ਆਸਟ੍ਰੇਲੀਆ ਵੱਲੋਂ ਕਰੋਨਾਵਾਇਰਸ ਪਾਬੰਦੀਆਂ ਨੂੰ ਘਟਾਉਣ ਲਈ ਤਿੰਨ ਪੜਾਵੀ ਯੋਜਨਾ ਦਾ ਐਲਾਨ

ਇਕੱਠਾਂ ‘ਚ ‘ਸਰੀਰਕ ਦੂਰੀ ਨਿਯਮ’ ਲਾਗੂ ਰਹੇਗਾ

(ਬ੍ਰਿਸਬੇਨ 2 ਜੂਨ) ਇੱਥੇ ਆਸਟ੍ਰੇਲਿਆਈ ਸਰਕਾਰ ਵੱਲੋਂ ਕੋਵਿਡ-19 ਦੀ ਸਥਿੱਤੀ ‘ਚ ਲਗਾਤਾਰ ਹੁੰਦੇ ਸੁਧਾਰ ਨੂੰ ਦੇਖਦਿਆਂ ਸਮੂਹ ਸੂਬਿਆਂ ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ, ਤਸਮਾਨੀਆ ਤੇ ਨਾਰਦਰਨ ਟੈਰੇਟੋਰੀ ਲਈ ਕਰੋਨਾਵਾਇਰਸ ਪਾਬੰਦੀਆਂ ਨੂੰ ਘਟਾਉਣ ਲਈ ਤਿੰਨ ਪੜਾਵੀ ਯੋਜਨਾ ਦਾ ਐਲਾਨ ਕੀਤਾ ਗਿਆ ਹੈ। ਜਿਸ ਅਧੀਨ ਸੂਬਾ ਕੁਈਨਜ਼ਲੈਂਡ ‘ਚ ਇਸ ਜੂਨ ਮਹੀਨੇ ਦੀ ਸ਼ੁਰੂਆਤ ਤੋਂ ਘਰਾਂ ਵਿੱਚ ਪੰਜ ਮਹਿਮਾਨਾਂ ਦੀ ਇਜਾਜਤ ਹੋਵੇਗੀ ਅਤੇ ਘਰ ਜਾਂ ਬਾਹਰ 10 ਲੋਕਾਂ ਦਾ ਇਕੱਠ ਹੋ ਸਕਦਾ ਹੈ। ਵਿਆਹ-ਸ਼ਾਦੀਆਂ ਦੇ ਸਮਾਰੋਹਾਂ ‘ਚ 10 ਲੋਕ ਸ਼ਾਮਿਲ ਹੋ ਸਕਦੇ ਹਨ। ਇਨਡੋਰ ਸੰਸਕਾਰਾਂ ‘ਤੇ 20 ਲੋਕਾ ਅਤੇ ਬਾਹਰੀ ਸੰਸਕਾਰਾਂ ‘ਤੇ 30 ਲੋਕਾਂ ਨੂੰ ਅਨੁਮਤੀ ਹੋਵੇਗੀ। ਮਿਤੀ 12 ਜੂਨ ਤੋਂ ਪਬੰਦੀਆਂ ‘ਚ ਹੋਰ ਢਿੱਲ ਬਾਬਤ 20 ਲੋਕ ਘਰ ਜਾਂ ਬਾਹਰ ਇਕੱਠੇ ਹੋ ਸਕਣਗੇ ਅਤੇ ਵਿਆਹ ਸਮਾਰੋਹਾਂ ‘ਤੇ 20 ਲੋਕਾਂ ਦਾ ਇਕੱਠ ਵੀ ਪਰਵਾਨ ਕੀਤਾ ਜਾਵੇਗਾ। ਫ਼ੌਤ ਸਮਾਗਮਾਂ ਸਮੇਂ 50 ਲੋਕਾਂ ਦੇ ਇਕੱਠ ਨੂੰ ਆਗਿਆ ਹੋਵੇਗੀ। ਕਾਰੋਬਾਰ ਅਤੇ ਮਨੋਰੰਜਨ ਖੇਤਰ ਰੈਸਟੋਰੈਂਟ, ਲਾਇਬ੍ਰੇਰੀ, ਤਲਾਅ ਅਤੇ ਸੁੰਦਰਤਾ ਸੈਲੂਨ ‘ਤੇ 10 ਲੋਕਾਂ ਦੇ ਇਕੱਠ ਦੀ ਹੱਦਬੰਦੀ ਲਾਗੂ ਰਹੇਗੀ। ਜਿੰਮ, ਸਟੇਡੀਅਮ, ਥੀਏਟਰ, ਮਨੋਰੰਜਨ ਪਾਰਕ, ਚਿੜੀਆਘਰ ਅਤੇ ਆਰਕੇਡਸ ਜੂਨ ਅਖੀਰ ਤੋਂ ਸ਼ਰਤਾਂ ਨਾਲ਼ ਖੁੱਲ੍ਹਣਗੇ। ਇਸ ਸਮੇਂ ਆਊਟਬੈਕ ਰੈਸਟੋਰੈਂਟਾਂ ਨੂੰ ਇੱਕੋ ਵੇਲੇ 20 ਗਾਹਕਾਂ ਨੂੰ ਬਿਠਾਉਣ ਦੀ ਆਗਿਆ ਹੋਵੇਗੀ। 12 ਜੂਨ ਤੋਂ ਕਿਸੇ ਵੀ ਸਮੇਂ 20 ਵਿਅਕਤੀਆਂ ਨੂੰ ਰੈਸਟੋਰੈਂਟ, ਕੈਫੇ, ਪੱਬ, ਰਜਿਸਟਰਡ ਅਤੇ ਲਾਇਸੈਂਸਸ਼ੁਦਾ ਕਲੱਬਾਂ, ਆਰਐਸਐਲ ਕਲੱਬਾਂ, ਹੋਟਲਾਂ ਅਤੇ ਕੈਸੀਨੋ ਵਿੱਚ ਖਾਣਾ ਖਾਣ ਦੀ ਇਜ਼ਾਜ਼ਤ ਹੋਵੇਗੀ। ਗਾਹਕਾਂ ਨੂੰ ਆਪਣੇ ਨਿਵਾਸ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ ਪਰ ਕੋਈ ਬਾਰ ਜਾਂ ਗੇਮਿੰਗ ਦੀ ਆਗਿਆ ਨਹੀਂ ਹੋਵੇਗੀ। ਆਉਟਬੈਕ ਨਿਵਾਸੀਆ ਨੂੰ ਆਪਣੇ ਮਨੋਰੰਜਨ ਲਈ ਘਰ ਤੋਂ 150 ਕਿਲੋਮੀਟਰ ਤੱਕ ਯਾਤਰਾ ਦੀ ਆਗਿਆ ਹੋਵੇਗੀ। ਨਾਲ ਹੀ ਕੰਮਾਂ-ਕਾਰਾਂ ਬਾਬਤ ਆਊਟਬੈਕ ਵਸਨੀਕ ਘਰ ਤੋਂ 500 ਕਿਲੋਮੀਟਰ ਤੱਕ ਦੀ ਯਾਤਰਾ ਕਰ ਸਕਣਗੇ। ਬਹੁਤ ਸਾਰੇ ਆਦਿਵਾਸੀ ਭਾਈਚਾਰੇ ਘੱਟੋ ਘੱਟ 18 ਜੂਨ ਤੱਕ ਬੰਦ ਰਹਿਣਗੇ। ਗੌਰਤਲਬ ਹੈ ਕਿ ਸੂਬੇ ਵਿੱਚ 11 ਮਈ ਤੋਂ ਕਿੰਡੀ, ਪ੍ਰੈਪ, ਪਹਿਲੀ, ਗਿਆਹਰਵੀਂ ਅਤੇ ਬਾਹਰਵੀਂ ਦੇ ਵਿਦਿਆਰਥੀ ਆਪਣੇ ਸਕੂਲਾਂ ਜਾਂ ਕਿੰਡਰਗਾਰਟਨਸ ਵਿੱਚ ਵਾਪਸ ਆ ਚੁੱਕੇ ਹਨ। ਨਾਲ ਹੀ ਦੂਜੀ ਤੋਂ ਦੱਸਵੀਂ ਤੱਕ ਦੇ ਵਿਦਿਆਰਥੀ ਘਰਾਂ ਵਿੱਚ ਰਹਿ ਕੇ ਪੜਾਈ ਤੋਂ ਬਾਅਦ 25 ਮਈ ਤੋਂ ਸਕੂਲਾਂ ਵਿੱਚ ਵਾਪਸ ਆ ਗਏ ਹਨ।

