
(ਦ ਏਜ ਮੁਤਾਬਿਕ) ਟੈਨਿਸ ਆਸਟ੍ਰੇਲੀਆ ਮੁਖੀ ਕ੍ਰੇਗ ਟਿਲੇ ਨੇ ਕਿਹਾ ਕਿ ਬੇਸ਼ੱਕ 72 ਅਥਲੀਟਾਂ ਨੂੰ ਬੜੇ ਸਖ਼ਤ 14 ਦਿਨਾਂ ਦੇ ਕੁਆਰਨਟੀਨ ਵਿੱਚੋਂ ਗੁਜ਼ਰਨਾ ਪਿਆ ਪਰੰਤੂ ਹੁਣ ਇਨ੍ਹਾਂ ਖਿਡਾਰੀਆਂ ਨੂੰ ਪਹਿਲ ਦੇ ਆਧਾਰ ਤੇ ਉਨ੍ਹਾਂ ਦੀ ਟ੍ਰੇਨਿੰਗ ਦੇ ਨਵੇਂ ਸ਼ਡਿਊਲ ਦਿੱਤੇ ਜਾ ਰਹੇ ਹਨ ਅਤੇ ਇਸ ਨਾਲ ਆਸਟ੍ਰੇਲੀਆਈ ਓਪਨ ਚੈਂਪਿਅਨਸ਼ਿਪ ਦੀ ਗਰਿਮਾ ਉਪਰ ਕੋਈ ਵੀ ਮਾੜਾ ਪ੍ਰਭਾਵ ਨਹੀਂ ਪਵੇਗਾ ਅਤੇ ਨਾ ਹੀ ਖਿਡਾਰੀਆਂ ਦੀ ਸੋਚ ਜਾਂ ਖੇਡਣ ਦੇ ਤਰੀਕਿਆਂ ਜਾਂ ਭਾਵਨਾਵਾਂ ਵਿੱਚ ਹੀ ਕੋਈ ਫ਼ਰਕ ਪਵੇਗਾ। ਉਨ੍ਹਾਂ ਕਿਹਾ ਕਿ ਸੱਚ ਇਹ ਵੀ ਹੈ ਕਿ ਅਸੀਂ ਸਾਰਿਆਂ ਨੇ ਹੀ ਇਸ ਸਥਿਤੀ ਦਾ ਜਾਇਜ਼ਾ ਲੈਣ ਸਮੇਂ ਇਸ ਦੀ ਮਹੱਤਤਾ ਅਤੇ ਪ੍ਰੋੜਤਾ ਵਿੱਚ ਥੋੜ੍ਹੀ ਜਿਹੀ ਅਨੁਮਾਨਿਤ ਘਾਟ ਰਹੀ ਹੈ ਪਰੰਤੂ ਫੇਰ ਵੀ ਬੀਤੇ ਕੁੱਝ ਹਫ਼ਤਿਆਂ ਅੰਦਰ ਇਸ ਨੂੰ ਸਹੀ ਤਰ੍ਹਾਂ ਲਾਮਬੱਧ ਕਰ ਲਿਆ ਗਿਆ ਹੈ। ਹਰ ਕਿਸੇ ਦੇ ਮਨ ਵਿੱਚ ਇੱਕ ਵਾਰੀ ਤਾਂ ਇਹੋ ਗੱਲ ਆ ਗਈ ਸੀ ਕਿ ਆਉਣ ਵਾਲੇ ਦਿਨਾਂ ਵਿੱਚ, ਕੀ ਇਹ ਚੈਂਪਿਅਨਸ਼ਿਪ ਆਪਣਾ ਪਹਿਲਾਂ ਵਰਗਾ ਪ੍ਰਭਾਵ ਦਿਖਾ ਸਕੇਗੀ ਕਿ ਨਹੀਂ….? ਪਰੰਤੂ ਹੁਣ ਇਹ ਸਾਫ ਹੋ ਗਿਆ ਹੈ ਕਿ ਖਿਡਾਰੀ ਬਿਲਕੁਲ ਆਪਣੀ ਖੇਡ ਵਾਲੀ ਭਾਵਨਾ ਅਤੇ ਪੂਰਨ ਉਤਸਾਹ ਵਿੱਚ ਹੀ ਇਸ ਖੇਡ ਦਾ ਪ੍ਰਦਰਸ਼ਨ ਕਰਨਗੇ ਅਤੇ ਖੇਡ ਪ੍ਰੇਮੀਆਂ ਦਾ ਭਰਪੂਰ ਮਨੋਰੰਜਨ ਵੀ ਪਹਿਲਾਂ ਵਾਂਗ ਹੀ ਹੋਵੇਗਾ। ਖਿਡਾਰੀਆਂ ਨੂੰ 14 ਦਿਨਾਂ ਦੇ ਕੁਆਰਨਟੀਨ ਦੌਰਾਨ ਦੋ ਘੰਟਿਆਂ ਦੀ ਪ੍ਰੈਕਟਿਸ ਦੀ ਸੁਵਿਧਾ ਵੀ ਉਪਲਭਧ ਕਰਵਾਈ ਗਈ ਹੈ ਅਤੇ ਜਦੋਂ ਉਨ੍ਹਾਂ ਦਾ ਕੁਆਰਨਟੀਨ ਸਮਾਂ ਖ਼ਤਮ ਹੁੰਦਾ ਹੈ ਤਾਂ ਚੈਂਪਿਅਨਸ਼ਿਪ ਲਈ ਫੇਰ ਵੀ 9 ਦਿਨਾਂ ਦਾ ਵਕਫ਼ਾ ਰੱਖਿਆ ਗਿਆ ਹੈ ਤਾਂ ਜੋ ਖਿਡਾਰੀ ਮਾਨਸਿਕ ਤੌਰ ਤੇ ਪੂਰਨ ਸੰਤੁਲਿਤ ਹੋ ਸਕਣ।