ਟੌਰੰਗਾ ਤੋਂ ਸਿੱਖ ਸੰਗਤਾਂ ਦਾ ਜੱਥਾ ਹੇਸਟਿੰਗਜ਼ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਪਹੁੰਚਿਆ

ਨਿਊਜ਼ੀਲੈਂਡ ਦੇ ਸ਼ਹਿਰ ਟੌਰੰਗਾ ਤੋਂ ਭਾਈ ਸੰਤੋਖ ਸਿੰਘ ਦੀ ਅਗਵਾਈ ਵਿਚ ਸਿੱਖ ਸੰਗਤਾਂ ਦਾ ਜੱਥਾ ਲਗਪਗ 300 ਕਿਲੋਮੀਟਰ ਦਾ ਸਫਰ ਤੈਅ ਕਰਕੇ ਗੁਰਦੁਆਰਾ ਸਾਹਿਬ ਹੇਸਟਿੰਗਜ਼ ਦੇ ਦਰਸ਼ਨ ਕਰਨ ਪਹੁੰਚਿਆ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੱਥੇ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ ‘ਤੇ ਗੁਰੂ ਕਾ ਲੰਗਰ ਤਿਆਰ ਕਰਕੇ ਛਕਾਇਆ ਗਿਆ। ਇਹ ਜੱਥਾ ਇਸ ਤੋਂ ਬਾਅਦ ਸ੍ਰੀ ਗੁਰੂ ਰਵਿਦਾਸ ਸਭਾ ਹੇਸਟਿੰਗ ਵਿਖੇ ਵੀ ਦਰਸ਼ਨ ਦੀਦਾਰੇ ਕਰਨ ਪਹੁੰਚਿਆ। ਉਥੇ ਵੀ ਪ੍ਰਬੰਧਕਾਂ ਨੇ ਸਾਰੇ ਜੱਥੇ ਦਾ ਨਿੱਘਾ ਸਵਾਗਤ ਕੀਤਾ। ਸਾਰੇ ਜੱਥੇ ਨੂੰ ਚਾਹ ਦਾ ਲੰਗਰ ਛਕਾਇਆ ਗਿਆ। ਇਸ ਜੱਥੇ ਵਿਚ ਸ਼ਾਮਿਲ ਬਜ਼ੁਰਗਾਂ, ਬੀਬੀਆਂ ਅਤੇ ਬੱਚਿਆਂ ਨੇ ਪੂਰੇ ਸਫਰ ਦੌਰਾਨ ਨਿਊਜ਼ੀਲੈਂਡ ਦੀਆਂ ਹੋਰ ਵੀ ਕਈ ਸੁੰਦਰ ਰਮਣੀਕ ਥਾਵਾਂ ਦਾ ਅਨੰਦ ਮਾਣਿਆ।