ਕੇਂਦਰ ਵਲੋਂ ਟਿਕ ਟਾਕ ਸਮੇਤ 59 ਚੀਨੀ ਮੋਬਾਈਲ ਐਪਾਂ ‘ਤੇ ਪਾਬੰਦੀ

ਨਵੀਂ ਦਿੱਲੀ, 29 ਜੂਨ (ਏਜੰਸੀ)-ਸਰਕਾਰ ਨੇ ਚੀਨ ਦੇ ਪ੍ਰਸਿੱਧ ਟਿਕ ਟਾਕ, ਯੂ ਸੀ ਬ੍ਰਾਊਜ਼ਰ, ਸ਼ੇਅਰ ਇਟ ਸਮੇਤ 59 ਮੋਬਾਈਲ ਐਪਾਂ ‘ਤੇ ਪਾਬੰਦੀ ਲਾ ਦਿੱਤੀ ਹੈ। ਸਰਕਾਰ ਨੇ ਇਨ੍ਹਾਂ ਨੂੰ ਦੇਸ਼ ਦੀ ਪ੍ਰਭੂਸੱਤਾ, ਅਖੰਡਤਾ ਅਤੇ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ ਹੈ। ਪਾਬੰਦੀ, ਜਿਹੜੀ ਲੱਦਾਖ਼ ‘ਚ ਅਸਲ ਕੰਟਰੋਲ ਰੇਖਾ ‘ਤੇ ਚੀਨੀ ਸੈਨਿਕਾਂ ਨਾਲ ਹੋਏ ਤਣਾਅ ਦੀ ਪਿੱਠ-ਭੂਮੀ ‘ਚ ਲਾਈ ਗਈ ਹੈ, ਵਿਚ ਵੀਚੈਟ ਅਤੇ ਬੀਗੋ ਲਾਈਵ ਵੀ ਸ਼ਾਮਿਲ ਹਨ। ਬੰਦ ਕੀਤੀਆਂ ਗਈਆਂ ਐਪਾਂ ਦੀ ਸੂਚੀ ‘ਚ ਹੈਲੋ, ਲਾਈਕੀ, ਕੈਮ ਸਕੈਨਰ, ਵੀਗੋ ਵੀਡੀਓ, ਮੀ ਵੀਡੀਓ ਕਾਲ-ਸ਼ਿਆਓਮੀ, ਕਲੈਸ਼ ਆਫ਼ ਕਿੰਗਸ ਦੇ ਨਾਲ ਕਲੱਬ ਫ਼ੈਕਟਰੀ ਸ਼ਾਮਿਲ ਹਨ। ਇਹ ਚੀਨੀ ਤਕਨੀਕੀ ਕੰਪਨੀਆਂ ਖ਼ਿਲਾਫ਼ ਸਭ ਤੋਂ ਵੱਡੀ ਕਾਰਵਾਈ ਹੈ। ਸੂਚਨਾ ਤਕਨੀਕੀ ਮੰਤਰਾਲੇ ਨੇ ਇਕ ਅਧਿਕਾਰਤ ਬਿਆਨ ‘ਚ ਕਿਹਾ ਕਿ ਮੰਤਰਾਲੇ ਨੂੰ ਵੱਖ-ਵੱਖ ਸੂਤਰਾਂ ਤੋਂ ਕਈ ਸ਼ਿਕਾਇਤਾਂ ਮਿਲੀਆਂ ਹਨ। ਜਿਨ੍ਹਾਂ ‘ਚ ਕਿਹਾ ਗਿਆ ਹੈ ਕਿ ਐਂਡਰਾਇਡ ਅਤੇ ਆਈ. ਓ. ਐਸ. ‘ਤੇ ਉਪਲਬਧ ਇਹ ਚੀਨੀ ਐਪਾਂ ਬਿਨਾਂ ਉਭਯੋਗਕਰਤਾਵਾਂ ਦੀ ਜਾਣਕਾਰੀ ਦੇ ਉਨ੍ਹਾਂ ਦਾ ਡਾਟਾ ਚੋਰੀ ਕਰਦੇ ਹਨ ਅਤੇ ਦੁਰਵਰਤੋਂ ਕਰਦੇ ਹਨ। ਨਾਲ ਹੀ ਉਨ੍ਹਾਂ ਦੇ ਡਾਟਾ ਨੂੰ ਅਣਅਧਿਕਾਰਤ ਤਰੀਕੇ ਨਾਲ ਉਨ੍ਹਾਂ ਸਰਵਰਾਂ ‘ਤੇ ਭੇਜ ਰਹੇ ਹਨ, ਜੋ ਭਾਰਤ ਦੇ ਬਾਹਰ ਸਥਿਤ ਹਨ। ਬਿਆਨ ‘ਚ ਕਿਹਾ ਗਿਆ ਹੈ ਕਿ ਭਾਰਤ ਦੀ ਰਾਸ਼ਟਰੀ ਸੁਰੱਖਿਆ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਤੱਤਾਂ ਵਲੋਂ ਇਨ੍ਹਾਂ ਅੰਕੜਿਆਂ ਦਾ ਸੰਕਲਨ, ਇਸ ਦੀ ਜਾਂਚ ਪੜਤਾਲ ਅਤੇ ਪ੍ਰਾਫਾਈਲਿੰਗ, ਜੋ ਕਿ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ‘ਤੇ ਹਮਲਾ ਹੈ, ਇਹ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ, ਜਿਨ੍ਹਾਂ ਲਈ ਐਮਰਜੈਂਸੀ ਉਪਾਅ ਕਰਨ ਦੀ ਜ਼ਰੂਰਤ ਹੈ। ਮੰਤਰਾਲੇ ਨੇ ਕਿਹਾ ਕਿ 130 ਕਰੋੜ ਭਾਰਤੀਆਂ ਦੇ ਡਾਟਾ ‘ਤੇ ਖ਼ਤਰਾ ਮੰਡਰਾ ਰਿਹਾ ਸੀ, ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਮੰਤਰਾਲੇ ਨੇ ਕਿਹਾ ਕਿ ਉਸ ਨੇ ਸੂਚਨਾ ਤਕਨੀਕੀ ਕਾਨੂੰਨ ਦੀ ਧਾਰਾ 69ਏ ਤਹਿਤ ਇਨ੍ਹਾਂ 59 ਚੀਨੀ ਮੋਬਾਈਲ ਐਪਾਂ ‘ਤੇ ਪਾਬੰਦੀ ਲਾਈ ਹੈ। ਮੰਤਰਾਲੇ ਨੇ ਇਕ ਨੋਟਿਸ ‘ਚ ਕਿਹਾ ਕਿ ਇਹ 59 ਐਪਾਂ ਉਨ੍ਹਾਂ ਸਰਗਰਮੀਆਂ ‘ਚ ਲੱਗੀਆਂ ਹਨ, ਜੋ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਸੁਰੱਖਿਆ, ਰਾਜ ਦੀ ਸੁਰੱਖਿਆ ਅਤੇ ਜਨਤਕ ਵਿਵਸਥਾ ਲਈ ਖ਼ਤਰਾ ਹਨ। ਅਜਿਹੇ ‘ਚ ਸਰਕਾਰ ਨੇ ਇਨ੍ਹਾਂ ‘ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਭਾਰਤੀ ਸਾਈਬਰ ਅਪਰਾਧ ਤਾਲਮੇਲ ਕੇਂਦਰ, ਗ੍ਰਹਿ ਮੰਤਰਾਲੇ ਨੇ ਵੀ ਇਨ੍ਹਾਂ ਐਪਾਂ ਨੂੰ ਬੰਦ ਕਰਨ ਲਈ ਸਿਫ਼ਾਰਿਸ਼ਾਂ ਭੇਜੀਆਂ ਹਨ। ਇਸੇ ਤਰਾਂ ਸੰਸਦ ਦੇ ਅੰਦਰ ਅਤੇ ਬਾਹਰ ਵੱਖ-ਵੱਖ ਜਨ ਪ੍ਰਤੀਨਿਧੀਆਂ ਨੇ ਵੀ ਚਿੰਤਾ ਪ੍ਰਗਟ ਕੀਤੀ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਭਰੋਸੇਯੋਗ ਸੂਚਨਾਵਾਂ ਕਿ ਅਜਿਹੀਆਂ ਐਪਾਂ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ ਲਈ ਖ਼ਤਰਾ ਹਨ, ਦੇ ਆਧਾਰ ‘ਤੇ ਭਾਰਤ ਸਰਕਾਰ ਨੇ ਕੁੱਝ ਐਪਾਂ, ਜੋ ਕਿ ਮੋਬਾਈਲ ਅਤੇ ਬਿਨਾਂ ਮੋਬਾਈਲ ਤੋਂ ਵਰਤੀਆਂ ਜਾਂਦੀਆਂ ਹਨ, ਦੀ ਵਰਤੋਂ ਨੂੰ ਰੋਕਣ ਦਾ ਫ਼ੈਸਲਾ ਕੀਤਾ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਇਹ ਕਦਮ ਕਰੋੜਾਂ ਭਾਰਤੀ ਮੋਬਾਈਲ ਅਤੇ ਇੰਟਰਨੈੱਟ ਵਰਤਣ ਵਾਲਿਆਂ ਦੇ ਹਿਤਾਂ ਦੀ ਰਾਖੀ ਕਰੇਗਾ। ਇਹ ਫ਼ੈਸਲਾ ਭਾਰਤੀ ਸਾਈਬਰ ਸਪੇਸ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਨੂੰ ਯਕੀਨੀ ਬਣਾਉਣ ਲਈ ਮਿੱਥਿਆ ਕਦਮ ਹੈ। ਸਬੰਧਿਤ ਕੰਪਨੀਆਂ ਦੀਆਂ ਟਿੱਪਣੀਆਂ ਤੁਰੰਤ ਨਹੀਂ ਮਿਲ ਸਕੀਆਂ। 2015-19 ਦੌਰਾਨ ਅਲੀਬਾਬਾ, ਟੈਂਨਸੈਂਟ, ਟੀ ਆਰ ਕੈਪੀਟਲ ਅਤੇ ਹਿਲਹਾਊਸ ਕੈਪੀਟਲ ਨੇ 5.5 ਅਰਬ ਡਾਲਰ ਤੋਂ ਜ਼ਿਆਦਾ ਭਾਰਤੀ ਸਟਾਰਟਅਪਸ ਵਿਚ ਨਿਵੇਸ਼ ਕੀਤਾ ਹੈ।
ਇਨ੍ਹਾਂ ‘ਤੇ ਲਾਈ ਪਾਬੰਦੀ – ਟਿਕ ਟਾਕ, ਸ਼ੇਅਰ ਇਟ, ਕੇਵਾਈ, ਯੂਸੀ ਬ੍ਰਾਊਜ਼ਰ, ਬਾਇਡੂ ਮੈਪ, ਸ਼ੀਇਨ, ਕਲੈਸ਼ ਆਫ਼ ਕਿੰਗਜ਼, ਡੀਯੂ ਬੈਟਰੀ ਸੇਵਰ, ਹੈਲੋ, ਲਾਈਕੀ, ਯੂਕੈਮ ਮੇਕਅਪ, ਐਮਆਈ. ਕਮਿਊਨਿਟੀ, ਸੀਐਮ. ਬ੍ਰਾਊਜ਼ਰ, ਵਾਇਰਸ ਕਲੀਨਰ, ਏਪੀਯੂਐਸ ਬ੍ਰਾਊਜ਼ਰ, ਰੋਮਵੀ, ਕਲੱਬ ਫੈਕਟਰੀ, ਨਿਊਜ਼ਡਾਗ, ਬੈਟਰੀ ਪਲੱਸ, ਵੀਚੈਟ, ਯੂਸੀ ਨਿਊਜ਼, ਕਿਊਕਿਊ ਮੇਲ, ਵੀਬੋ, ਜ਼ੈਂਡਰ, ਕਿਊਕਿਊ ਮਿਊਜ਼ਿਕ, ਕਿਊਕਿਊ ਨਿਊਜ਼ਫੀਡ, ਵਿਗੋ ਲਾਈਵ, ਸੈਲਫੀਸਿਟੀ, ਮੇਲ ਮਾਸਟਰ, ਪੈਰਾਲਿਲ ਸਪੇਸ, ਐਮਆਈ ਵੀਡੀਓ ਕਾਲ-ਸ਼ਾਉਮੀ, ਵੀਸੈਨਕ, ਈਐਸ ਫਾਈਲ ਐਕਸਪਲ੍ਰੋਰ, ਵੀਵਾ ਵੀਡੀਓ-ਕਿਊਯੂ ਵੀਡੀਓ ਇੰਕ, ਮੀਟੂ, ਵਿਗੋ ਵੀਡੀਓ, ਨਿਊ ਵੀਡੀਓ ਸਟੇਟਸ, ਡੀ.ਯੂ. ਰਿਕਾਰਡਰ, ਵੈਲਟ-ਹਾਈਡ, ਕੈਸ਼ ਕਲੀਨਰ ਡੀਯੂ ਐਪ ਸਟੂਡੀਓ, ਡੀਯੂ ਕਲੀਨਰ, ਡੀਯੂ ਬ੍ਰਾਊਜ਼ਰ, ਹੈਗੋ ਪਲੇਅ ਵਿਦ ਨਿਊ ਫ੍ਰੈਂਡਜ਼, ਕੈਮ ਸਕੈਨਰ, ਕਲੀਨ ਮਾਸਟਰ-ਚੀਤਾ ਮੋਬਾਈਲ, ਵੰਡਰ ਕੈਮਰਾ, ਫੋਟੋ ਵੰਡਰ, ਕਿਊਕਿਊ ਪਲੇਅਰ, ਵੀ ਮੀਟ, ਸਵੀਟ ਸੈਲਫੀ, ਬਾਇਡੂ ਟ੍ਰਾਂਸਲੇਟ, ਵੀਮੇਟ, ਕਿਊਕਿਊ ਇੰਟਰਨੈਸ਼ਨਲ, ਕਿਊਕਿਊ ਸਕਿਉਰਟੀ ਸੈਂਟਰ, ਕਿਊਕਿਊ ਲਾਂਚਰ, ਯੂ ਵੀਡੀਓ, ਵੀ ਫਲਾਈ ਸਟੇਟਸ ਵੀਡੀਓ, ਮੋਬਾਈਲ ਲੈਂਜਡਸ, ਡੀਯੂ ਪ੍ਰਾਈਵੇਸੀ।

ਧੰਨਵਾਦ ਸਹਿਤ (ਅਜੀਤ)