
ਸੜਕ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਨੇ ਇੱਕ ਸਰਵੇਖਣ ਦੀ ਰਿਪੋਰਟ ਜਾਰੀ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਅਜਿਹੇ ਲੋਕ ਜੋ ਕਿ ਨਿਤ-ਪ੍ਰਤੀਦਿਨ ਆਪਣੇ ਕੰਮਾਂ-ਕਾਰਾਂ ਵਾਸਤੇ ਆਵਾਜਾਈ ਦੇ ਜਨਤਕ ਸਾਧਨਾਂ ਦਾ ਇਸਤੇਮਾਲ ਕਰਦੇ ਹਨ, ਨੇ ਅਜਿਹੀਆਂ ਥਾਵਾਂ ਉਪਰ ਸਾਫ-ਸਫ਼ਾਈ, ਆਰਾਮ ਦਾਇਕਤਾ, ਸਹੀ ਬੱਧਤਾ, ਅਨੁਸ਼ਾਸਨ ਅਤੇ ਹੋਰ ਅਜਿਹੀਆਂ ਸਭ ਜ਼ਰੂਰਤਾਂ ਪ੍ਰਤੀ ਆਪਣੀ ਸੰਤੁਸ਼ਟੀ ਜਤਾਈ ਹੈ ਜੋ ਕਿ ਇੱਕ ਆਮ ਇਨਸਾਨ ਨੂੰ ਆਪਣੇ ਹਰ ਰੋਜ਼ ਦੇ ਸਫ਼ਰ ਦੌਰਾਨ ਲੋੜੀਂਦੀ ਹੁੰਦੀ ਹੈ। ਇਸ ਸਰਵੇਖਣ ਦੌਰਾਨ ਸਿਡਨੀ ਫੈਰੀਆਂ ਅਤੇ ਮੈਟਰੋ ਆਦਿ ਲਈ ਤਾਂ ਲੋਕਾਂ ਨੇ 99% ਤੱਕ ਸੰਤੁਸ਼ਟੀ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੌਰਾਨ ਹਾਲਾਂਕਿ ਅਜਿਹੇ ਯਾਤਰੀਆਂ ਦੀ ਗਿਣਤੀ ਕਾਫੀ ਘੱਟ ਰਹੀ ਅਤੇ ਜਨਤਕ ਟ੍ਰਾਂਸਪੋਰਟਾਂ ਉਪਰ ਜ਼ਿਆਦਾਤਕ ਫਰੰਟਲਾਈਨ ਉਪਰ ਕੰਮ ਕਰਦੇ ਵਰਕਰ ਆਦਿ ਹੀ ਸਫ਼ਰ ਕਰਦੇ ਸਨ ਪਰੰਤੂ ਉਸ ਵੇਲੇ ਦੀ ਸਭ ਤੋਂ ਜ਼ਿਆਦਾ ਲੋੜ ਤਾਂ ਸਾਫ਼-ਸਫ਼ਾਈ ਹੀ ਸੀ ਕਿਉਂਕਿ ਫਰੰਟਲਾਈਨ ਦੇ ਵਰਕਰਾਂ ਨੂੰ ਵੀ ਕੋਵਿਡ-19 ਤੋਂ ਬਚਾ ਕੇ ਰੱਖਣਾ ਸਭ ਤੋਂ ਵੱਡੀ ਜ਼ਿੰਮੇਵਾਰੀ ਸੀ ਅਤੇ ਇਸ ਵਾਸਤੇ ਰਾਜ ਸਰਕਾਰ ਦੀ ਸਮੁੱਚੀ ਟੀਮ ਨੇ ਹੀ ਸਹੀਬੱਧ ਤਰੀਕਿਆਂ ਦੇ ਨਾਲ ਕੰਮ ਕੀਤਾ ਅਤੇ ਨਤੀਜਾ ਸਭ ਦੇ ਸਾਹਮਣੇ ਹੈ। ਇਸ ਕੰਮ ਵਾਸਤੇ ਰਾਜ ਅੰਦਰ 1,700 ਤੋਂ ਵੀ ਵੱਧ, ਵਾਧੂ ਸਫਾਈ ਕਰਮਚਾਰੀ ਭਰਤੀ ਕੀਤੇ ਗਏ ਸਨ।
ਗ੍ਰਾਹਕ ਸੰਤੁਸ਼ਟੀ ਦਾ ਇਹ ਸਰਵੇਖਣ ਨਵੰਬਰ 2020 ਵਿੱਚ ਕੀਤਾ ਗਿਆ ਸੀ ਅਤੇ ਇਸ ਵਿੱਚ ਨਵੀਆਂ ਐਲ-2 ਅਤੇ ਐਲ-3 ਲਾਈਟ ਰੇਲ ਮਾਰਗਾਂ ਦਾ ਵੀ ਪਹਿਲੀ ਵਾਰੀ ਇਸਤੇਮਾਲ ਕੀਤਾ ਗਿਆ ਸੀ ਅਤੇ ਇਸ ਵਿੱਚ ਵੀ 96% ਦੀ ਰੇਟਿੰਗ ਪ੍ਰਾਪਤ ਹੋਈ ਹੈ।
ਇਸ ਤੋਂ ਇਲਾਵਾ ਸਿਡਨੀ ਟ੍ਰੇਨਾਂ ਅਤੇ ਇੰਟਰਸਿਟੀ ਟ੍ਰੇਨਾਂ ਆਦਿ ਦੀਆਂ ਸੇਵਾਵਾਂ ਲਈ 94% ਸੰਤੁਸ਼ਟੀ ਜਾਹਿਰ ਕੀਤੀ ਗਈ ਹੈ ਜਿਹੜੀ ਕਿ 2019 ਦੇ ਸਰਵੇਖਣ ਨਾਲੋਂ 4% ਜ਼ਿਆਦਾ ਹੈ ਅਤੇ ਇਸੇ ਤਰਾ੍ਹਂ ਬੱਸ ਆਪ੍ਰੇਟਰਾਂ ਨੂੰ 95% ਦੀ ਸੰਤੁਸ਼ਟੀ ਗ੍ਰਾਹਕਾਂ ਵੱਲੋਂ ਦਿੱਤੀ ਗਈ ਹੈ।