ਲੁਕਾਸ ਚੱਕਰਵਾਤ ਦੇ ਚਲਦਿਆਂ, ਸੈਲਾਨੀਆਂ ਨੂੰ ਪੱਛਮੀ ਆਸਟ੍ਰੇਲੀਆ ਵਿਚੋਂ ਪ੍ਰਭਾਵਿਤ ਖੇਤਰਾਂ ਵਿੱਚੋਂ ਨਿਕਲਣ ਦੀਆਂ ਚਿਤਾਵਨੀਆਂ ਜਾਰੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਵਿਚਲੇ ਪਿਲਬਾਰਾ ਅਤੇ ਕਿੰਬਰਲੇ ਖੇਤਰਾਂ ਅੰਦਰ ਜਨਤਕ ਤੌਰ ਤੇ ਇਹ ਚਿਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਚੱਕਰਵਾਤੀ ਤੁਫਾਨ ‘ਲੁਕਾਸ’ ਬੜੀ ਤੇਜ਼ੀ ਨਾਲ ਤਟਾਂ ਵੱਲ ਨੂੰ ਵੱਧ ਰਿਹਾ ਹੈ ਅਤੇ ਲੋਕ ਇਸ ਦੇ ਸਾਹਮਣੇ ਲਈ ਤਿਆਰ ਰਹਿਣ ਜਦੋਂ ਕਿ ਸੈਲਾਨੀਆਂ ਨੂੰ ਇਨ੍ਹਾਂ ਖੇਤਰਾਂ ਅੰਦਰੋਂ ਤੁਰੰਤ ਸੁਰੱਖਿਅਤ ਥਾਵਾਂ ਉਪਰ ਚਲੇ ਜਾਣ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। ਅੱਗ ਬੁਝਾਊ ਅਤੇ ਆਪਾਤਕਾਲੀਨ ਸੇਵਾਵਾਂ ਦੇ ਵਿਭਾਗਾਂ ਨੇ ਬੀਗਲ ਬੇਅ, ਬਰੂਮੇ ਅਤੇ ਪੋਰਟ ਹੈਡਲੈਂਡ ਵਿਚਾਲੇ ‘ਬਲੂ ਅਲਰਟ’ ਵੀ ਜਾਰੀ ਕੀਤਾ ਹੋਇਆ ਹੈ ਅਤੇ ਸਰਕਾਰੀ ਚਿਤਾਵਨੀਆਂ ਨੂੰ ਲਗਾਤਾਰ ਜਨਤਕ ਤੌਰ ਤੇ ਜਾਰੀ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਨਾਲ ਜ਼ਰੂਰੀ ਸਾਮਾਨ ਜਿਵੇਂ ਕਿ ਫਸਟ ਏਡ ਕਿਟ, ਟਾਰਚ, ਛੋਟਾ ਰੇਡੀਓ, ਕੁੱਝ ਬੈਟਰੀਆਂ, ਭੋਜਨ ਅਤੇ ਪੀਣ ਵਾਲਾ ਪਾਣੀ ਆਦਿ ਹਮੇਸ਼ਾ ਰੱਖਣ ਲਈ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਕਿਸੇ ਸਮੇਂ ਵੀ ਕਿਸੇ ਤਰ੍ਹਾਂ ਦੀ ਆਪਾਤਕਾਲੀਨ ਸਥਿਤੀਆਂ ਅੰਦਰ ਆਪਣੀ ਜਾਨ ਬਚਾਉਣ ਦੇ ਯਤਨ ਜਾਰੀ ਰੱਖੇ ਜਾ ਸਕਣ। ਪੱਛਮੀ ਕਿੰਬਰਲੇ ਤੱਟ ਅਤੇ ਪੂਰਬੀ ਪਿਲਬਾਰਾ ਤੱਟ ਉਪਰ ਤੇਜ਼ ਹਵਾਵਾਂ ਅਤੇ ਭਾਰੀ ਵਰਖਾ ਦੀ ਚਿਤਾਵਨੀ ਹੈ ਅਤੇ ਫੇਰ ਇਨ੍ਹਾਂ ਦੇ ਅੱਜ ਹੀ ਪੂਰਬੀ ਪੋਰਟ ਹੈਡਲੈਂਡ ਵੱਲ ਵੱਧਣ ਦੀ ਸੰਭਾਵਨਾ ਵੀ ਦਰਸਾਈ ਜਾ ਰਹੀ ਹੈ। ਪਿਲਬਾਰਾ ਤੱਟ ਉਪਰ ਅਧਿਕਾਰੀਆਂ ਵੱਲੋਂ ਤਾਂ ਵੱਡੇ ਵੈਸਲਾਂ ਨੂੰ ਟਰਮਿਨਲ ਤੋਂ ਵੀ ਰਾਤੋ ਰਾਤ ਹੀ ਹਟਾ ਦਿੱਤਾ ਗਿਆ ਹੈ ਤਾਂ ਜੋ ਚੱਕਰਵਾਤ ਤੋਂ ਜਿੰਨਾ ਵੀ ਬਚਾਉ ਕੀਤਾ ਜਾ ਸਕੇ, ਚੰਗਾ ਹੈ। ਜ਼ਿਕਰਯੋਗ ਹੈ ਕਿ ਲਕਾਸ ਤੂਫਾਨ, ਇਸ ਸੀਜ਼ਨ ਦਾ ਇਹ ਪਹਿਲਾ ਤੂਫਾਨ ਹੈ ਜਿਹੜਾ ਕਿ ਪੱਛਮੀ ਆਸਟ੍ਰੇਲੀਆ ਦੇ ਤੱਟਾਂ ਨੂੰ ਛੋਹਣ ਆ ਰਿਹਾ ਹੈ। ਇਸ ਤੋਂ ਇਲਾਵਾ ਕ੍ਰਿਸਮਿਸ ਆਈਲੈਂਡ ਤੋਂ ਕਰੀਬਨ 900 ਕਿ. ਮੀਟਰ ਦੂਰੀ ਉਪਰ ਸਥਿਤ ਕੋਕੋਜ਼ ਕੀਲਿੰਗ ਆਈਲੈਂਡਾਂ ਉਪਰ ਵੀ ਅਜਿਹਾ ਹੀ ਇੱਕ ਤੂਫਾਨ ਆਉਣ ਵਾਲੇ ਕੁੱਝ ਹੀ ਦਿਨਾਂ ਵਿੱਚ ਟਕਰਾਉਣ ਵਾਲਾ ਹੈ।

Install Punjabi Akhbar App

Install
×