ਤਿਰਛੀ ਨਜ਼ਰ: ਹਰਿਆਣੇ ਵਿੱਚ ਮਾਨਵਤਾ ਹੋਈ ਸ਼ਰਮਸਾਰ: ਕਿਓਂ ਚੁੱਪ ਨੇ ਮੋਦੀ, ਬਾਦਲ ਅਤੇ ਕੇਜਰੀਵਾਲ?

Jatਪਿਛਲੇ ਦਿਨਾਂ ਵਿਚ ਹਰਿਆਣੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਨੇ ਇਨਸਾਨੀਅਤ ਸ਼ਰਮਸ਼ਾਰ ਕਰ ਦਿੱਤੀ ਹੈ । ਹਰਿਆਣੇ ਦੇ ਜਾਟ ਰਿਜ਼ਰਵੇਸ਼ਨ ਅੰਦੋਲਨ ਦੀ ਆੜ ਹੇਠ ਲੋਕਾਂ ਦੇ ਇੱਕ ਵਰਗ ਅਤੇ ਹੁੱਲੜਬਾਜ਼ਾਂ ਨੇ ਸਰਕਾਰੀ , ਗ਼ੈਰ ਸਰਕਾਰੀ ਅਤੇ ਲੋਕਾਂ ਦੇ ਇੱਕ ਵਰਗ ਨੂੰ ਨਿਸ਼ਾਨਾ ਬਣਾ ਕੇ ਸਿਰਫ਼ ਘਰ , ਦੁਕਾਨਾਂ , ਮੋਟਰ ਗੱਡੀਆਂ ਅਤੇ ਇਮਾਰਤਾਂ ਹੀ ਨਹੀਂ ਸਾਰਿਆਂ , ਜਾਇਦਾਦਾਂ ਹੀ ਤਬਾਹ ਨਹੀਂ ਕੀਤੀਆਂ ਸਗੋਂ ਇੱਕ ਖ਼ਾਸ ਵਰਗ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾ ਦੇ ਦਿਲ -ਦਿਮਾਗ਼ ਵਲੂੰਧਰੇ ਨੇ ।ਇਥੇ ਹੀ ਬੱਸ ਨਹੀਂ ਉਨ੍ਹਾ ਦੰਗਾਕਾਰੀਆਂ ਜਰਨੈਲੀ ਸੜਕ ਤੇ ਆਪਣੇ ਘਰਾਂ ਅਤੇ ਟਿਕਾਣਿਆਂ ਨੂੰ ਜਾ ਰਹੇ ਪਰਿਵਾਰ ਲੁੱਟੇ , ਉਨ੍ਹਾ ਦੀਆਂ ਔਰਤਾਂ ਨੂੰ ਅਗਵਾ ਕੀਤਾ , ਉਨ੍ਹਾ ਦੀਆਂ ਇੱਜ਼ਤਾਂ ਲੁੱਟ ਕੇ ਮਾਨਵਤਾ ਦੇ ਅਤੇ ਹਰਿਆਣੇ ਦੇ ਮੱਥੇ ਤੇ ਇੱਕ ਵੱਡਾ ਕਲੰਕ ਵੀ ਲਾ ਦਿੱਤਾ।ਰੋਜ਼ਾਨਾ ਇਸ ਸਬੰਧੀ ਲੂੰ-ਕੰਡੇ ਖੜ੍ਹੇ ਕਰਨ ਵਾਲੀਆਂ ਕਹਾਣੀਆਂ ਸਾਹਮਣੇ ਆ ਰਹੀਆਂ ਨੇ ।