ਸੂਬਾ ਵਿਕਟੋਰੀਆ ਵਿੱਚ 1 ਜੂਨ ਤੋਂ ਇਕੱਠਾਂ ਉੱਤੇ ਪਾਬੰਦੀਆਂ ‘ਚ ਢਿੱਲ ਅਧੀਨ ਹੁਣ ਘਰਾਂ ਵਿੱਚ ਮੈਂਬਰਾਂ ਸਮੇਤ ਕਿਸੇ ਵੀ ਸਮੇਂ ਵਿੱਚ 20 ਵਿਅਕਤੀਆਂ ਤੱਕ ਦਾ ਇਕੱਠ ਹੋ ਸਕਦਾ ਹੈ। ਇਸ ਵਿੱਚ ਰੈਸਟੋਰੈਂਟ, ਕੈਫੇ, ਸੁੰਦਰਤਾ ਅਤੇ ਨਹੁੰ ਸੈਲੂਨ, ਸਪਾਜ਼, ਟੈਟੂ ਪਾਰਲਰ, ਪੱਬ, ਗੈਲਰੀਆਂ, ਅਜਾਇਬ ਘਰ, ਲਾਇਬ੍ਰੇਰੀਆਂ, ਨੌਜਵਾਨ ਕੇਂਦਰ ਅਤੇ ਭਾਈਚਾਰਕ ਸਹੂਲਤਾਂ ਵੀ ਸ਼ਾਮਿਲ ਹੋਣਗੇ। 22 ਜੂਨ ਤੋਂ ਅਜਿਹੀਆਂ ਬੰਦ ਥਾਵਾਂ ਵਿੱਚ 50 ਲੋਕਾਂ ਦੇ ਇਕੱਠ ਨੂੰ ਆਗਿਆ ਹੋਵੇਗੀ ਅਤੇ ਜੁਲਾਈ ਦੇ ਦੂਜੇ ਹਿੱਸੇ ਵਿੱਚ ਇਸਨੂੰ ਵਧਾ ਕੇ 100 ਕਰ ਦਿੱਤਾ ਜਾਵੇਗਾ। ਖਾਣ-ਪੀਣ ਦੀਆਂ ਥਾਵਾਂ ਵਿੱਚ ਦੋ ਮੇਜ਼ਾਂ ਦੇ ਵਿਚਕਾਰ 1.5 ਮੀਟਰ ਦਾ ਫ਼ਾਸਲਾ ਰੱਖਣਾ ਅਤੇ ਕੰਟੈਕਟ ਟਰੇਸਿੰਗ ਵਿੱਚ ਸਹਾਇਤਾ ਕਰਨ ਲਈ ਹਰੇਕ ਗਾਹਕ ਦੇ ਸੰਪਰਕ ਵੇਰਵੇ ਲੈਣਾ ਲਾਜ਼ਮੀ ਹੋਵੇਗਾ।ਵਿਕਟੋਰੀਆ ਵਿੱਚ ਯਾਤਰਾ ਉੱਤੇ ਕੋਈ ਪਾਬੰਦੀ ਨਹੀਂ ਹੈ ਪਰ ਘਰ ਤੋਂ ਦੂਰ ਰਾਤ ਹੋਰ ਕਿਧਰੇ ਠਹਿਰਨ ਦੀ ਇਜਾਜ਼ਤ ਨਹੀਂ ਹੈ। ਇਸ ਕਾਰਨ ਕੈਪਿੰਗ ਵਰਗੀਆਂ ਗਤੀਵਿਧੀਆਂ ਵਰਜਿਤ ਹਨ। 1 ਜੂਨ ਤੋਂ ਛੁੱਟੀ ਵਾਲੇ ਘਰ ਜਾਂ ਨਿਜੀ ਨਿਵਾਸ ਵਿੱਚ ਰਹਿ ਸਕਦੇ ਹੋ। ਸੈਲਾਨੀ ਰਿਹਾਇਸ਼ ਵਿੱਚ ਠਹਿਰ ਸਕਦੇ ਹੋ, ਜਿਸ ਵਿੱਚ ਕੇਰਾਵੈਨ ਪਾਰਕ ਅਤੇ ਕੈਂਪਿੰਗ ਗਰਾਉਂਡ ਸ਼ਾਮਿਲ ਹਨ ਜਿਥੇ ਸਾਂਝੀਆਂ ਭਾਈਚਾਰਕ ਸਹੂਲਤਾਂ ਨਹੀਂ ਹਨ। ਸੂਬੇ ਵਿੱਚ ਸਕੂਲ ਪਹਿਲਾਂ ਹੀ 26 ਮਈ ਤੋਂ ਪ੍ਰੈਪ, ਪਹਿਲੀ, ਦੂਜੀ ਅਤੇ ਗਿਆਹਰਵੀਂ-ਬਾਹਰਵੀਂ ਦੀਆਂ ਕਲਾਸਾਂ ਨਾਲ ਦੁਬਾਰਾ ਸ਼ੁਰੂ ਹੋ ਚੁੱਕੇ ਹਨ। ਮੰਗਲਵਾਰ 9 ਜੂਨ ਤੋਂ ਬਾਕੀ ਵਿਦਿਆਰਥੀ (ਤੀਜੀ ਤੋਂ ਦਸਵੀਂ ਜਮਾਤ ) ਵੀ ਸਕੂਲਾਂ ‘ਚ ਵਾਪਸ ਪਰਤ ਆਉਣਗੇ। 

ਸੂਬਾ ਨਿਊ ਸਾਊਥ ਵੇਲਜ਼ ਦੀਆਂ ਢਿੱਲਾਂ ਅਧੀਨ ਘਰ ਵਿੱਚ ਪੰਜ ਮਹਿਮਾਨਾਂ ਦੀ ਇਜਾਜ਼ਤ ਹੋਵੇਗੀ ਅਤੇ ਘਰ ਤੋਂ ਬਾਹਰ 10 ਲੋਕਾਂ ਦਾ ਇਕੱਠ ਹੋ ਸਕਦਾ ਹੈ। ਵਿਆਹ ਵਿੱਚ 10 ਲੋਕ ਸ਼ਾਮਲ ਹੋ ਸਕਦੇ ਹਨ। ਇਨਡੋਰ ਸੰਸਕਾਰਾਂ ਵਿੱਚ 20 ਲੋਕ ਅਤੇ ਬਾਹਰੀ ਸੰਸਕਾਰਾਂ ਵਿੱਚ 30 ਲੋਕਾਂ ਦੇ ਸ਼ਾਮਿਲ ਹੋਣ ਦੀ ਆਗਿਆ ਹੋਵੇਗੀ। ਧਾਰਮਿਕ ਇਕੱਠਾਂ ਲਈ 10 ਲੋਕਾਂ ਦੀ ਸੀਮਾ ਰੱਖੀ ਗਈ ਹੈ। ਕਾਰੋਬਾਰ ਅਤੇ ਮਨੋਰੰਜਨ ਖੇਤਰ ਵਿੱਚ ਕੈਫੇ ਅਤੇ ਰੈਸਟੋਰੈਂਟਾਂ ਵਿੱਚ ਇੱਕ ਸਮੇਂ ਸਿਰਫ 10 ਲੋਕ ਹੀ ਇਕੱਠੇ ਬੈਠ ਸਕਦੇ ਹਨ। ਨਾਲ ਹੀ ਹਰੇਕ ਵਿਅਕਤੀ ਚਾਰ ਵਰਗ ਮੀਟਰ ਦੂਰੀ ਦਾ ਪਾਲਣ ਵੀ ਕਰੇਗਾ। ਬਾਹਰੀ ਤਲਾਅ ਪਾਬੰਦੀਆਂ ਨਾਲ਼ ਹੀ ਖੁਲਣਗੇ। ਐਨ ਐਸ ਡਬਲਯੂ ਦੇ ਅਜਾਇਬ ਘਰ, ਗੈਲਰੀਆਂ ਅਤੇ ਲਾਇਬ੍ਰੇਰੀਆਂ ਨੂੰ 1 ਜੂਨ ਤੋਂ ਕੋਵਿਡ-19 ਦੀਆਂ ਸ਼ਰਤਾਂ ਨਾਲ ਮੁੜ ਖੁੱਲ ਚੁੱਕੀਆਂ ਹਨ। ਸੂਬਾ ਸਰਕਾਰ ਨੂੰ ਲੋਕਾਂ ਤੋਂ ਉਮੀਦ ਹੈ ਕਿ ਉਹ ਘਰ ਤੋਂ ਕੰਮ ਕਰਦੇ ਰਹਿਣ ਅਤੇ ਜਿਥੇ ਸੰਭਵ ਹੋਵੇ ਰਾਜ ਦੇ ਜਨਤਕ ਆਵਾਜਾਈ ਨੈਟਵਰਕ ਨੂੰ ਭੀੜ-ਭੜੱਕੇ ਤੋਂ ਬਚਾਉਣ। ਸੂਬੇ ‘ਚ ਯਾਤਰਾ ਨਿਯਮਾਂ ਵਿੱਚ 1 ਜੂਨ ਤੋਂ ਐਨ ਐਸ ਡਬਲਯੂ ਦੇ ਵਸਨੀਕ ਸੂਬੇ ਦੇ ਅੰਦਰ ਕਿਤੇ ਵੀ ਛੁੱਟੀਆਂ ਬਿਤਾ ਸਕਣਗੇ। ਅੰਤਰ-ਰਾਜੀ ਯਾਤਰੀ ਛੁੱਟੀਆਂ ਬਿਤਾਓਣ ਲਈ ਐਨ ਐਸ ਡਬਲਯੂ ਆਉਣ ਦੇ ਯੋਗ ਹੋਣਗੇ ਪਰ ਵਾਪਸ ਆਉਣ ਵੇਲੇ ਉਨ੍ਹਾਂ ਨੂੰ ਆਪਣੇ ਗ੍ਰਹਿ ਰਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਏਗੀ। ਬਹੁਤ ਸਾਰੇ ਕੈਰਾਵੈਨ ਪਾਰਕ ਅਤੇ ਕੈਂਪਿੰਗ ਮੈਦਾਨ 1 ਜੂਨ ਤੋਂ ਖੁੱਲ੍ਹ ਚੁੱਕੇ ਹਨ। ਪਰ ਜੋ ਯਾਤਰੀ ਰਾਸ਼ਟਰੀ ਪਾਰਕਾਂ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹਨ, ਉਨ੍ਹਾਂ ਨੂੰ ਵਧੇਰੇ ਜਾਣਕਾਰੀ ਲਈ www.nationalparks.nsw.gov.au ‘ਤੇ ਅਗੇਤੀ ਪੜਤਾਲ ਕਰਨੀ ਚਾਹੀਦੀ ਹੈ। ਗੌਰਤਲਬ ਹੈ ਕਿ ਐੱਨਐੱਸਡਬਲਯੂ ਦੇ ਵਿਦਿਆਰਥੀ ਸੋਮਵਾਰ 25 ਮਈ 2020 ਤੋਂ ਆਪਣੀਆਂ ਜਮਾਤਾਂ ਵਿੱਚ ਵਾਪਸ ਆ ਗਏ ਹਨ।

ਸਾਊਥ ਆਸਟ੍ਰੇਲੀਆ ਵਿੱਚ ਇਕੱਠਾਂ ਉੱਤੇ ਪਾਬੰਦੀਆਂ ਬਾਬਤ ਢਿੱਲਾਂ ‘ਚ ਹੁਣ 10 ਲੋਕ ਘਰਾਂ ਵਿੱਚ ਅਤੇ ਬਾਹਰ ਇਕੱਠੇ ਹੋ ਸਕਦੇ ਹਨ। ਵਿਆਹਾਂ ਅਤੇ ਧਾਰਮਿਕ ਸਮਾਗਮਾਂ ਵਿੱਚ 10 ਲੋਕਾਂ ਦੇ ਇਕੱਠ ਨੂੰ ਆਗਿਆ ਹੈ। 1 ਜੂਨ ਤੋਂ 50 ਲੋਕਾਂ ਨੂੰ ਸੰਸਕਾਰ ‘ਤੇ ਜਾਣ ਦੀ ਆਗਿਆ ਮਿਲ ਚੁੱਕੀ ਹੈ। ਕਾਰੋਬਾਰ ਅਤੇ ਮਨੋਰੰਜਨ ਖੇਤਰਾਂ ਅਧੀਨ ਰੈਸਟੋਰੈਂਟਾਂ ਅਤੇ ਕੈਫਿਆਂ ਵਿੱਚ ਜਾ ਕੇ ਭੋਜਨ ਕਰਨ ਦੀ ਆਗਿਆ ਹੈ। ਇਸ ਸਮੇਂ ਕੈਫੇ ਅਤੇ ਰੈਸਟੋਰੈਂਟਾਂ ਦੇ ਅੰਦਰ ਖਾਣਾ ਖਾਣ ਵਾਲਿਆਂ ਦੀ ਵੱਧ ਤੋਂ ਵੱਧ ਗਿਣਤੀ 10 ਰਹੇਗੀ ਅਤੇ ਸ਼ਰਾਬ ਵੀ ਪਿਲਾਈ ਜਾ ਸਕੇਗੀ। ਲਾਇਬ੍ਰੇਰੀਆਂ ਅਤੇ ਪੂਲ ਬੰਦਸ਼ਾਂ ਅਧੀਨ ਖੁੱਲ੍ਹੇ ਹਨ। ਖੇਡ ਦੇ ਮੈਦਾਨ, ਪ੍ਰਚੂਨ ਕਾਰੋਬਾਰ, ਕੈਂਪਾਂ ਦੇ ਮੈਦਾਨ ਅਤੇ ਕਾਫਲੇ ਵਾਲੇ ਪਾਰਕ ਖੋਲ੍ਹਣ ਦੀ ਆਗਿਆ ਹੈ। ਲੋਕਾਂ ਨੂੰ ਸਾਊਥ ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿਚਲੀ ਯਾਤਰਾ ਦੀ ਵੀ ਆਗਿਆ ਹੈ। ਸਾਊਥ ਆਸਟ੍ਰੇਲੀਆ ਦੇ ਸਕੂਲ ਦੂਜੀ ਟਰਮ ਤੋਂ ਖੁੱਲ੍ਹੇ ਹੋਏ ਹਨ ਅਤੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਵਾਪਸ ਆਉਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ।

