ਨਿਊਜ਼ਲੈਂਡ ਦੀ ਪਾਰਲੀਮੈਂਟ ਵਿੱਚ ‘ਟਾਈ’ ਪਾਉਣ ਦਾ ਨਿਯਮ ਰੱਦ -ਰਾਵਿਰੀ ਵੈਤਾਤੀ ਬਣਿਆ ਕਾਰਨ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਨਿਊਜ਼ੀਲੈਂਡ ਅੰਦਰ ਮਾਉਰੀ ਜਾਤੀ ਦੇ ਐਮ.ਪੀ. ਰਾਵਿਰੀ ਵੈਤਾਤੀ ਨੂੰ ਪਾਰਲੀਮੈਂਟ ਵਿੱਚ ਟਾਈ ਨਾ ਪਾ ਕੇ ਆਉਣ ਵਿੱਚ ਸਦਨ ਵਿੱਚੋਂ ਬਾਹਰ ਕੱਢ ਦੇਣ ਦੇ ਫੈਸਲੇ ਕਾਰਨ ਹੋਈ ਫਜ਼ੀਹਤ ਤੋਂ ਬਾਅਦ ਹੁਣ ਹਾਊਸ ਦੇ ਸਪੀਕਰ -ਟ੍ਰੈਵਰ ਮੈਲਾਰਡ, ਨੇ ਨਿਊਜ਼ਲੈਂਡ ਦੀ ਪਾਰਲੀਮੈਂਟ ਅੰਦਰ ਪੁਰਸ਼ ਐਮ.ਪੀਆਂ ਨੂੰ, ਪ੍ਰਸ਼ਨ ਕਾਲ ਦੌਰਾਨ ਟਾਈ ਪਾਉਣ ਵਾਲਾ ਨਿਯਮ ਹੀ ਖ਼ਤਮ ਕਰ ਦਿੱਤਾ ਹੈ। ਮਾਉਰੀ ਪਾਰਟੀ ਦੇ ਨੇਤਾ ਰਾਵਿਰੀ ਵੈਤਾਤੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਟਾਈ ਦੀ ਥਾਂ ਤੇ ਆਪਣੇ ਗਲ਼ ਵਿੱਚ ਆਪਣੀ ਜਾਤੀ ਨਾਲ ਸਬੰਧਤ ਹੇਅ-ਟਿਕੀ ਪੈਂਡੇਂਟ ਪਾਇਆ ਹੋਇਆ ਸੀ ਅਤੇ ਇਹੋ ਸਮੇਂ ਦੇ ਹਾਕਮਾਂ ਨੂੰ ਰਾਸ ਨਹੀਂ ਆਇਆ। ਉਨ੍ਹਾਂ ਕਿਹਾ ਕਿ ਇਹ ਮਹਿਜ਼ ਟਾਈ ਵਾਲਾ ਮਾਮਲਾ ਨਹੀਂ ਸੀ ਸਗੋਂ ਆਪਣੀਆਂ ਜਾਤੀਆਂ ਦੇ ਸੂਚਕ ਦੂਸਰੀਆਂ ਜਾਤੀਆਂ ਉਪਰ ਜ਼ਬਰਦਸਤੀ ਥੋਪਣ ਵਾਲਾ ਕੰਮ ਸੀ ਅਤੇ ਨਾ-ਕਾਬਲੇ ਬਰਦਾਸ਼ਤ ਸੀ। ਹਾਊਸ ਦੇ ਸਪੀਕਰ ਟ੍ਰੈਵਰ ਮੈਲਾਰਡ ਨੇ ਕਿਹਾ ਕਿ ਉਹ ਆਪਣੇ ਫੈਸਲੇ ਤੋਂ ਸੰਤੁਸ਼ਟ ਹਨ ਅਤੇ ਵੈਸੇ ਵੀ ਮੈਂਬਰਾਂ ਦੀ ਬਹੁਤਾਤ ਵੀ ਇਹੋ ਚਾਹੁੰਦੀ ਹੈ ਕਿ ਟਾਈ ਪਾਉਣਾ ਤਾਂ ਕੰਮ-ਧੰਦਿਆਂ ਦੀ ਨਿਸ਼ਾਨੀ ਹੈ ਇਸ ਲਈ ਇਸਦਾ ਸਦਨ ਵਿੱਚ ਪ੍ਰਸ਼ਨ ਪੁੱਛਣ ਨਾਲ ਤਾਂ ਕੋਈ ਸੰਬੰਧ ਹੋ ਹੀ ਨਹੀਂ ਸਕਦਾ ਇਸ ਲਈ ਅਸੀਂ ਇਸ ਟਾਈ ਵਾਲੇ ਨਿਯਮ ਨੂੰ ਸਿਰੇ ਤੋਂ ਰੱਦ ਕਰਦੇ ਹਾਂ ਅਤੇ ਸ੍ਰੀ ਵੈਤਾਤੀ ਨੂੰ ਦੋਬਾਰਾ ਤੋਂ ਬਾਇਜ਼ਤ ਸਦਨ ਵਿੱਚ ਆਉਣ ਦੀ ਇਜਾਜ਼ਤ ਦਿੰਦੇ ਹਾਂ, ਉਹ ਹੁਣ ਬਿਨ੍ਹਾਂ ਟਾਈ ਤੋਂ ਸਦਨ ਵਿੱਚ ਆ ਕੇ ਪ੍ਰਸ਼ਨ ਪੁੱਛ ਸਕਦੇ ਹਨ।

Install Punjabi Akhbar App

Install
×