
(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਦੇ ਵਪਾਰ ਮੰਤਰੀ ਸਾਈਮਨ ਬਰਮਿੰਘਮ ਦਾ ਕਹਿਣਾ ਹੈ ਕਿ ਹਾਲੇ ਤਾਂ ਸੰਸਾਰ ਪਹਿਲਾਂ ਹੀ ਕੋਵਿਡ-19 ਦੀ ਬਿਮਾਰੀ ਕਾਰਨ ਮਾੜੀ ਅਰਥ-ਵਿਵਸਥਾ ਦੇ ਰਾਹੀਂ ਪਿਆ ਹੈ ਅਤੇ ਹੁਣ ਚੀਨ ਦੀ ਮੌਜੂਦਾ ਨਾ-ਕਾਬਿਲੇ ਤਾਰੀਫ ਅਤੇ ਨਾ-ਸਹਿਣਯੋਗ ਫ਼ਜ਼ੂਲ ਦੀ ਜ਼ੋਰ-ਜ਼ਬਰਦਸਤੀ ਨੇ ਹੋਰ ਵੀ ਸੰਸਾਰਿਕ ਅਰਥ-ਵਿਵਸਥਾ ਦੇ ਗਲ਼ ਗੂਠਾ ਦੇਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਕਿਹਾ ਚੀਨ ਨੇ ਜੋ ਆਸਟ੍ਰੇਲੀਆਈ ਵਸਤੂਆਂ ਉਪਰ ਹਾਲ ਵਿੱਚ ਹੀ ਫ਼ਜ਼ੂਲ ਦੇ ਬੇਬੁਨਿਆਦੀ ਟੈਕਸ ਲਗਾਏ ਹਨ ਉਸ ਨਾਲ ਆਸਟ੍ਰੇਲੀਆ ਹੀ ਨਹੀਂ ਸਗੋਂ ਸਮੁੱਚੇ ਸੰਸਾਰ ਦੀ ਅਰਥ-ਵਿਵਸਥਾ ਉਪਰ ਹੀ ਫ਼ਰਕ ਪਵੇਗਾ ਅਤੇ ਅਜਿਹੀਆਂ ਵਸਤੂਆਂ ਦੇ ਦਾਇਰੇ ਅੰਦਰ ਹੁਣ ਜੌਂ, ਕੋਲਾ, ਟਿੰਬਰ ਅਤੇ ਮੀਟ ਵੀ ਸ਼ਾਮਿਲ ਹੋ ਰਹੇ ਹਨ ਜਿਨ੍ਹਾਂ ਦੇ ਉਦਯੋਗ ਦੋਹਾਂ ਦੇਸ਼ਾਂ ਵਿਚਾਲੇ ਸ਼ਬਦੀ ਜੰਗ ਵਿੱਚ ਬੇਵਜਹ ਮਾਰ ਝੇਲ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਵਿੱਚ ਚੀਨ ਨੇ ਆਸਟ੍ਰੇਲੀਆਈ ਵ੍ਹਾਈਨ ਉਪਰ 212% ਤੱਕ ਦਾ ਵਾਧੂ ਟੈਕਸ ਲਗਾ ਦਿੱਤਾ ਹੈ। ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਚੀਨ ਨੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆਉਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਕਿਹਾ ਕਿ ਕਿਉਂਕਿ ਆਸਟ੍ਰੇਲੀਆ ਕੋਵਿਡ-19 ਦੀ ਨਿਰਪੱਖ ਜਾਂਚ ਦੀ ਗੱਲ ਕਰ ਰਿਹਾ ਹੈ ਤਾਂ ਹੀ ਚੀਨ ਸਾਡੇ ਦੇਸ਼ ਨਾਲ ਫ਼ਜ਼ੂਲ ਦੀ ਖੁੰਧਕ ਰੱਖ ਰਿਹਾ ਹੈ ਅਤੇ ਸੱਚ ਇਹ ਵੀ ਹੈ ਕਿ ਅਸੀਂ ਆਪਣੀ ਮੰਗ ਨੂੰ ਜਾਰੀ ਰੱਖਾਂਗੇ ਅਤੇ ਕਦੇ ਵੀ ਇਸਤੋਂ ਮੂੰਹ ਨਹੀਂ ਫੇਰਾਂਗੇ। ਇਸੇ ਦੌਰਾਨ ਖ਼ਬਰ ਇਹ ਵੀ ਹੈ ਕਿ ਪਿਛਲੇ ਹਫਤੇ ਦਾ ਡਾਟਾ ਦਰਸਾਉਂਦਾ ਹੈ ਕਿ ਦੇਸ਼ ਦਾ ਕੱਚੇ ਲੋਹੇ ਦਾ ਨਿਰਯਾਤ ਅਕਤੂਬਰ ਦੇ ਮਹੀਨੇ ਵਿੱਚ ਰਿਕਾਰਡ ਉਚਾਈਆਂ (10.9 ਬਿਲੀਅਨ ਡਾਲਰ) ਤੇ ਪਹੁੰਚ ਗਿਆ ਅਤੇ ਇਸ ਦਾ ਜ਼ਿਆਦਾ ਹਿੱਸਾ ਚੀਨ ਵਿੱਚ ਹੀ ਖਪਿਆ ਹੈ।