ਟਰਾਂਸਪੋਰਟ ਮਾਫ਼ੀਆ ਵਿਰੁੱਧ ਕਾਰਵਾਈ ਨੇ ਚਰਚਾ ਛੇੜੀ, ਆਸ ਦੀ ਕਿਰਨ ਦਿੱਤੀ ਦਿਖਾਈ

ਬਠਿੰਡਾ – ਪੰਜਾਬ ਸਰਕਾਰ ਵਿੱਚ ਹੋਈ ਤਬਦੀਲੀ ਤੋਂ ਬਾਅਦ ਟਰਾਂਸਪੋਰਟ ਮਾਫ਼ੀਏ ਨੂੰ ਨੱਥ ਪਾਉਣ ਲਈ ਕੀਤੀ ਮੁੱਢਲੀ ਕਾਰਵਾਈ ਦੀ ਲੋਕਾਂ ਵਿੱਚ ਕਾਫ਼ੀ ਚਰਚਾ ਹੈ, ਜਿਸਤੋਂ ਲੋਕਾਂ ਨੂੰ ਆਸ ਦੀ ਕਿਰਨ ਵਿਖਾਈ ਦਿੱਤੀ ਹੈ। ਕੁੱਝ ਲੋਕ ਜੋ ਦਹਾਕੇ ਤੋਂ ਵੱਧ ਸਮੇਂ ਤੋਂ ਹਰੀਆਂ ਅੰਗੂਰੀਆਂ ਚਰਦੇ ਆ ਰਹੇ ਸਨ, ਆਪਣੀਆਂ ਤਿਜੌਰੀਆਂ ਭਰਦੇ ਰਹੇ ਹਨ ਉਹ ਇਸ ਕਾਰਵਾਈ ਨੂੰ ਪੱਖਪਾਤ ਵਾਲੀ ਵੀ ਗਰਦਾਨ ਰਹੇ ਹਨ। ਇੱਥੇ ਇਹ ਸੁਆਲ ਜਰੂਰ ਉੱਠਦਾ ਹੈ ਕਿ ਘਪਲਾਬਾਜੀ ਰੋਕਣ ਅਤੇ ਮਾਫ਼ੀਏ ਨੂੰ ਖਤਮ ਕਰਨ ਵੇਲੇ ਕਾਰਵਾਈ ਕਰਦਿਆਂ ਵਿਤਕਰਾ ਬਿਲਕੁਲ ਨਹੀਂ ਹੋਣਾ ਚਾਹੀਦਾ।
ਪਿਛਲੀ ਅਕਾਲੀ ਭਾਜਪਾ ਸਰਕਾਰ ਸਮੇਂ ਟਰਾਂਸਪੋਰਟ ਮਾਫ਼ੀਆ ਹੋਂਦ ਵਿੱਚ ਆਇਆ ਸੀ, ਜੋ ਅੱਜ ਤੱਕ ਪੂਰੀ ਚਰਚਾ ਵਿੱਚ ਰਿਹਾ ਹੈ। ਇਸ ਮਾਫ਼ੀਆ ਦੀਆਂ ਮਨਮਾਨੀਆਂ ਸਦਕਾ ਸਰਕਾਰੀ ਟਰਾਂਸਪੋਰਟ ਅਦਾਰਿਆਂ ਪੀ ਆਰ ਟੀ ਸੀ ਅਤੇ ਪੰਜਾਬ ਰੋਡਵੇਜ ਦੀ ਆਮਦਨ ਮਾਮੂਲੀ ਹੀ ਰਹਿ ਗਈ ਸੀ। ਇਹ ਚਰਚਾ ਰਹੀ ਹੈ ਕਿ ਟਰਾਂਸਪੋਰਟ ਮਾਫ਼ੀਆ, ਜਿਸਨੂੰ ਸਿਆਸੀ ਸ਼ਹਿ ਪ੍ਰਾਪਤ ਹੈ, ਇੱਕ ਪਰਮਿਟ ਇੱਕ ਨੰਬਰ ਨਾਲ ਕਈ ਕਈ ਬੱਸਾਂ ਚਲਾ ਰਿਹਾ ਹੈ, ਟਾਈਮ ਟੇਬਲ ਆਪਣੀ ਮਰਜ਼ੀ ਅਨੁਸਾਰ ਬਣਵਾਉਂਦਾ ਹੈ, ਜਿਸ ਸਦਕਾ ਸਰਕਾਰੀ ਅਦਾਰਿਆਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ।
