ਕੈਨੇਡਾ-ਅਮਰੀਕਾ ‘ਚ ਬਰਫ਼ੀਲਾ ਤੂਫ਼ਾਨ7 ਮੌਤਾਂ, ਅਮਰੀਕਾ ਦੇ ਕਈ ਇਲਾਕਿਆਂ ‘ਚ ਐਮਰਜੈਂਸੀ ਲਾਗੂ

tornedo

ਕੈਨੇਡਾ ਤੇ ਅਮਰੀਕਾ ਦੇ ਰਾਜਾਂ ਨਿਊਯਾਰਕ ਤੇ ਉਂਟੇਰੀਓ ਦੇ ਕੁਝ ਇਲਾਕਿਆਂ ‘ਚ ਬੀਤੇ 24 ਘੰਟਿਆਂ ‘ਚ ਆਏ ਭਾਰੀ ਤੂਫ਼ਾਨ ਕਾਰਨ ਭਾਰੀ ਬਰਫ਼ਬਾਰੀ ਹੋਈ ਹੈ ਜਿਸ ਕਾਰਨ ਇੱਥੇ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਤੇ ਤਾਪਮਾਨ ਜਮਾਊ ਦਰਜੇ ਤੋਂ 10 ਡਿਗਰੀ ਸੈਂਟੀਗਰੇਡ ਹੇਠਾਂ ਚਲਾ ਗਿਆ ਹੈ। ਅਮਰੀਕਾ ਦੇ 50 ਰਾਜਾਂ ਵਿਚ ਤਾਪਮਾਨ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। ਭਿਆਨਕ ਤੂਫ਼ਾਨ ਕਾਰਨ ਅਮਰੀਕਾ ‘ਚ 7 ਲੋਕਾਂ ਦੀ ਮੌਤ ਹੋਈ ਹੈ। ਨਿਊਯਾਰਕ ਰਾਜ ਦੇ ਪੱਛਮੀ ਇਲਾਕਿਆਂ ‘ਚ 200 ਸੈਂਟੀ ਮੀਟਰ ਤੋਂ ਵੱਧ ਬਰਫ਼ ਪਈ ਹੈ। ਗਵਰਨਰ ਐਂਡਰਿਊ ਕੁਓਮੋ ਨੇ ਪੂਰਬ ਉੱਤਰ ਅਮਰੀਕਾ ‘ਚ ਕੁਝ ਇਲਾਕਿਆਂ ‘ਚ ਭਾਰੀ ਬਰਫ਼ਬਾਰੀ ਕਾਰਨ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਭਾਰੀ ਠੰਢ ਕਾਰਨ 2 ਹਜ਼ਾਰ ਤੋਂ ਜ਼ਿਆਦਾ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਅਮਰੀਕਾ ‘ਚ ਸਾਲ 1976 ਤੋਂ ਬਾਅਦ ਪਹਿਲੀ ਵਾਰ ਨਵੰਬਰ ‘ਚ ਇੰਨੀ ਠੰਢ ਪਈ ਹੈ। ਇਸ ਠੰਢ ਨੇ ਅਮਰੀਕਾ ‘ਚ ਪਿਛਲੇ 38 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਬਰਫ਼ਬਾਰੀ ਖ਼ਿੱਤੇ ਦੇ ਵਾਤਾਵਰਨ ‘ਚ ਆਈ ਅਚਾਨਕ ਤਬਦੀਲੀ ਨਾਲ ਹੋਈ, ਜਿਸ ਤੋਂ ਮੌਸਮ ਦੇ ਮਾਹਿਰ ਵੀ ਹੈਰਾਨ ਹਨ। ਬਰਫ਼ੀਲੇ ਤੂਫ਼ਾਨ ‘ਚ ਘਿਰਨ ਨਾਲ ਨਿਊਯਾਰਕ ਸਟੇਟ ‘ਚ 7 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਬਰਫ਼ ਇੰਨੀ ਤੇਜ਼ੀ ਨਾਲ ਡਿਗ ਰਹੀ ਸੀ ਕਿ ਕਈ ਲੋਕਾਂ ਨੂੰ ਆਪਣੀਆਂ ਕਾਰਾਂ ਛੱਡ ਕੇ ਭੱਜਣਾ ਪਿਆ। ਪ੍ਰਭਾਵਿਤ ਖੇਤਰਾਂ ‘ਚ ਸਕੂਲ ਬੰਦ ਕਰ ਦਿੱਤੇ ਗਏ। ਬਫਲੋ ਤੋਂ ਟੋਰਾਂਟੋ ਇਲਾਕੇ ‘ਚ ਪੁੱਜਣ ਤੱਕ ਤੂਫ਼ਾਨ ਦੀ ਰਫ਼ਤਾਰ ਘੱਟ ਹੋ ਗਈ ਸੀ ਪਰ ਫਿਰ ਵੀ ਕੁਝ ਇਲਾਕਿਆਂ ‘ਚ ਤਿੰਨ ਕੁ ਘੰਟਿਆਂ ‘ਚ 15 ਸੈਂਟੀਮੀਟਰ ਤੱਕ ਬਰਫ਼ ਪੈ ਗਈ। ਇਸ ਨਾਲ ਸੜਕਾਂ ‘ਤੇ ਵਾਹਨ ਤਿਲ੍ਹਕਣ ਨਾਲ 50 ਤੋਂ ਜ਼ਿਆਦਾ ਹਾਦਸੇ ਵਾਪਰੇ। ਜਿੱਥੇ ਬਫਲੋ ਦਾ ਹਵਾਈ ਅੱਡਾ ਲਗਭਗ 12 ਘੰਟੇ ਬੰਦ ਰਿਹਾ, ਓਥੇ ਟੋਰਾਂਟੋ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਬੀਤੇ ਕੱਲ੍ਹ ਦੀ ਸ਼ਾਮ ਨੂੰ ਹਰੇਕ ਉਡਾਣ ਦੋ ਘੰਟਿਆਂ ਦੀ ਦੇਰੀ ਨਾਲ ਚੱਲ ਸਕੀ, ਜਿਸ ਨਾਲ ਯੂਰਪ ਤੋਂ ਭਾਰਤ ਤੱਕ ਜਾਣ ਵਾਲੀਆਂ ਦੇ ਮੁਸਾਫ਼ਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

(ਸਤਪਾਲ ਸਿੰਘ ਜੌਹਲ)