ਵੈਸਟਰਨ ਆਸਟ੍ਰੇਲੀਆ ‘ਚ ਇਕੱਠਾਂ ‘ਤੇ ਪਾਬੰਦੀਆਂ ਅਧੀਨ 20 ਲੋਕਾਂ ਨੂੰ ਅੰਦਰਲੇ ਅਤੇ ਬਾਹਰਲੇ ਇਕੱਠਾਂ ਦੀ ਆਗਿਆ ਹੈ।

ਹਰੇਕ ਵਿਅਕਤੀ ਚਾਰ ਵਰਗ ਮੀਟਰ ਦੂਰੀ ਸੀਮਾ ਦੀ ਪਾਲਣਾ ਕਰੇਗਾ। ਅੰਦਰੂਨੀ ਵਿਆਹ ਅਤੇ ਸੰਸਕਾਰ 20 ਲੋਕਾਂ ਤੱਕ ਅਤੇ ਬਾਹਰਲੇ 30 ਲੋਕਾਂ ਤੱਕ ਸੀਮਤ ਰਹਿਣਗੇ। ਕੈਫੇ ਅਤੇ ਰੈਸਟੋਰੈਂਟਾਂ ਵਿੱਚ 20 ਗਾਹਕਾਂ ਦੀ ਇਜਾਜ਼ਤ ਹੈ। ਗੈਰ-ਸੰਪਰਕ ਖੇਡਾਂ, ਤੰਦਰੁਸਤੀ ਕਲਾਸਾਂ ਅਤੇ ਜਨਤਕ ਸਵਿਮਿੰਗ ਪੂਲਾਂ ਵਿੱਚ 20 ਲੋਕਾਂ ਦੀ ਆਗਿਆ ਹੈ। ਕਾਰੋਬਾਰਾਂ ਲਈ ਆਪਣੇ ਮੁਲਾਜ਼ਿਮਾਂ ਅਤੇ ਗਾਹਕਾਂ ਦੀ ਸੁਰੱਖਿਆ ਲਈ ਕੋਵਿਡ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ। ਇਸਦੇ ਨਾਲ, ਉਨ੍ਹਾਂ ਨੂੰ ਆਪਣੇ ਮੁਲਾਜ਼ਿਮਾਂ ਅਤੇ ਗਾਹਕਾਂ ਦੀ ਸੁਰੱਖਿਆ ਲਈ ਇੱਕ ਕੋਵਿਡ ਸੁਰੱਖਿਆ ਯੋਜਨਾ ਵੀ ਤਿਆਰ ਕਰਨੀ ਪਵੇਗੀ।ਧਾਰਮਿਕ ਅਸਥਾਨਾਂ, ਸਮਾਜਿਕ ਸਹੂਲਤ ਕੇਂਦਰਾਂ ਅਤੇ ਲਾਇਬ੍ਰੇਰੀਆਂ ਨੂੰ ਦੁਬਾਰਾ ਖੋਲ੍ਹਣ ਦੀ ਆਗਿਆ ਹੈ। ਵੈਸਟਰਨ ਆਸਟਰੇਲੀਆ ਦੇ ਲੋਕਾਂ ਨੂੰ ਕੰਮ ਤੇ ਵਾਪਸ ਜਾਣ ਲਈ ਉਤਸ਼ਾਹਤ ਕੀਤਾ ਜਾ ਰਿਹਾ  ਹੈ, ਬਸ਼ਰਤੇ ਉਹ ਬਿਮਾਰ ਜਾਂ ਕਮਜ਼ੋਰ ਨਾ ਹੋਣ। ਵੈਸਟਰਨ ਆਸਟ੍ਰੇਲੀਆ ਦੇ ਚਾਰ ਖੇਤਰਾਂ ਅੰਦਰ ਪਰਮਿਟ ਨਾਲ਼ ਯਾਤਰਾ ਦੀ ਆਗਿਆ ਹੈ। ਸ਼ੁੱਕਰਵਾਰ, 29 ਮਈ 2020 ਤੋਂ ਖੇਤਰੀ ਯਾਤਰਾ ਨੂੰ ਖੋਲ੍ਹ ਦਿੱਤਾ ਗਿਆ ਹੈ। ਪਰ ਸੰਘੀ ਸਰਕਾਰ ਦੇ ਬਾਇਓਸਿਕਿਓਰਿਟੀ ਜ਼ੋਨ, ਕਿਮਬਰਲੇ ਖੇਤਰ, ਈਸਟ ਪਿਲਬਾਰਾ ਦੇ ਕੁਝ ਹਿੱਸੇ ਅਤੇ ਤਕਰੀਬਨ 274 ਰਿਮੋਟ ਆਦਿਵਾਸੀ ਭਾਈਚਾਰਿਆਂ ਵਿੱਚ ਦਾਖਲੇ ‘ਤੇ ਪਾਬੰਦੀਆਂ ਲਾਗੂ ਰਹਿਣਗੀਆਂ। ਵੈਸਟਰਨ ਆਸਟ੍ਰੇਲੀਆ ਦੇ ਜਿਹੜੇ ਪਰਿਵਾਰ ਆਪਣੇ ਬੱਚਿਆਂ ਨੂੰ ਟਰਮ-2 ਵਿੱਚ ਸਕੂਲ ਭੇਜਣਾ ਚਾਹੁੰਦੇ ਹਨ, ਉਨ੍ਹਾਂ ਲਈ ਸਾਰੇ ਸਕੂਲ ਖੁਲ੍ਹ ਚੁੱਕੇ ਹਨ। ਉਹਨਾਂ ਵਿਦਿਆਰਥੀਆਂ ਲਈ ਜੋ ਘਰ ਤੋਂ ਸਿਖਿਆ ਪ੍ਰਾਪਤ ਕਰਦੇ ਹਨ, ਡਿਸਟੈਂਸ ਐਜੂਕੇਸ਼ਨ ਸਰੋਤ ਪ੍ਰਦਾਨ ਕੀਤੇ ਗਏ ਹਨ।