ਹਰਿਆਣੇ ਦੀ ਬੀ ਜੇ ਪੀ ਖੱਟਰ ਸਰਕਾਰ ਨੇ ਇਸ ਦੀ ਪੁਲਿਸ ਨੇ ਔਰਤਾਂ ਦੀ ਇੱਜ਼ਤ ਲੱਟਣ ਦੀਆਂ ਸ਼ਰਮਨਾਕ ਘਟਨਾਵਾਂ ‘ਤੇ ਪਹਿਲਾਂ ਤਾਂ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ , ਬਿਨਾਂ ਪੜਤਾਲ ਕੀਤੀਆਂ ਹੀ ਅਜਿਹੀ ਕਿਸੇ ਘਟਨਾ ਹੋਣ ਤੋਂ ਇਨਕਾਰ ਕੀਤਾ ਪਰ ਦਾਦ ਦੇਣ ਬਣਦੀ ਹੈ ਸਾਡੇ ਮੀਡੀਆ ਕਰਮੀ ਸਾਥੀਆਂ ਦੀ ਜਿਹੜੇ ਇਸ ਜ਼ਹਿਰ ਵਰਗੀ ਕੌੜੀ ਸਚਾਈ ਨੂੰ ਸਾਹਮਣੇ ਲਿਆਉਣ ਲਈ ਯਤਨਸ਼ੀਲ ਰਹੇ ।
ਰੋਜ਼ਾਨਾਂ ਸਾਹਮਣੇ ਆ ਰਹੇ ਕਿੱਸੇ  ਬੇਹੱਦ ਦੁਖਦਾਈ ਨੇ ਇਸ ਤੋਂ ਵੱਧ ਲੋਕਾਂ ਨੂੰ ਦੁਖੀ ਕਰਨ ਵਾਲੇ ਕੁਝ ਸਵਾਲ ਸੂਲਾਂ ਵਾਂਗ ਚੁਭ ਰਹੇ ਨੇ ।ਹਰਿਆਣੇ ਵਿੱਚ ਜੋ ਹਨ੍ਹੇਰਗਰਦੀ ਹੋਈ ਉਸ ਦਾ ਸ਼ਿਕਾਰ ਸਿਰਫ਼ ਹਰਿਆਣੇ ਦੇ ਚੋਣਵੇਂ ਵਰਗਾਂ ਦੇ ਲੋਕ ਹੀ ਨਹੀਂ ਬਣੇ ਸਗੋਂ ਪੰਜਾਬ ਅਤੇ ਭਾਰਤ ਦੇ ਹੋਰਨਾ ਸੂਬਿਆਂ ਅਤੇ ਬਾਹਰਲੇ ਮੁਲਕਾਂ ਦੇ ਉਹ ਭਾਰਤੀ ਵੀ ਬਣੇ ਜਿਹੜੇਜੋ ਭਾਰਤ ਨੰਬਰ ਇੱਕ ਨੈਸ਼ਨਲ ਹਾਈਵੇ ਰਾਹੀਂ ਮੁਲਕ ਦੀ ਰਾਜਧਾਨੀ ਦਿੱਲੀ ਵੱਲ ਜਾ ਰਹੇ ਸਨ ਜਾਂ ਦਿੱਲੀ ਤੋਂ ਵਾਪਸ ਆ ਰਹੇ ਸਨ ।ਇਸ ਲਈ ਇਹ ਮਾਮਲਾ ਸਿਰਫ਼ ਹਰਿਆਣੇ ਦਾ ਨਹੀਂ ਮੁਲਕ ਭਰ ਚਿੰਤਾ ਅਤੇ ਫ਼ਿਕਰਮੰਦੀ ਦਾ ਹੈ ।
ਸਵਾਲ ਇਹ ਹੈ ਕਿ ਇੰਨੇ ਵੱਡੇ ਪੱਧਰ ਤੇ ਜਾਂ-ਮਾਲ ਦੀ ਤਬਾਹੀ ਹੋਣ ਦੇ ਬਾਵਜੂਦ ਸਾਡੇ ਮੁਲਕ ਦੇ ਬੀ ਜੇ ਪੀ ਅਤੇ ਐਨ ਡੀ ਏ ਸਰਕਾਰ ਕਿਓਂ ਚੁੱਪ ਹੈ ?
ਹਰ ਛੋਟੀ -ਛੋਟੀ ਗੱਲ ਤੇ ਟਵੀਟ ਕਰਨ ਵਾਲੇ ਸਾਡੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਦੀ ਜ਼ਬਾਨ ਅਤੇ ਉਂਗਲਾਂ ਕਿਓਂ ਰੁਕ ਗਈਆਂ ਨੇ ?
