ਐਡਿਨਬਰਾ: ਰਵਾਇਤੀ ਪੁਰਾਣੇ ਲਾਲ ਰੰਗ ਦੇ ਫੋਨ ਬਕਸੇ ਨੂੰ ਲਗਾਇਆ ਵਿਕਰੀ ‘ਤੇ, ਨਿਲਾਮੀ 27 ਅਪ੍ਰੈਲ ਨੂੰ

ਗਲਾਸਗੋ -ਪੁਰਾਣੇ ਸਮਿਆਂ ਵਿੱਚ ਬਰਤਾਨਵੀ ਸ਼ਹਿਰਾਂ ਵਿੱਚ ਲਾਲ ਰੰਗ ਦੇ ਜਨਤਕ ਸਹੂਲਤ ਲਈ ਲੱਗੇ ਫੋਨ ਬਕਸੇ ਜ਼ਿਆਦਾਤਰ ਗੱਲਬਾਤ ਦਾ ਸਾਧਨ ਹੁੰਦੇ ਸਨ। ਪਰ ਤਰੱਕੀ ਅਤੇ ਨਵੀਂ ਤਕਨਾਲੋਜੀ ਦੇ ਨਾਲ ਅਜੋਕੇ ਸਮੇਂ ਵਿੱਚ ਇਹਨਾਂ ਵਿੱਚੋਂ ਬਹੁਤ ਸਾਰੇ ਅਲੋਪ ਹੋ ਗਏ ਹਨ ਜਾਂ ਹੋਰ ਕੰਮਾਂ ਦੀ ਵਰਤੋਂ ਵਿੱਚ ਬਦਲ ਗਏ ਹਨ। ਐਡਿਨਬਰਾ ਦੇ ਸਭ ਤੋਂ ਮਸ਼ਹੂਰ ਟਿਕਾਣਿਆਂ ਵਿੱਚੋਂ ਇੱਕ ਸਥਾਨ ਦੇ ਨੇੜੇ ਅਜਿਹਾ ਲਾਲ ਰੰਗ ਦਾ ਬਕਸਾ ਵਿਕਰੀ ਲਈ ਲਾਇਆ ਗਿਆ ਹੈ, ਜਿਸ ਨੂੰ ਨਵੀਂ ਕਾਰ ਦੀ ਕੀਮਤ ਤੋਂ ਘੱਟ ਵਿੱਚ ਖਰੀਦਿਆ ਜਾ ਸਕਦਾ ਹੈ। ਰਾਜਧਾਨੀ ਦੇ ਜਾਰਜ IV ਬ੍ਰਿਜ ‘ਤੇ ਸਕਾਟਲੈਂਡ ਨੈਸ਼ਨਲ ਲਾਇਬ੍ਰੇਰੀ ਦੇ ਬਾਹਰ ਇਹ ਫੋਨ ਬਾਕਸ , 8,000 ਪੌਂਡ ਤੋਂ ਘੱਟ ਕੀਮਤ ਲਈ ਬਾਜ਼ਾਰ ਵਿੱਚ ਹੈ। ਅਧਿਕਾਰੀਆਂ ਅਨੁਸਾਰ ਕੋਈ ਵੀ ਜੋ ਇਸ ਬਾਕਸ ਨੂੰ ਖਰੀਦਣਾ ਚਾਹੁੰਦਾ ਹੈ, ਇਸਨੂੰ ਇਸ ਦੇ ਮੌਜੂਦਾ ਸਥਾਨ ਤੋਂ ਹਿਲਾਉਣ ਜਾਂ ਤਬਦੀਲੀ ਕਰਨ ਵਿੱਚ ਅਸਮਰੱਥ ਹੋਏਗਾ ਕਿਉਂਕਿ ਇਸ ਨੂੰ ਵਿਰਾਸਤੀ ਜਗ੍ਹਾ ਮੰਨਿਆ ਜਾਂਦਾ ਹੈ। ਹਾਲਾਂਕਿ ਇਸਦੀ ਨਿਲਾਮੀ ਕਰਨ ਵਾਲੀ ਸੰਸਥਾ ਬਿਡ ਐਕਸ 1 ਦੇ ਏਜੰਟਾਂ ਅਨੁਸਾਰ ਇਹ ਬਕਸਾ ਕਿਸੇ ਲਈ ਵੀ ਵਧੀਆ ਕਾਰੋਬਾਰ ਕਰ ਸਕਦਾ ਹੈ ਅਤੇ ਇਸ ਨੂੰ ਵਰਤਮਾਨ ਰੂਪ ਵਿੱਚ ਛੋਟੀ ਕੌਫੀ ਜਾਂ ਭੋਜਨ ਦੀ ਦੁਕਾਨ ਜਾਂ ਇੱਕ ਛੋਟੀ ਜਿਹੀ ਲਾਇਬ੍ਰੇਰੀ ਵਜੋਂ ਵਰਤਿਆ ਜਾ ਸਕਦਾ ਹੈ। ਬਿਡ ਐਕਸ 1 ਦੀ ਮੈਟ ਹੈਰਿਸ ਅਨੁਸਾਰ ਇੰਗਲੈਂਡ ਦੇ ਚੇਲਟਨਹੈਮ ਵਿੱਚ ਮਿਲਦੇ ਜੁਲਦੇ ਬਕਸੇ ਮਿੰਨੀ ਆਰਟ ਗੈਲਰੀਆਂ ਵਿੱਚ ਬਦਲ ਗਏ ਹਨ। ਇਹ ਅੱਠ ਫੁੱਟ ਉੱਚਾ ਅਤੇ ਤਿੰਨ ਫੁੱਟ ਵਰਗ ‘ਤੇ ਖੜ੍ਹਾ, ਛੋਟਾ ਲਾਲ ਰੰਗ ਦਾ ਫੋਨ ਬਕਸਾ 27 ਅਪ੍ਰੈਲ ਮੰਗਲਵਾਰ ਨੂੰ ਇੱਕ ਆਨਲਾਈਨ ਨਿਲਾਮੀ ਲਈ ਤਿਆਰ ਹੈ।

Install Punjabi Akhbar App

Install
×