2017 ਦੀਆਂ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣ ਪ੍ਰਚਾਰ ਸਮੇਂ ਹਰ ਸਟੇਜ ਤੋਂ ਐਲਾਨ ਕੀਤਾ ਜਾਂਦਾ ਰਿਹਾ ਸੀ ਕਿ ਉਹਨਾਂ ਦੀ ਸਰਕਾਰ ਆਉਣ ਤੇ ਟਰਾਂਸਪੋਰਟ ਮਾਫ਼ੀਆ ਖਤਮ ਕੀਤਾ ਜਾਵੇਗਾ, ਪਰ ਸਰਕਾਰ ਬਣਨ ਤੇ ਸਾਢੇ ਚਾਰ ਸਾਲ ਤੱਕ ਇਸ ਮਾਫ਼ੀਏ ਨੂੰ ਯਾਦ ਹੀ ਨਾ ਕੀਤਾ ਗਿਆ। ਇਸ ਮਾਫ਼ੀਆ ਦਾ ਸਬੰਧ ਭਾਵੇਂ ਅਕਾਲੀ ਦਲ ਨਾਲ ਹੀ ਸੀ, ਪਰ ਕਾਂਗਰਸ ਸਰਕਾਰ ਬਣਨ ਤੇ ਵੀ ਉਹਨਾਂ ਆਪਣੀਆਂ ਮਨਮਾਨੀਆਂ ਜਾਰੀ ਰੱਖੀਆਂ ਅਤੇ ਉਹ ਪਹਿਲੀ ਸਰਕਾਰ ਵਾਂਗ ਹੀ ਵਿਚਰਦੇ ਰਹੇ। ਇੱਕ ਨੰਬਰ ਤੇ ਕਈ ਕਈ ਬੱਸਾਂ ਚਲਾਉਂਦੇ, ਮਰਜ਼ੀ ਨਾਲ ਟਾਈਮ ਟੇਬਲ ਬਣਾਉਂਦੇ ਅਤੇ ਟੈਕਸ ਨਾ ਭਰਦੇ।
ਕੁੱਝ ਦਿਨ ਹੀ ਪਹਿਲਾਂ ਪੰਜਾਬ ਸਰਕਾਰ ‘ਚ ਮੁੜ ਤਬਦੀਲੀ ਹੋਈ। ਕੈਪਟਨ ਅਮਰਿੰਦਰ ਸਿੰਘ ਨੂੰ ਸੱਤ੍ਹਾ ਤੋਂ ਲਾਂਭੇ ਕਰਦਿਆਂ ਸੂਬੇ ਦੀ ਕਮਾਨ ਸ੍ਰੀ ਚਰਨਜੀਤ ਸਿੰਘ ਚੰਨੀ ਦੇ ਹਵਾਲੇ ਕਰ ਦਿੱਤੀ। ਉਹਨਾਂ ਆਪਣੇ ਮੰਤਰੀ ਮੰਡਲ ਵਿੱਚ ਵਿਸਥਾਰ ਕਰਦਿਆਂ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਟਰਾਂਸਪੋਰਟ ਮੰਤਰੀ ਬਣਾ ਦਿੱਤਾ। ਜਿਹਨਾਂ ਸੌਂਹ ਚੁਕਦਿਆਂ ਹੀ ਐਲਾਨ ਕੀਤਾ ਕਿ ਟਰਾਂਸਪੋਰਟ ਮਾਫ਼ੀਆ ਨਹੀਂ ਰਹਿਣ ਦਿੱਤਾ ਜਾਵੇਗਾ, ਸਾਰੇ ਟਰਾਂਸਪੋਰਟਰਾਂ ਨੂੰ ਬਰਾਬਰ ਹੱਕ ਮਿਲਣਗੇ, ਜਿਹਨਾਂ ਬੱਸਾਂ ਦੇ ਟੈਕਸ ਨਹੀਂ ਭਰੇ ਗਏ ਉਹਨਾਂ ਨੂੰ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਸਰਕਾਰੀ ਟਰਾਂਸਪੋਰਟ ਅਦਾਰਿਆਂ ਦੀ ਬਿਹਤਰੀ ਲਈ ਯਤਨ ਕੀਤੇ ਜਾਣਗੇ।
ਇਸਤੋਂ ਬਾਅਦ ਟਰਾਂਸਪੋਰਟ ਮੰਤਰੀ ਦੀਆਂ ਹਦਾਇਤਾਂ ਤੇ ਕਾਰਵਾਈ ਕਰਦਿਆਂ ਉਹ ਬੱਸਾਂ ਰੋਕ ਦਿੱਤੀਆਂ ਗਈਆਂ, ਜਿਹਨਾਂ ਦਾ ਟੈਕਸ ਬਕਾਇਆ ਖੜਾ ਸੀ। ਇਹ ਬੱਸਾਂ ਕਈ ਕੰਪਨੀਆਂ ਨਾਲ ਸਬੰਧਤ ਸਨ। ਸਰਕਾਰ ਦੀ ਇਸ ਕਾਰਵਾਈ ਤੇ ਟਿੱਪਣੀ ਕਰਦਿਆਂ ਅਕਾਲੀ ਦਲ ਨਾਲ ਸਬੰਧਤ ਇੱਕ ਟਰਾਂਸਪੋਰਟਰ ਨੇ ਦੋਸ਼ ਲਾਇਆ ਕਿ ਕਾਰਵਾਈ ਵਿਤਕਰੇ ਤੋਂ ਪ੍ਰਭਾਵਿਤ ਹੈ, ਕੇਵਲ ਅਕਾਲੀ ਟਰਾਂਸਪੋਰਟਰਾਂ ਦੀਆਂ ਬੱਸਾਂ ਰੋਕੀਆਂ ਗਈਆਂ ਹਨ। ਇੱਕ ਚੈਨਲ ਨਾਲ ਗੱਲਬਾਤ ਕਰਦਿਆਂ ਉਹਨਾਂ ਮੰਨਿਆਂ ਕਿ ਉਹਨਾਂ ਦੀਆਂ ਬੱਸਾਂ ਦਾ ਟੈਕਸ ਨਹੀਂ ਭਰਿਆ ਗਿਆ ਬਕਾਇਆ ਖੜਾ ਹੈ। ਉਹਨਾਂ ਇਸ ਸਬੰਧੀ ਕਿਹਾ ਕਿ ਟਰਾਂਸਪੋਰਟ ਘਾਟੇ ਵਿੱਚ ਚੱਲ ਰਹੀ ਹੈ। ਕਰੋਨਾ ਮਹਾਮਾਰੀ ਸਦਕਾ ਹੀ ਘਾਟਾ ਚੱਲ ਰਿਹਾ ਸੀ, ਫੇਰ ਰਾਜ ਦੀ ਕਾਂਗਰਸ ਸਰਕਾਰ ਨੇ ਔਰਤਾਂ ਦਾ ਸਫ਼ਰ ਮੁਫ਼ਤ ਕਰ ਦਿੱਤਾ ਜਿਸ ਸਦਕਾ ਪ੍ਰਾਈਵੇਟ ਟਰਾਂਸਪੋਰਟ ਦਾ ਘਾਟਾ ਹੋਰ ਵਧ ਗਿਆ। ਉਹਨਾਂ ਇਹ ਵੀ ਦੱਸਿਆ ਕਿ ਵਿੱਤ ਮੰਤਰੀ ਸ੍ਰ: ਮਨਪ੍ਰੀਤ ਸਿੰਘ ਬਾਦਲ ਖ਼ੁਦ ਟਰਾਂਸਪੋਰਟਰ ਹਨ, ਉਹਨਾਂ ਟੈਕਸ ਮੁਆਫ਼ ਕਰਨ ਦਾ ਵਿਸਵਾਸ ਦਿਵਾਇਆ ਸੀ, ਜਿਸ ਕਰਕੇ ਟੈਕਸ ਨਹੀਂ ਭਰਿਆ ਗਿਆ।