ਤਸਮਾਨੀਆ ਸੂਬੇ ਵਿੱਚ ਢਿੱਲਾਂ ਅਧੀਨ ਪੰਜ ਲੋਕਾਂ ਨੂੰ ਘਰਾਂ ਅੰਦਰਲੇ ਇਕੱਠ ਲਈ ਆਗਿਆ ਹੈ। 10 ਲੋਕਾਂ ਨੂੰ ਬਾਹਰਲੇ ਅਤੇ ਅੰਦਰੂਨੀ ਇਕੱਠਾਂ ਦੀ ਆਗਿਆ ਹੈ। ਹਰੇਕ ਵਿਅਕਤੀ ਲਈ ਚਾਰ ਵਰਗ ਮੀਟਰ ਨਿਯਮ ਲਾਗੂ ਰਹੇਗਾ। 30 ਲੋਕਾਂ ਨੂੰ ਬਾਹਰੀ ਸੰਸਕਾਰ ਦੀ ਆਗਿਆ ਹੈ। ਕੈਫੇ ਅਤੇ ਰੈਸਟੋਰੈਂਟਾਂ ਵਿੱਚ 10 ਗਾਹਕਾਂ ਦੀ ਆਗਿਆ ਹੈ। ਲਾਇਬ੍ਰੇਰੀਆਂ, ਖੇਡ ਦੇ ਮੈਦਾਨਾਂ, ਤਲਾਅ, ਬੂਟ-ਕੈਂਪਾਂ ਵਿੱਚ 10 ਲੋਕਾਂ ਦੀ ਆਗਿਆ ਹੋਵੇਗੀ।

ਯਾਤਰਾ ਪਾਬੰਦੀਆ ਅਧੀਨ 10 ਦਿਨਾਂ ਦੀ ਇਕੱਲਤਾ ਲਾਗੂ ਰਹੇਗੀ। ਪਰ ਲੋਕ ਆਪਣੇ ਘਰਾਂ ਵਿੱਚ ਇਕਲੱਤਾ ਧਾਰਨ ਕਰ ਸਕਦੇ ਹਨ। 25 ਮਈ ਤੋਂ ਸੂਬਾ ਸਰਕਾਰ ਨੇ ਸਕੂਲਾਂ ਦੀ ਵਾਪਸੀ ਨੂੰ ਪੜਾਵਾਂ ਵਿੱਚ ਲਾਗੂ ਕਰਦੇ ਹੋਏ ਪ੍ਰਾਈਮਰੀ ਅਤੇ 11ਵੀਂ-12ਵੀਂ ਦੇ ਵਿਦਿਆਰਥੀਆਂ ਨੂੰ ਵਾਪਸੀ ਦੇ ਆਦੇਸ਼ ਦਿੱਤੇ ਹੋਏ ਹਨ ਅਤੇ ਸੱਤਵੀਂ ਤੋਂ ਦਸਵੀਂ ਜਮਾਤ ਦੇ ਵਿਦਿਆਰਥੀ ਹੁਣ 9 ਜੂਨ ਤੋਂ ਵਾਪਸੀ ਕਰਨਗੇ। 

