ਸਾਊਥਾਲ ‘ਚ ਹੋਏ ਪੰਜਾਬੀ ਦੇ ਵਹਿਸ਼ੀਆਨਾ ਕਤਲ ਦੇ ਦੋਸ਼ੀ ਪੰਜਾਬੀਆਂ ਨੂੰ ਕੁੱਲ 104 ਸਾਲ ਕੈਦ

23 June 2018 KhurmiUK 01

ਲੰਡਨ — ਵਿਦੇਸ਼ਾਂ ਦੀ ਧਰਤੀ ਤੇ ਰੁਜ਼ਗਾਰ ਦੀ ਭਾਲ ‘ਚ ਆਏ ਪੰਜਾਬੀਆਂ ਨੂੰ ਵਿਦੇਸ਼ੀ ਮੁਲਕਾਂ ਨੇ ਆਪਣੀ ਉਂਗਲ ਕੀ ਫੜ੍ਹਾ ਦਿੱਤੀ, ਅਸੀਂ ਪੂਰੀ ਬਾਂਹ ਹੀ ਨਿਗਲ ਜਾਣ ਦੇ ਰਾਹ ਤੁਰ ਪਏ ਹਾਂ। ਕਾਨੂੰਨ ਨੂੰ ਧਰਮ ਵਾਂਗ ਮੰਨਣ ਵਾਲੇ ਲੋਕਾਂ ਦੀ ਧਰਤੀ ਤੇ ਅਸੀਂ ਆਪਣੇ ਫੁਕਰਪੁਣੇ, ਵੈਲਪੁਣੇ ਦਾ ਰੱਜ ਕੇ ਇਜ਼ਹਾਰ ਕਰ ਰਹੇ ਹਾਂ। ਇਸ ਤਰ੍ਹਾਂ ਦੀਆਂ ਕਾਰਵਾਈਆਂ ਦਾ ਸਿੱਟਾ ਹੀ ਹੈ ਕਿ 30 ਜੁਲਾਈ 2016 ਨੂੰ ਪੰਜਾਬੀਆਂ ਦੇ ਇੱਕ ਗੈਂਗ ਵੱਲੋਂ 33 ਸਾਲਾ ਸੁਖਜਿੰਦਰ ਸਿੰਘ ਉਰਫ਼ ਗੁਰਿੰਦਰ ਦਾ ਪਿੱਛਾ ਕਰਕੇ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਚ ਪੰਜ ਪੰਜਾਬੀ ਸ਼ੇਰ-ਬੱਗਿਆਂ ਨੂੰ ਕੁੱਲ ਮਿਲਾਕੇ 104 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਊਥਾਲ ਦੇ ਸਪਾਈਕ ਬਰਿੱਜ ਰੋਡ ਵਿਖੇ ਤਲਵਾਰਾਂ, ਚਾਕੂਆਂ ਅਤੇ ਬੇਸਬਾਲ ਬੱਲ, ਹਥੌੜੇ, ਅਣਗਿਣਤ ਚਾਕੂਆਂ ਦੇ ਵਾਰਾਂ ਨਾਲ ਵਿੰਨ੍ਹੀ ਗੁਰਿੰਦਰ ਦੀ ਦੇਹ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਉੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਪ੍ਰਾਣ ਤਿਆਗ ਗਿਆ ਸੀ। ਜਿਕਰਯੋਗ ਹੈ ਕਿ ਇਹ ਮਸਲਾ ਗੁਰਿੰਦਰ ਵੱਲੋਂ ਮਾਰੀ ਗਈ ਸ਼ੇਖੀ ਤੋਂ ਅੱਗੇ ਹੋ ਤੁਰਿਆ। ਕੁਝ ਸਾਲ ਪਹਿਲਾਂ ਬਰਮਿੰਘਮ ਦੇ ਇੱਕ ਧਾਰਮਿਕ ਸਮਾਗਮ ਵਿੱਚ ਗੁਰਿੰਦਰ ਤੇ ਕੁਲਦੀਪ ਢਿੱਲੋਂ ਦੀ ਦੁਸ਼ਮਣੀ ਦਾ ਮੁੱਢ ਬੱਝਾ ਸੀ। ਬਦਲੇ ਦੀ ਭਾਵਨਾ ਨਾਲ ਹੋਏ ਇੰਗਲੈਂਡ ਦੇ ਇਸ ਬਹੁਚਰਚਿਤ ਕਤਲ ਮਾਮਲੇ ਵਿੱਚ ਟਾਊਂਨਜੈਂਡ ਰੋਡ ਸਾਊਥਾਲ ਦਾ ਵਸਨੀਕ ਅਮਨਦੀਪ ਸਿੰਘ ਸੰਧੂ ਨੂੰ ਸਾਢੇ ਛੱਬੀ ਸਾਲ, ਕੋਲਵਿਲੇ ਕਲੋਜ ਟਿਪਟਨ ਵਾਸੀ ਰਵਿੰਦਰ ਸਿੰਘ ਸ਼ੇਰਗਿੱਲ ਨੂੰ 26 ਸਾਲ 9 ਮਹੀਨੇ, ਏਠਥ ਐਵੇਨਿਊ ਹੇਜ ਵਾਸੀ ਵਿਸ਼ਾਲ ਸੋਬਾ ਨੂੰ 16 ਸਾਲ, ਨੌਰਥ ਰੋਡ ਹੇਜ ਵਾਸੀ ਕੁਲਦੀਪ ਢਿੱਲੋਂ ਨੂੰ 19 ਸਾਲ, ਟਿਊਡਰ ਰੋਡ ਹੇਜ ਵਾਸੀ ਪਲਵਿੰਦਰ ਮੁਲਤਾਨੀ ਨੂੰ 5 ਸਾਲ 9 ਮਹੀਨੇ ਦੀ ਸਜ਼ਾ ਸੁਣਾਈ ਗਈ ਹੈ।