਰ ਨੇ ਕਿਹਾ ਕਿ ਅੱਜ ਰਾਤ ਤੋਂ ਬਾਅਦ ਆਉਣ ਵਾਲੇ ਯਾਤਰੀਆਂ ਲਈ 14 ਦਿਨਾਂ ਦਾ ਹੋਟਲ ਕੁਆਰਨਟੀਨ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਹੈ ਕਿ ਪ੍ਰੇਸ਼ਾਨੀ ਹੋਵੇਗੀ ਪਰੰਤੂ ਰਾਜ ਪਹਿਲਾਂ ਵਾਲੀ ਕਰੋਨਾ ਦੀ ਗੰਭੀਰ ਸਥਿਤੀ ਵਿੱਚ ਮੁੜ ਤੋਂ ਨਾ ਆਵੇ ਇਸ ਵਾਸਤੇ ਇਹ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਨਿਊ ਸਾਊਥ ਵੇਲਜ਼ ਸਰਕਾਰ ਨੇ, ਉਤਰੀ ਬੀਚਾਂ ਵਾਲੇ ਖੇਤਰਾਂ ਵਿੱਚ ਬੁੱਧਵਾਰ ਰਾਤ ਤੱਕ ਦਾ ਹੀ ਲਾਕਡਾਊਨ ਲਗਾਇਆ ਹੈ ਪਰੰਤੂ ਵਿਕਟੋਰੀਆ ਨਾਲ ਉਕਤ ਪਾਬੰਧੀਆਂ ਉਦੋਂ ਤੱਕ ਲਾਗੂ ਰਹਿਣਗੀਆਂ ਜਦੋਂ ਤੱਕ ਕਿ ਜ਼ਰੂਰੀ ਸਮਝਿਆ ਜਾਵੇਗਾ। ਭਾਵੇਂ ਗ੍ਰੇਟਰ ਸਿਡਨੀ ਵਾਲੇ ਖੇਤਰ ਨੂੰ ਵਿਕਟੋਰੀਆ ਨੇ ‘ਗ੍ਰੀਨ ਜ਼ੋਨ’ ਘੋਸ਼ਿਤ ਕੀਤਾ ਹੈ ਪਰੰਤੂ ਇੱਥੋਂ ਆਉਣ ਵਾਲੇ ਯਾਤਰੀਆਂ ਨੂੰ ਵੀ ਸਰਕਾਰ ਦਾ ਵਾਜਿਬ ਪਰਮਿਟ ਲੈਣਾ ਹੀ ਪਵੇਗਾ। ਜਿਹੜੇ ਵੀ ਲੋਕ ਇਸ ਵੇਲੇ ਵਿਕਟੋਰੀਆ ਅੰਦਰ ਹਨ ਅਤੇ 11 ਦਸੰਬਰ ਤੋਂ ਸਿਡਨੀ ਦੇ ਉਤਰੀ ਬੀਚਾਂ ਉਪਰ ਗਏ ਸਨ, ਲਈ ਵੀ ਕਰੋਨਾ ਦੇ ਟੈਸਟ ਅਤੇ ਸੈਲਫ ਆਈਸੋਲੇਟ ਲਾਜ਼ਮੀ ਕੀਤੇ ਗਏ ਹਨ।

Install Punjabi Akhbar App

Install
×