ਆਸਟ੍ਰੇਲੀਆ ਅੰਦਰਲੇ ਤਿੱਬਤੀ ਰਫੂਜੀਆਂ ਦੀਆਂ ਉਮਰਾਂ ਵਿੱਚ ਖਾਸਾ ਫਰਕ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਤਿੱਬਤੀ ਰਫੂਜੀਆਂ ਦਾ ਇੱਕ ਖਾਸ ਗਰੁੱਪ ਜਿਹੜਾ ਕਿ ਸ਼ਰਣਾਰਥੀਆਂ ਦੇ ਤੌਰ ਤੇ ਆਸਟ੍ਰੇਲੀਆ ਅੰਦਰ ਰਹਿ ਰਿਹਾ ਹੈ ਵਿੱਚੋਂ ਕਈਆਂ ਦਾ ਮੰਨਣਾ ਹੈ ਕਿ ਜਿਹੜੀ ਉਮਰ ਉਨ੍ਹਾਂ ਦੀ ਆਸਟ੍ਰੇਲੀਆ ਦੇ ਕਾਗਜ਼ਾਂ ਵਿੱਚ ਦਰਸਾਈ ਗਈ ਹੈ, ਉਹ ਉਸ ਨਾਲੋਂ ਕਿਤੇ ਵੱਡੀ ਉਮਰ ਦੇ ਹਨ ਅਤੇ ਹੁਣ ਉਹ ਸਰਕਾਰ ਕੋਲ ਆਪਣੀ ਇਸ ਗਲਤੀ ਲਈ ਗੁਹਾਰ ਲਗਾਉਣ ਲੱਗੇ ਹਨ। ਉਹ ਦੱਸਦੇ ਹਨ ਕਿ ਅਸਲ ਵਿੱਚ ਜਦੋਂ ਦਾ ਚੀਨ ਦੀਆਂ ਫੌਜਾਂ ਨੇ ਤਿੱਬਤ ਉਪਰ ‘ਕਬਜ਼ਾ’ ਕੀਤਾ ਹੈ ਤਾਂ ਮਨੁੱਖੀ ਅਧਿਕਾਰਾਂ ਵਰਗੀ ਕੋਈ ਗੱਲ ਹੀ ਨਹੀਂ ਰਹੀ ਅਤੇ ਲਗਾਤਾਰ ਤਿੱਬਤੀਆਂ ਦੀ ਜੀਵਨ ਸ਼ੈਲੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ -ਮੋਨੈਸਟਰੀਆਂ ਨੂੰ ਬੰਦ ਕੀਤਾ ਗਿਆ ਹੈ ਅਤੇ ਉਥੇ ਦੇ ਧਾਰਮਿਕ ਆਗੂਆਂ (ਮੌਂਕ) ਨੂੰ ਆਪਣਾ ਧਾਰਮਿਕ ਕਾਰ ਵਿਹਾਰ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਅਤੇ ਉਸ ਵੇਲੇ ਉਨ੍ਹਾਂ ਕੋਲ ਉਥੋਂ ਆਪਣੀ ਉਮਰ ਨੂੰ ਗਲਤ ਦਰਸਾ ਕੇ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਗਿਆ ਸੀ ਅਤੇ ਉਹ ਇਸ ਤਰੀਕੇ ਦੇ ਨਾਲ ਆਸਟ੍ਰੇਲੀਆ ਆ ਗਏ ਅਤੇ ਇੱਥੇ ਦੇ ਕਾਗਜ਼ਾਂ ਅੰਦਰ ਵੀ ਗਲਤ ਉਮਰਾਂ ਹੀ ਦਰਸਾ ਦਿੱਤੀਆਂ ਗਈਆਂ। ਇੱਕ ਪੜਤਾਲੀ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਕਈਆਂ ਦੀ ਉਮਰ ਆਸਟ੍ਰੇਲੀਆ ਮੁਤਾਬਿਕ ਮਹਿਜ਼ 41 ਸਾਲ ਦਰਸਾਈ ਗਈ ਹੈ ਪਰੰਤੂ ਅਸਲ ਵਿੱਚ ਅਜਿਹੇ ਧਾਰਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਸਹੀ ਉਮਰ 61 ਸਾਲਾਂ ਦੀ ਹੈ। ਦੇਖਣ ਵਿੱਚ ਆ ਰਿਹਾ ਹੈ ਕਿ ਬਹੁਤ ਸਾਰੇ ਸ਼ਰਣਾਰਥੀ ਅਜਿਹੇ ਹਨ ਜੋ ਕਿ ਮੰਨਦੇ ਹਨ ਕਿ ਆਸਟ੍ਰੇਲੀਆਈ ਕਾਗਜ਼ਾਂ ਮੁਤਾਬਿਕ ਉਨ੍ਹਾਂ ਦੀ ਜੋ ਉਮਰ ਦਰਸਾਈ ਗਈ ਹੈ ਉਹ ਉਸ ਨਾਲੋਂ ਕਰੀਬ 10 ਜਾਂ ਇੱਥੋਂ ਤੱਕ ਕਿ 20 ਸਾਲ ਵੱਡੀ ਉਮਰ ਦੇ ਹਨ। ਅਜਿਹਾ ਹੀ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ 1951 ਦੇ ਰਫੂਜੀ ਸਮਝੌਤੇ ਵਿੱਚ ਭਾਰਤ ਨੇ ਕਿਸੇ ਕਿਸਮ ਦਾ ਕੋਈ ਸਮਝੌਤਾ ਸਹੀਬੱਧ ਨਹੀਂ ਕੀਤਾ ਅਤੇ ਭਾਰਤ ਅੰਦਰ ਵੀ ਤਿੱਬਤੀ ਰਫੂਜੀਆਂ ਦੀ ਬਹੁਤਾਦ ਹੈ ਅਤੇ ਇਹ ਸੱਭ ਗੈਰਕਾਨੂੰਨੀ ਤੌਰ ਤੇ ਹੀ ਰਹਿ ਰਹੇ ਹਨ ਅਤੇ ਕਿਸੇ ਸਮੇਂ ਵੀ ਇਨ੍ਹਾਂ ਨੂੰ ਭਾਰਤ ਦਾ ਕਾਨੂੰਨ ਦੇਸ਼ ਤੋਂ ਬਾਹਰ ਜਾਣ ਲਈ ਕਹਿ ਸਕਦਾ ਹੈ। ਆਸਟ੍ਰੇਲੀਆ ਅੰਦਰ ਕੁੱਝ ਅਜਿਹੇ ਲੋਕਾਂ ਨੂੰ ਇਮੀਕਾਰਡ (ImmiCard) ਜਾਰੀ ਕੀਤਾ ਵੀ ਹੋਇਆ ਹੈ ਅਤੇ ਵਿਭਾਗ ਦਾ ਕਹਿਣਾ ਹੈ ਕਿ ਉਕਤ ਲੋਕਾਂ ਵੱਲੋਂ ਜੋ ਉਮਰ ਦਰਸਾਈ ਗਈ ਉਹੀ ਉਨ੍ਹਾਂ ਦੇ ਕਾਗਜ਼ਾਂ ਵਿੱਚ ਦਰਜ ਕੀਤੀ ਗਈ ਹੈ ਅਤੇ ਇਸ ਵਾਸਤੇ ਤਾਂ ਪ੍ਰਮਾਣ ਚਾਹੀਦਾ ਹੈ ਕਿ ਉਨ੍ਹਾਂ ਦੀ ਅਸਲ ਉਮਰ ਹੈ ਕੀ…? ਅਤੇ ਸ਼ਰਣਾਰੀਥੀਆਂ ਦਾ ਕਹਿਣਾ ਹੈ ਕਿ ਕਿਉਂਕਿ ਉਹ ਲੁੱਟੇ-ਪੁੱਟੇ ਆਏ ਹਨ ਅਤੇ ਉਨ੍ਹਾਂ ਕੋਲ ਅਜਿਹਾ ਕੋਈ ਪ੍ਰਮਾਣ ਹੈ ਹੀ ਨਹੀਂ…. ਤਾਂ ਅਜਿਹੇ ਕਾਰਨਾਂ ਕਰਕੇ ਸਥਿਤੀ ਹਾਲੇ ਵੀ ਭੇਦਪੂਰਨ ਅਤੇ ਡਾਵਾਂਡੋਲ ਬਣੀ ਹੋਈ ਹੈ।

Install Punjabi Akhbar App

Install
×