ਮਾਮਲਾ ਇਕੱਲੇ ਟੈਕਸ ਦਾ ਹੀ ਨਹੀਂ, ਇੱਕ ਨੰਬਰ ਤੇ ਕਈ ਕਈ ਬੱਸਾਂ ਚਲਾਉਣ ਦਾ ਵੀ ਹੈ। ਨਿਊ ਦੀਪ ਬੱਸ ਵਾਲਿਆਂ ਦੀ ਇੱਕ ਤਸਵੀਰ ਸੋਸਲ ਮੀਡੀਆ ਤੇ ਵਿਖਾਈ ਦੇ ਰਹੀ ਹੈ, ਜਿਸ ਵਿੱਚ ਚਾਰ ਬੱਸਾਂ ਤੇ ਇੱਕੋ ਹੀ ਨੰਬਰ ਪੀ ਬੀ 04 ਏ ਬੀ 6078 ਲਿਖਿਆ ਹੋਇਆ ਹੈ, ਇਹਨਾਂ ਵਿੱਚੋਂ ਇੱਕ ਬੱਸ ਤੇ ਬੋਰਡ ਫਰੀਦਕੋਟ ਤੋਂ ਗਿਦੜਬਾਹਾ, ਦੂਜੀ ਤੇ ਅਬੋਹਰ ਤੋਂ ਅੰਮ੍ਰਿਤਸਰ, ਤੀਜੀ ਤੇ ਫਿਰੋਜਪੁਰ ਤੋਂ ਹੁਸ਼ਿਆਰਪੁਰ ਲੱਗਾ ਹੋਇਆ ਹੈ, ਜਦੋਂ ਕਿ ਇੱਕ ਤੇ ਬੋਰਡ ਨਹੀਂ ਲੱਗਾ ਹੋਇਆ। ਇਹ ਤਸਵੀਰ ਮਾਫ਼ੀਆ ਦੀ ਕਾਰਗੁਜਾਰੀ ਨੂੰ ਸਪਸ਼ਟ ਕਰਦੀ ਹੈ।
ਮੌਜੂਦਾ ਟਰਾਂਸਪੋਰਟ ਦੀਆਂ ਹਦਾਇਤਾਂ ਤੇ ਹੋਈ ਟਰਾਂਸਪੋਰਟ ਮਾਫ਼ੀਆ ਨੂੰ ਨੱਥ ਪਾਉਣ ਵਾਲੀ ਕਾਰਵਾਈ ਦੀ ਆਮ ਲੋਕਾਂ ਵੱਲੋਂ ਸਲਾਘਾ ਕੀਤੀ ਜਾ ਰਹੀ ਹੈ, ਪਰ ਇਹ ਬਗੈਰ ਵਿਤਕਰੇ ਦੇ ਹੋਣੀ ਚਾਹੀਦੀ ਹੈ। ਸਰਕਾਰ ਦੇ ਕਦਮ ਤੋਂ ਪੰਜਾਬ ਵਾਸੀਆਂ ਨੂੰ ਉਮੀਦ ਬੱਝੀ ਹੈ ਕਿ ਰੇਤ ਮਾਫੀਆ, ਸ਼ਰਾਬ ਮਾਫੀਆ, ਕੇਵਲ ਮਾਫ਼ੀਆ ਆਦਿ ਵੱਲ ਵਧਿਆ ਜਾ ਸਕਦਾ ਹੈ, ਜੋ ਰਾਜ ਦੇ ਹਿਤ ਵਿੱਚ ਹੋਵੇਗਾ।

Install Punjabi Akhbar App

Install
×