ਨਹਿਰਾਂ ਚ ਜਹਿਰੀਲਾ ਪਾਣੀ ਛੱਡ ਕੇ ਪੰਜਾਬ ਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਨੂੰ ਪਰੋਸੀਆਂ ਜਾ ਰਹੀਆਂ ਹਨ ਭਿਆਨਕ ਬਿਮਾਰੀਆਂ

ਛੋਟੇ ਬੱਚੇ ਵੀ ਹੋਏ ਦਿਲ, ਕੈਂਸਰ , ਚਮੜੀ ਅਤੇ ਹੱਡੀਆਂ ਦੀਆਂ ਬਿਮਾਰੀਆਂ ਦੇ ਸ਼ਿਕਾਰ

(ਫਰੀਦਕੋਟ) -ਹਰੀਕੇ ਹੈੱਡ ਵਰਕਸ ਤੋਂ ਨਿੱਕਲਣ ਵਾਲੀਆਂ ਨਹਿਰਾਂ ਵਿਚ ਬੇਹੱਦ ਜਹਿਰੀਲਾ ਕਾਲੇ ਰੰਗ ਦਾ ਗਾੜ੍ਹਾ ਪਾਣੀ ਛੱਡਿਆ ਗਿਆ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਗੰਦੇ ਪਾਣੀ ਨੂੰ ਨਾਂ ਪੀਣ ਸਬੰਧੀ ਸੂਚਨਾ ਵੀ ਜਾਰੀ ਕੀਤੀ ਗਈ ਹੈ। ਸਤਲੁਜ ਦਰਿਆ ਦਾ ਗੰਦਾ ਪਾਣੀ ਬਿਆਸ ਦਰਿਆ ਦੇ ਪਾਣੀ ਨੂੰ ਵੀ ਪਲੀਤ ਕਰ ਰਿਹਾ ਹੈ। ਇਹ ਪਾਣੀ ਜੋ ਨਹਿਰਾਂ ਰਾਹੀਂ ਪੰਜਾਬ ਅਤੇ ਰਾਜਸਥਾਨ ਦੇ ਵੱਡੇ ਇਲਾਕੇ ਦੀਆਂ ਸਿੰਜਾਈ ਦੀਆਂ ਲੋੜਾਂ ਪੂਰੀਆਂ ਕਰਦਾ ਹੈ, ਉੱਥੇ ਇਸਨੂੰ ਇਨ੍ਹਾਂ ਇਲਾਕਿਆਂ ਦੇ 2 ਕਰੋੜ ਲੋਕ ਪੀਣ ਲਈ ਵੀ ਵਰਤਦੇ ਹਨ। ਨਹਿਰਾਂ ਵਿਚ ਛੱਡਿਆ ਇਹ ਜਹਿਰੀਲਾ ਪਾਣੀ ਜਿਹੜੇ ਖੇਤਰ ਚ ਜਾਵੇਗਾ ਤਬਾਹੀ ਹੀ ਮਚਾਵੇਗਾ। ਭਾਵੇਂ ਸਰਕਾਰ ਇਹ ਕਹਿ ਰਹੀ ਐ ਕਿ ਇਹ ਪਾਣੀ ਕੇਵਲ ਸਿੰਜਾਈ ਲਈ ਹੈ ਪਰ ਜਿਹੜੇ ਵੀ ਖੇਤਾਂ ਨੂੰ ਇਹ ਧਾਤਾਂ ਯੁਕਤ ਅਤੇ ਜਹਿਰੀਲਾ ਪਾਣੀ ਲੱਗੇਗਾ, ਉੱਥੇ ਫਸਲਾਂ ਦੀ ਤਬਾਹੀ ਅਤੇ ਧਰਤੀ ਦੀ ਸਿਹਤ ਨੂੰ ਵੀ ਵਿਗਾੜੇਗਾ। ਇਸ ਪਾਣੀ ਨੂੰ ਪਰਿੰਦੇ, ਪਸ਼ੂ ਤਾਂ ਪੀਣਗੇ ਹੀ ਅਤੇ ਰਾਜਸਥਾਨ ਦੇ ਲੋਕਾਂ ਕੋਲ ਵੀ ਇਸ ਨਹਿਰਾਂ ਦੇ ਪਾਣੀ ਪੀਣ ਤੋਂ ਇਲਾਵਾ ਕੋਈ ਵਿਕਲਪ ਨਹੀਂ, ਜਿਸ ਕਰਕੇ ਉਹ ਭਿਆਨਕ ਬਿਮਾਰੀਆਂ ਅਤੇ ਕਈ ਤਰਾਂ ਦੇ ਸੰਕਟਾਂ ਦਾ ਸ਼ਿਕਾਰ ਹੋਣਗੇ। ਪਾਣੀ ਦਾ ਸੰਕਟ ਦਿਨ ਬਦਿਨ ਬਦ ਤੋਂ ਬਦਤਰ ਹੋ ਰਿਹਾ ਹੈ ਜੋ ਪੰਜਾਬ ਅਤੇ ਰਾਜਸਥਾਨ ਦੇ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਲਈ ਖਤਰਾ ਬਣਿਆਂ ਹੋਇਆ ਹੈ ਪਰ ਸਮਝ ਨਹੀਂ ਆ ਰਹੀ ਕਿ ਕਰੋੜਾਂ ਲੋਕਾਂ ਦੀਆਂ ਜਾਨਾਂ ਦੀ ਪ੍ਰਵਾਹ ਨਾਂ ਕਰਦਿਆਂ ਸਰਕਾਰ ਲਈ ਚੰਦ ਲੋਕਾਂ ਦੀਆਂ ਫੈਕਟਰੀਆਂ ਦਾ ਪਾਣੀ ਦਰਿਆ ਚ ਪਾਉਣਾ ਕਿਉਂ ਜਿਆਦਾ ਜਰੂਰੀ ਹੈ। ਜਿਹੜੇ ਪਿੰਡ ਦਰਿਆ ਦੇ ਨੇੜੇ ਵੱਸੇ ਹੋਏ ਹਨ, ਉਨ੍ਹਾਂ ਪਿੰਡਾਂ ਦੇ ਬੱਚੇ ਵੀ ਦਿਲ, ਕੈਂਸਰ, ਚਮੜੀ, ਹੱਡੀਆਂ, ਦੰਦਾਂ, ਪੇਟ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਨਲਕਿਆਂ ਵਿੱਚੋਂ ਗਾੜਾਂ ਕਾਲਾ ਪਾਣੀ ਨਿੱਕਲ ਰਿਹਾ ਹੈ। ਸਰਕਾਰਾ ਨੂੰ ਲੋਕਾਂ ਦੀਆਂ ਜ਼ਿੰਦਗੀਆਂ ਦੀ ਕੋਈ ਪ੍ਰਵਾਹ ਨਹੀਂ। ਸਰਕਾਰ ਦੀ ਇਸ ਲਾਪਰਵਾਹੀ ਵਿਰੁੱਧ ਲੋਕਾਂ ਨੂੰ ਲਾਮਬੰਦ ਅਤੇ ਜਾਗ੍ਰਿਤ ਹੋਣ ਦੀ ਜਰੂਰਤ ਹੈ। ਵਾਤਾਵਰਣ ਪ੍ਰਤੀ ਲੋਕਾਂ ਚ ਜਾਗਰੂਕਤਾ ਮੁਹਿੰਮ ਛੇੜਨ ਵਾਲੇ ਭਾਈ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਭਾਈ ਮਨੱਈਆ ਕੈਂਸਰ ਰੋਕੋ ਸੁਸਾਇਟੀ ਫਰੀਦਕੋਟ ਅਤੇ ਕਨਵੀਨਰ ਨਰੋਆ ਪੰਜਾਬ ਮੰਚ, ਨਾਮਵਰ ਸਾਹਿਤਕਾਰ ਗੁਰਚਰਨ ਸਿੰਘ ਨੂਰਪੁਰ, ਰਾਜਸਥਾਨ ਤੇ ਵਾਤਾਵਰਣ ਪ੍ਰੇਮੀ ਸ਼ਬਨਮ ਗੋਂਦਾਰਾ, ਪ੍ਰਤਾਪ ਸਿੰਘ ਹੀਰਾ ਅਤੇ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਜੱਥੇਬੰਦੀਆਂ ਇਸ ਵਿਰੁੱਧ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਸਰਕਾਰ ਦੇ ਅਜੇ ਤੱਕ ਕੰਨ ਤੇ ਜੂੰ ਨਹੀਂ ਸਰਕੀ।

Install Punjabi Akhbar App

Install
×