ਬੇਟੀ ਬਚਾਓ ਅਤੇ ਬੇਟੀ ਪੜ੍ਹਾਓ ਲਈ ਵੱਡੇ- ਵੱਡੇ ਐਲਾਨ ਅਤੇ ਦਾਅਵੇ ਕਰਨ ਵਾਲੇ ਮੋਦੀ ਜੀ ਦੇਸ਼-ਵਿਦੇਸ਼ ਦੀਆਂ ਧੀਆਂ , ਭੈਣਾਂ , ਪਤਨੀਆਂ ਅਤੇ ਮਾਵਾਂ ਦੀਆਂ ਇੱਜ਼ਤਾਂ ਲੁੱਟੇ ਜਾਣ ਤੇ ਕਿਓਂ ਪੱਥਰ ਦੇ ਬੁੱਤ ਬਣ ਗਏ ਨੇ ?ਔਰਤਾਂ ਦੀ ਬੇਹੁਰਮਤੀ ਦੀਆਂ ਇੰਨੀਆਂ ਮੀਡੀਆ ਰਿਪੋਰਟਾਂ ਦੇ ਬਾਵਜੂਦ ਵੀ ਮੋਢੀ ਸਰਕਾਰ ਨੇ ਕੋਈ ਪੜਤਾਲ ਤਕ ਦਾ ਐਲਾਨ ਵੀ ਕਿਓਂ ਹੈਂ ਕੀਤਾ ?

ਤੇ ਹੁਣ ਆਈਏ , ਬੀ ਜੇ ਪੀ ਦੇ ਭਾਈਵਾਲ ਬਣੇ ਸ਼ਰੋਮਣੀ ਅਕਾਲੀ ਦਲ ਅਤੇ ਨੇਤਾਵਾਂ ਵੱਲ -ਪੰਜਾਬ ਦੀ ਬਾਦਲ ਸਰਕਾਰ ਅਤੇ ਖ਼ਾਸ ਕਰਕੇ ਅਕਾਲੀ ਲੀਡਰਸ਼ਿਪ ਹਰਿਆਣੇ ਵਿੱਚ ਵਾਪਰੇ ਅਣਮਨੁੱਖੀ ਘਟਨਾਕ੍ਰਮ ਤੇ ਜ਼ਬਾਨ ਕਿਓਂ ਸੀਤੀ ਬੈਠੇ ਨੇ ?
ਹਰ ਵੇਲੇ ਸਿੱਖਾਂ ਅਤੇ ਪੰਜਾਬੀਆਂ ਅਤੇ ਦੁਨੀਆਂ ਦੇ ਦੇ ਹੋਰਨਾ ਲੋਕਾਂ ਦੇ ਖ਼ਿਲਾਫ਼ ਜ਼ੁਲਮ ਦੇ ਖ਼ਿਲਾਫ਼ ਲੜਨ ਦਾ ਦਾਅਵਾ ਕਰਨ ਵਾਲੇ ਅਕਾਲੀ ਲੀਡਰਸ਼ਿਪ ਨੂੰ ਹਰਿਆਣੇ ਵਿੱਚ ਹੋਈ ਬੁਰਛਾ ਗਰਦੀ ਨਜ਼ਰ ਕਿਓਂ ਨਹੀਂ ਆਈ ? ਇੰਨੇ ਦਿਨ ਬੀਤ ਜਾਣ ਦੇ ਬਾਅਦ ਵੀ ਪੰਜਾਬ ਦੇ ਕਿਸੇ ਅਕਾਲੀ ਨੇਤਾ ਦੀ ਚੱਜ ਨਾਲ ਜ਼ਬਾਨ ਕਿਓਂ ਨਹੀਂ ਖੁੱਲ੍ਹੀ ?
