
ਪ੍ਰੀਮੀਅਰ ਗਲੈਡੀਜ਼ ਬਰਜਿਕਲਿਨ ਨੇ ਅਹਿਮ ਐਲਾਨਨਾਮੇ ਵਿੱਚ ਦੱਸਿਆ ਹੈ ਕਿ ਸਿਡਨੀ ਵਿੱਚ ਹੁਣੇ ਹੁਣੇ ਉਠੇ ਕਰੋਨਾ ਦੇ ਨਵੇਂ ਕਲਸਟਰ ਕਾਰਨ 70 ਮਾਮਲੇ ਦਰਜ ਕੀਤੇ ਜਾ ਚੁਕੇ ਹਨ ਅਤੇ ਐਤਵਾਰ ਦੀ ਰਾਤ ਨੂੰ ਤਾਂ 30 ਨਵੇਂ ਟੈਸਟ ਪਾਜ਼ਿਟਿਵ ਆ ਗਏ ਹਨ ਅਤੇ ਇਨ੍ਹਾਂ ਦੇ ਸੌਮਿਆਂ ਦਾ ਵੀ ਹਾਲੇ ਤੱਕ ਪਤਾ ਲਗਾਇਆ ਨਹੀਂ ਜਾ ਸਕਿਆ ਹੈ। ਇਸ ਦੇ ਮੱਦੇਨਜ਼ਰ ਹੀ ਬੀਤੇ ਸ਼ਨਿਚਰਵਾਰ ਸ਼ਾਮ ਦੇ 5 ਵਜੇ ਤੋਂ ਆਉਣ ਵਾਲੇ ਬੁੱਧਵਾਰ ਦੀ ਅੱਧੀ ਰਾਤ ਤੱਕ ਲਾਕਡਾਊਨ ਲਗਾ ਦਿੱਤਾ ਗਿਆ ਹੈ। ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧੇ ਕਾਰਨ ਆਉਣ ਵਾਲ ਕ੍ਰਿਸਮਿਸ ਦੇ ਤਿਉਹਾਰ ਤੋਂ ਠੀਕ ਪਹਿਲਾਂ ਹੀ ਉਕਤ ਖੇਤਰਾਂ ਜਿਵੇਂ ਕਿ ਸਿਡਨੀ ਦੇ ਉਤਰੀ ਬੀਚਾਂ ਅਤੇ ਗ੍ਰੇਟਰ ਸਿਡਨੀ ਦਰਮਿਆਨ ਯਾਤਰਾਵਾਂ ਸਬੰਧੀ ਨਵੀਆਂ ਪਾਬੰਧੀਆਂ ਲਗਾਈਆਂ ਜਾ ਰਹੀਆਂ ਹਨ। ਪ੍ਰੀਮੀਅਰ ਨੇ ਕਿਹਾ ਕਿ ਜਨਤਕ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੋ ਸਕਦਾ ਹੈ ਕਿ ਸਾਨੂੰ ਸਾਲ ਦੇ ਸ਼ੁਰੂ ਵਾਲੇ ਮਾਰਚ ਦੇ ਮਹੀਨੇ ਦੇ ਸ਼ੁਰੂਆਤੀ ਦੌਰ ਵਿੱਚੋਂ ਮੁੜ ਤੋਂ ਗੁਜ਼ਰਨਾ ਵੀ ਪੈ ਸਕਦਾ ਹੈ ਅਤੇ ਉਤਰੀ ਬੀਚਾਂ ਵਾਲੇ ਖੇਤਰਾਂ ਵਿੱਚ ਇਹ ਪਾਬੰਧੀਆਂ ਲਾਗੂ ਕੀਤੀਆਂ ਜਾਣਗੀਆਂ। ਅਲੱਗ ਅਲੱਗ ਰਾਜਾਂ ਨੇ ਵੀ ਸਿਡਨੀ ਤੋਂ ਆਉਣ ਵਾਲੇ ਯਾਤਰੀਆਂ ਪ੍ਰਤੀ ਨਵੀਂ ਤਰ੍ਹਾਂ ਦੀਆਂ ਪਾਬੰਧੀਆਂ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਪ੍ਰੀਮੀਅਰ ਨੇ ਇਹ ਵੀ ਕਿਹਾ ਹੈ ਕਿ ਯਾਤਰੀ ਆਪਣੀਆਂ ਯਾਤਰਾਵਾਂ ਨੂੰ ਆਉਣ ਵਾਲੇ ਸਮੇਂ ਅੰਦਰ ਲਗਾਈਆਂ ਜਾਣ ਵਾਲੀਆਂ ਪਾਬੰਧੀਆਂ ਦੇ ਮੱਦੇਨਜ਼ਰ ਹੀ ਤੈਅ ਕਰਨ ਅਤੇ ਲਗਾਤਾਰ ਸਰਕਾਰੀ ਸੁਚਨਾਵਾਂ ਨੂੰ ਜਾਣਦੇ ਅਤੇ ਸਮਝਦੇ ਰਹਿਣ ਜੋ ਕਿ ਸਮੇਂ ਸਮੇਂ ਤੇ ਜਾਰੀ ਕੀਤੀਆਂ ਜਾਂਦੀਆਂ ਰਹਿਣਗੀਆਂ।