ਨਾਰਦਰਨ ਟੈਰੇਟੋਰੀ ਵਿੱਚ ਲੋਕਾਂ ਨੂੰ 1.5 ਮੀਟਰ ਦੂਰੀ ਦੇ ਨਿਯਮ ਦੀ ਪਾਲਣਾ ਕਰਦੇ ਹੋਏ ਇਕੱਠੇ ਹੋਣ ‘ਤੇ ਕੋਈ ਪਾਬੰਦੀ ਨਹੀਂ ਹੈ। ਵਿਆਹ ਅਤੇ ਸੰਸਕਾਰ, ਕਸਰਤ, ਬਾਹਰੀ ਇਕੱਠ, ਤੈਰਾਕੀ, ਮੱਛੀ ਫੜਨ ਅਤੇ ਕਿਸ਼ਤੀਆਂ ਚਲਾਉਣ ਦੀ ਆਗਿਆ ਹੈ। ਸਕੇਟ ਪਾਰਕ, ਤਲਾਅ, ਖੇਡ ਦੇ ਮੈਦਾਨ, ਬਾਹਰਲੇ ਜਿੰਮ ਖੋਲਣ ਦੀ ਆਗਿਆ ਹੈ। 15 ਮਈ ਤੋਂ ਕੈਫੇ, ਰੈਸਟੋਰੈਂਟ, ਬਾਰ, ਸਪੋਰਟਸ ਟ੍ਰੇਨਿੰਗ, ਇਨਡੋਰ ਮਾਰਕੇਟ, ਜਿੰਮ, ਲਾਇਬ੍ਰੇਰੀਆਂ, ਗੈਲਰੀਆਂ, ਅਤੇ ਅਜਾਇਬ ਘਰ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ। ਸੂਬਾ ਸਰਕਾਰ ਵੱਲੋਂ 5 ਜੂਨ ਤੋਂ ਲੱਗੀਆਂ ਪਾਬੰਦੀਆਂ ਨੂੰ ਹੋਰ ਸੌਖਿਆਂ ਕਰਨ ਹਿੱਤ ਟੈਬ ਸਮੇਤ ਸਾਰੀਆਂ ਲਾਇਸੰਸਸ਼ੁਦਾ ਗੇਮਿੰਗ ਗਤੀਵਿਧੀਆਂ ਨੂੰ ਚਾਲੂ ਕਰਨ ਦਾ ਪ੍ਰਸਤਾਵ ਹੈ। ਜਿਸ ਵਿੱਚ ਟੀਮ ਖੇਡਾਂ ਜਿਵੇਂ ਫੁੱਟਬਾਲ, ਬਾਸਕਟਬਾਲ, ਨੈੱਟਬਾਲ, ਸਿਨੇਮਾ ਜਾਂ ਥੀਏਟਰ, ਸਮਾਰੋਹ ਹਾਲ, ਸੰਗੀਤ ਹਾਲ, ਡਾਂਸ ਹਾਲ, ਨਾਈਟ ਕਲੱਬ, ਬਿਨਾਂ ਖਾਣ-ਪੀਣ ਦੇ ਬਾਰ ਵਿੱਚ ਜਾਣਾ ਵੀ ਸ਼ਾਮਿਲ ਹੈ। ਬਿਊਟੀ ਥੈਰੇਪੀ, ਕਾਸਮੈਟਿਕ ਸੇਵਾਵਾਂ, ਟੈਟੂ ਬਣਾਉਣ ਜਾਂ ਬੋਡੀ ਆਰਟ ਅਤੇ ਸਰੀਰ ਵਿੰਨ੍ਹਣ ਵਾਲੀਆਂ ਸੇਵਾਵਾਂ, ਮਨੋਰੰਜਨ ਪਾਰਕ, ਕਮਿਊਨਿਟੀ ਸੈਂਟਰ, ਮਨੋਰੰਜਨ ਕੇਂਦਰ ਜਾਂ ਖੇਡ ਕੇਂਦਰ ‘ਤੇ ਪਿਛਲੀਆਂ ਸਾਰੀਆਂ ਪਾਬੰਦੀਆਂ ਵਿਚ ਢਿੱਲ ਵੀ ਵਿਚਾਰ ਅਧੀਨ ਹੈ। ਸੂਬੇ ਵਿੱਚ ਬੈਠਣ ਦੀ ਪ੍ਰਵਾਨਿਤ ਯੋਜਨਾ ਤਹਿਤ ਦਰਸ਼ਕਾਂ ਨਾਲ਼ ਕਮਿਊਨਿਟੀ ਅਤੇ ਖੇਡ ਪ੍ਰਤੀਯੋਗਤਾਵਾਂ ਵਿੱਚ ਭਾਗ ਲੈਣਾ ਜੇ 500 ਤੋਂ ਵੱਧ ਵਿਅਕਤੀਆਂ ਦਾ ਇਕੱਠ ਹੋਵੇ ਤਾਂ ਵੱਖਰੇ ਤੌਰ ‘ਤੇ ਮਨਜ਼ੂਰ ਕੀਤੀ ਗਈ ਕੋਵਿਡ -19 ਸੁਰੱਖਿਆ ਯੋਜਨਾ ਦੀ ਲੋੜ ਹੋਵੇਗੀ। ਸਾਰੇ ਕਾਰੋਬਾਰ, ਸਹੂਲਤਾਂ ਅਤੇ ਸੇਵਾਵਾਂ ਜੋ ਪਹਿਲਾਂ ਪਾਬੰਧੀਸ਼ੁਦਾ ਸਨ ਹੁਣ ਫਿਰ ਤੋਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਵੱਡੇ ਸਮਾਗਮਾਂ ਨੂੰ ਕੇਸ ਦਰ ਕੇਸ ਅਧਾਰ ‘ਤੇ ਮਨਜ਼ੂਰੀ ਦਿੱਤੀ ਜਾਵੇਗੀ। ਵਿੱਦਿਅਕ ਅਦਾਰੇ 20 ਮਈ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ। 