ਹਰਿਆਣੇ ਦੇ ਗੁਰਦਵਾਰਿਆਂ ਤੇ ਕਬਜ਼ਾ ਕਾਇਮ ਰੱਖਣ ਲਈ ਹਰ ਹਰਬਾ ਵਰਤਣ ਦਾ ਯਤਨ ਕਰਨ ਵਾਲੇ ਅਤੇ ਹਰਿਆਣੇ ਵਿੱਚ ਅਕਾਲੀ ਦਲ ਦੇ ਯੂਨਿਟ ਸਰਗਰਮ ਰੱਖਣ ਦਾ ਯਤਨ ਕਰਨ ਵਾਲੇ ਅਕਾਲੀ ਲੀਡਰ ਹਨ ਗੂੰਗੇ ਕਿਓਂ ਬਣ ਗਏ ਨੇ ?
ਕੀ ਪੰਜਾਬ ਦੇ ਅਕਾਲੀ ਬੀ ਜੇ ਪੀ ਨੇਤਾਵਾਂ ਨੂੰ ਇਹ ਨਹੀਂ ਪਤਾ ਕਿ ਜਾਟ ਰਾਖਵੇਂ ਕਰਨ ਅੰਦੋਲਨ ਦੀ ਆੜ ਹੇਠ ਹੋਈ ਹਿੰਸਾ ਦਾ ਸ਼ਿਕਾਰ ਹਰਿਆਣੇ ਅਤੇ ਬਾਹਰਲੇ ਸੂਬਿਆਂ ਦੇ ਗ਼ੈਰ -ਜਾਟ ਲੋਕਾਂ ਅਤੇ ਖ਼ਾਸ ਕਰਕੇ ਪੰਜਾਬੀਆਂ ਨੂੰ ਹੀ ਬਣਾਇਆ ਗਿਆ ਜਿਨ੍ਹਾਂ ਵਿਚ ਸਿੱਖ ਵੀ ਸ਼ਾਮਲ ਸਨ ?
ਕੀ ਅਕਾਲੀ ਨੇਤਾ ਇਸ ਕਰਕੇ ਚੁਪ ਹਨ ਕਿ ਹਰਿਆਣੇ ਵਿੱਚ ਉਨ੍ਹਾ ਦੀ ਭਾਈਵਾਲ ਬੀ ਜੇ ਪੀ ਸਰਕਾਰ ਹੈ ? 27 ਫ਼ਰਵਰੀ ਦੀ ਅੱਧੀ ਰਾਤ ਨੂੰ ਇਹ ਸਤਰਾਂ ਲਿਖੇ ਜਾਣ ਤੱਕ ਤਾਂ ਇਸ ਚੁੱਪ ਦੇ ਟੁੱਟਣ ਦੀ ਕੋਈ ਖ਼ਬਰ ਨਸ਼ਰ ਨਹੀਂ ਸੀ ਹੋਈ ।ਅਕਾਲੀ ਨੇਤਾਵਾਂ ਦੀ ਚੁੱਪ ਦਾ ਮਾਮਲਾ ਮੇਰੇ ਇੱਕ ਪੱਤਰਕਾਰ ਸਾਥੀ ਗੁਰਪ੍ਰੀਤ ਮੰਡਿਆਣੀ ਨੇ ਵੀ ਉਠਾਇਆ ਹੈ ।

ਤੇ ਇਹ ਸਵਾਲ ਵੀ ਤਿੱਖੇ ਕੰਢੇ ਵਾਂਗ ਵਿਣੁ ਰਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸਰਦਾਰ ਅਰਵਿੰਦ ਕੇਜਰੀਵਾਲ ਹਰਿਆਣੇ ਦੇ ਉੱਤੋਂ ਦੀ ਹਵਾਈ ਉਡਾਰੀ ਮਾਰ ਕੇ ਪੰਜਾਬ ਵਿਚ ਆ ਉੱਤਰੇ ਨੇ, ਪੰਜਾਬ ਦੇ ਖ਼ੁਦਕੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਦਾ ਦੁੱਖ ਦਰਦ -ਵੰਡਾ ਰਹੇ ਨੇ , ਪਰ ਉਨ੍ਹਾ ਨੂੰ ਉਸ ਹਰਿਆਣੇ ਵਿੱਚ ਵਾਪਰੇ ਕੇਹਿਰ ਦੇ ਸ਼ਿਕਾਰ ਲੋਕਾਂ ਦੀ ਸਾਰ ਲੈਣ ਦਾ ਵਕਤ ਨਹੀਂ ?
ਪੰਜਾਬ ਦੇ ਕੁਝ ਪੀੜਿਤ ਪਰਿਵਾਰਾਂ ਨੂੰ ਚੈੱਕ ਵੰਡੇ ਅਤੇ ਨੌਕਰੀਆਂ ਦੇ ਭਰੋਸੇ ਦੇ ਰਹੇ ਨੇ ਪਰ ਹਰਿਆਣੇ ਵਿੱਚ ਵਿੱਚ ਹੋਇਆ ਮਨੁੱਖੀ ਘਾਣ ਉਨ੍ਹਾ ਨੂੰ ਨਜ਼ਰ ਨਹੀਂ ਆ ਰਿਹਾ। ਕਿਓਂ ?
ਇਸ ਤੋਂ ਪਹਿਲਾਂ ਵੀ ਜਦੋਂ ਉਹ ਪਠਾਨਕੋਟ ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਆਏ ਸਨ ਤਾਂ ਸਿਰਫ਼ ਉਨ੍ਹਾ ਸ਼ਹੀਦਾਂ ਦੇ ਘਰ ਗਏ ਸਨ ਅਤੇ ਨਕਦੀ ਸਹਾਇਤਾ ਦਿੱਤੀ ਸੀ ਜਿਹੜੇ ਪੰਜਾਬ ਦੇ ਸਨ । ਹਰਿਆਣੇ ਦੇ ਅੰਬਾਲਾ ਵਾਸੀ ਸ਼ਹੀਦ ਨੂੰ ਉਨ੍ਹਾ ਭੁਲਾ ਦਿੱਤਾ ਸੀ ।
ਇਸ ਤੋਂ ਇਹ ਸਵਾਲ ਉੱਠਣੇ ਲਾਜ਼ਮੀ ਨੇ ਕੀ ਉਹ ਸਿਰਫ਼ ਵੋਟ-ਨੀਤੀ ਲਈ ਅਜਿਹਾ ਇਸ ਲਈ ਕਰ ਰਹੇ ਨੇ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾ ਨੇੜੇ ਹਨ ?
ਚੰਗੀ ਗੱਲ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜੀ ਟੀ ਰੋਡ ਤੇ ਇੱਜ਼ਤਾਂ ਲੁੱਟਣ ਦੀਆਂ ਖ਼ਬਰਾਂ ਦਾ ਖ਼ੁਦ ਹੀ ਨੋਟਿਸ ਲੈਕੇ ਸੁਣਵਾਈ ਸ਼ੁਰੂ ਕੀਤੀ ਹੈ ਪਰ ਮੈਨੂੰ ਲਗਦਾ ਹੈ ਕਿ ਇਹ ਮਾਮਲਾ ਇੰਨਾ ਸੰਗੀਨ ਹੈ ਕਿ ਹਾਈ ਕੋਰਟ ਜਾਂ ਸੁਪਰੀਮ ਕੋਰਟ ਨੂੰ ਖ਼ੁਦ ਇਸ ਮਾਮਲੇ ਦੀ ਜਾਂਚ ਦੇ ਹੁਕਮ ਦੇਕੇ ਆਪਣੀ ਨਿਗਰਾਨੀ ਇਹ ਜਾਂਚ ਕਰਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਧਿਰ ਦਾ ਕੋਈ ਦਬਾਅ , ਅਸਲੀਅਤ ਨੂੰ ਦਬਾਉਣ ਵਿਚ ਸਫਲ ਨਾ ਹੋ ਸਕੇ ।ਮਾਨਵੀ ਕਦਰਾਂ ਕੀਮਤਾਂ ਨੂੰ ਪੈਰਾਂ ਵਿਚ ਰੋਲਣ ਵਾਲੇ ਦੋਸ਼ੀ ਸਾਹਮਣੇ ਵੀ ਆਉਣੇ ਲਾਜ਼ਮੀ ਨੇ ਅਤੇ ਸਖ਼ਤ ਤੋਂ ਸਖ਼ਤ ਸਜ਼ਾ ਦੇ ਭਾਗੀ ਵੀ ਨੇ ।

Install Punjabi Akhbar App

Install
×