ਪਰ ਅਗਰ ਪਰਿਵਾਰ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਣ ਦੀ ਚੋਣ ਕਰਦੇ ਹਨ, ਉਹਨਾਂ ਨੂੰ ਘਰਾਂ ਤੋਂ ਸਿੱਖਣਾ ਲਾਜ਼ਮੀ ਹੋਵੇਗਾ।

ਆਸਟ੍ਰੇਲੀਅਨ ਕੈਪੀਟਲ ਟੈਰੇਟੋਰੀ(ਕੈਨਬਰਾ) ਅਧੀਨ ਅੰਦਰੂਨੀ ਅਤੇ ਬਾਹਰੀ ਇਕੱਠਾਂ ਵਿੱਚ ਸਰੀਰਕ ਦੂਰੀ ਨਿਯਮ ਲਾਗੂ ਰਹੇਗਾ। ਬਾਹਰੀ ਤੰਦਰੁਸਤੀ ਦੀਆਂ ਕਲਾਸਾਂ, ਖੁੱਲੇ ਮਕਾਨ ਅਤੇ ਨਿਲਾਮੀ 10 ਲੋਕਾਂ ਤੱਕ ਸੀਮਤ ਰਹਿਣਗੇ। 30 ਮਈ 2020 ਤੋਂ ਇਨਡੋਰ ਸਪੋਰਟਸ, ਜਿੰਮ, ਫਿਟਨੈਸ ਸੈਂਟਰਾਂ ਅਤੇ ਬਿਊਟੀ ਪਾਰਲਰਾਂ ‘ਤੇ ਪਾਬੰਦੀਆਂ ਵਿੱਚ ਢਿੱਲ ਹੈ ਪਰ ਇਸ ਲਈ ਕੋਵਿਡ ਸੇਫ਼ ਯੋਜਨਾ ਤਹਿਤ ਕੰਮ ਕਰਨਾ ਜਰੂਰੀ ਹੋਵੇਗਾ। ਜਨਤਕ ਥਾਵਾਂ, ਗੈਲਰੀਆਂ, ਅਜਾਇਬ ਘਰ, ਕੈਂਪ ਦੇ ਮੈਦਾਨ ਤੇ ਸਮਾਜਿਕ ਖੇਡ ਸਮੂਹਾਂ ਨੂੰ 20 ਤੱਕ ਦੀ ਗਿਣਤੀ ਵਿੱਚ ਇਕੱਠੇ ਹੋਣ ਦੀ ਆਗਿਆ ਦਿੱਤੀ ਗਈ ਹੈ। ਵਿਆਹ, ਸੰਸਕਾਰ ਅਤੇ ਧਾਰਮਿਕ ਸੇਵਾਵਾਂ ਵਿੱਚ 50 ਲੋਕਾਂ ਦੀ ਸ਼ਮੂਲੀਅਤ ਦੀ ਮੰਨਜ਼ੂਰੀ ਮਿਲ ਚੁੱਕੀ ਹੈ। 30 ਮਈ ਤੋਂ ਹੀ ਕੈਨਬਰਾ ਵਿਚਲੇ ਕਾਰੋਬਾਰ 80 ਵਰਗ ਮੀਟਰ ਤੱਕ ਦੇ ਘੇਰੇ ਵਿੱਚ 20 ਲੋਕਾਂ ਦੇ ਆਉਣ ਦੀ ਆਗਿਆ ਹੈ। ਬਹੁਤੇ ਕਮਰਿਆਂ ਵਾਲੇ ਵੱਡੇ ਸਥਾਨ ਵਧੇਰੇ ਆਗਿਆ ਦੇਣ ਦੇ ਯੋਗ ਹੋਣਗੇ ਅਤੇ ਇਹਨਾਂ ਵਿੱਚੋਂ ਕੁਝ ਨੂੰ 200 ਤੱਕ ਦੇ ਇਕੱਠ ਦੀ ਆਗਿਆ ਹੋਵੇਗੀ। ਕੈਨਬਰਾ ਵਿੱਚ ਯਾਤਰਾ ਨਿਯਮਾਂ ਅਧੀਨ 1 ਜੂਨ 2020 ਤੋਂ ਕੈਨਬਰਾ ਨਿਵਾਸੀ ਛੁੱਟੀਆਂ ਕੱਟਣ ਲਈ ਐਨਐਸਡਬਲਯੂ ਆ ਸਕਣਗੇ। ਗੌਰਤਲਬ ਹੈ ਕਿ ਪਬਲਿਕ ਸਕੂਲਾਂ ਵਿੱਚ ਸੋਮਵਾਰ 18 ਮਈ ਤੋਂ ਮੰਗਲਵਾਰ 2 ਜੂਨ ਤੱਕ ਪੜਾਵਾਂ ਵਿੱਚ ਕੈਂਪਸ ਦੇ ਅੰਦਰ ਸਿਖਲਾਈ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਹੈ। ਵਧੇਰੇ ਜਾਣਕਾਰੀ ਲਈ – https://www.covid19.act.gov.au/updates ਲਿੰਕ ‘ਤੇ ਜਾਇਆ ਜਾ ਸਕਦਾ ਹੈ। 

ਦੱਸਣਯੋਗ ਹੈ ਕਿ ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ। ਸੰਘੀ ਸਰਕਾਰ ਨੇ ਪਹਿਲਾਂ ਹੀ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੀੰ ਡਾਊਨਲੋਡ ਕਰਨ ਲਈ ਤਾਕੀਦ ਕੀਤੀ ਹੈ।

Install Punjabi Akhbar App

Install
×